ਆਰ.ਬੀ.ਐੱਸ.ਕੇ. ਸਕੀਮ ਤਹਿਤ ਲੋੜਵੰਦ ਬੱਚਿਆਂ ਦਾ ਕਰਵਾਇਆ ਮੁਫ਼ਤ ਇਲਾਜ
ਅਸ਼ੋਕ ਵਰਮਾ
ਬਠਿੰਡਾ, 13 ਨਵੰਬਰ 2025 : ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ (ਆਰ.ਬੀ.ਐਸ.ਕੇ.) ਸਕੀਮ, ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਵਿੱਚ ਵਰਦਾਨ ਸਾਬਤ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਦੱਸਿਆ ਕਿ ਆਰ.ਬੀ.ਐਸ.ਕੇ. ਸਕੀਮ ਅਧੀਨ ਜਿਲ੍ਹੇ ਦੇ ਸੈਕੜੇ ਬੱਚਿਆਂ ਨੂੰ ਦਿਲ ਦੇ ਛੇਕ ਦਾ ਇਲਾਜ ਕਰਵਾਉਣ ਲਈ ਸੀ ਐਮ ਸੀ ਲੁਧਿਆਣਾ, ਡੀ ਐਮ ਸੀ ਲੁਧਿਆਣਾ, ਫੌਰਟਿਸ ਹਸਪਤਾਲ ਮੁਹਾਲੀ ਅਤੇ ਪੀ ਜੀ ਆਈ ਚੰਡੀਗੜ੍ਹ ਭੇਜਿਆ ਜਾ ਚੁੱਕਿਆ ਹੈ। ਜਿਨ੍ਹਾ ਦਾ ਇਲਾਜ ਇਸ ਪ੍ਰੋਗਰਾਮ ਅਧੀਨ ਬਿਲਕੁਲ ਮੁਫਤ ਹੋਇਆ ਹੇ। ਇਸ ਵਿੱਤੀ ਸਾਲ ਦੌਰਾਨ ਜ਼ਿਲ੍ਹਾ ਬਠਿੰਡਾ ਵਿੱਚ ਹੁਣ ਤੱਕ 15 ਬੱਚਿਆਂ ਨੂੰ ਮੁਫਤ ਇਲਾਜ ਲਈ ਉਕਤ ਹਸਪਤਾਲਾ ਭੇਜਿਆ ਜਾ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2021—22 ਦੌਰਾਨ 39, 2022-23 ਵਿੱਚ 60, 2023-24 ਵਿੱਚ 28, 2024-25 ਵਿੱਚ 27 ਅਤੇ ਚਾਲੂ ਸਾਲ ਦੌਰਾਨ 15 ਬੱਚਿਆਂ ਨੂੰ ਦਿਲ ਦੇ ਛੇਕ ਦੇ ਇਲਾਜ ਲਈ ਭੇਜਿਆ ਜਾ ਚੁੱਕਿਆ ਹੈ।
ਸਿਵਲ ਸਰਜਨ ਨੇ ਕਿਹਾ ਕਿ ਇਸ ਸਕੀਮ ਅਧੀਨ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪੜ੍ਹਦੇ 0 ਤੋਂ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ 33 ਵੱਖ-ਵੱਖ ਬਿਮਾਰੀਆਂ ਜਿਵੇਂ ਜਮਾਂਦਰੂ ਨੁਕਸ, ਦਿਲ ਦੀਆਂ ਬਿਮਾਰੀਆਂ, ਨਿਊਰਲ ਟਿਊਬ ਡਿਫੈਕਟ, ਜਮਾਂਦਰੂ ਚਿੱਟਾ ਮੋਤੀਆ, ਜਮਾਂਦਰੂ ਬੋਲਾਪਣ, ਜਮਾਂਦਰੂ ਖੰਡੂ (ਬੁੱਲ ਕੱਟਿਆ ਹੋਇਆ), ਪੈਰਾਂ ਦਾ ਟੇਢਾ ਹੋਣਾ ਆਦਿ ਦੇ ਮੁਫ਼ਤ ਇਲਾਜ ਪੀ.ਜੀ.ਆਈ. ਚੰਡੀਗੜ੍ਹ, ਫ਼ੋਰਟਿਸ ਮੋਹਾਲੀ, ਸੀ.ਐਮ.ਸੀ. ਲੁਧਿਆਣਾ, ਡੀ.ਐਮ.ਸੀ. ਲੁਧਿਆਣਾ ਅਤੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਕਰਵਾਇਆ ਜਾਂਦਾ ਹੈ
ਇਸ ਸਕੀਮ ਤਹਿਤ ਨੋਡਲ ਅਫਸਰ ਡਾ. ਮਿਨਾਕਿਸੀ ਸਿੰਗਲਾ ਦੀ ਅਗਵਾਈ ਹੇਠ ਮੋਬਾਇਲ ਟੀਮਾਂ ਬਣਾਈਆਂ ਗਈਆਂ ਹਨ, ਜੋ ਸਕੂਲਾਂ ਵਿੱਚ ਸਲਾਨਾ ਇੱਕ ਵਾਰ ਅਤੇ ਆਂਗਣਵਾੜੀ ਸੈਂਟਰਾਂ ਦੋ ਵਾਰ ਜਾ ਕੇ ਬੱਚਿਆਂ ਦਾ ਚੈੱਕਅਪ ਅਤੇ ਲੋੜ ਪੈਣ ਤੇ ਢੁੱਕਵਾਂ ਇਲਾਜ ਵੀ ਕਰਵਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ 18 ਸਾਲ ਤੱਕ ਦੇ ਬੱਚੇ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਦਰਜ 6 ਹਫ਼ਤੇ ਤੋਂ 6 ਸਾਲ ਤੱਕ ਦੇ ਬੱਚੇ ਇਸ ਸਕੀਮ ਤਹਿਤ ਮੁਫ਼ਤ ਇਲਾਜ ਦੇ ਹੱਕਦਾਰ ਹਨ।ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰੋਹਿਤ ਜਿੰਦਲ, ਬੀ ਈ ਈ ਗਗਨਦੀਪ ਸਿੰਘ ਭੁੱਲਰ , ਮਨਫੂਲ ਸਿੰਘ ਆਰ ਬੀ ਐਸ ਕੇ ਕੁਆਰਡੀਨੇਟਰ ਹਾਜਰ ਸਨ।