ਬਿਜਲੀ ਨਿਗਮ 'ਚ ਭਰਤੀ ਹੋ ਰਹੇ ਸਹਾਇਕ ਲਾਈਨਮੈਨਾ ਨੂੰ ਨੇੜੇ ਦੇ ਸਟੇਸ਼ਨ ਦੇਣ ਲਈ ਏਟਕ ਵੱਲੋਂ ਚੀਫ ਇੰਜਨੀਅਰ ਨੂੰ ਮੰਗ ਪੱਤਰ
ਪਰਾਲੀ ਜਲਾਉਣ ਤੋਂ ਰੋਕਣ ਲਈ ਲਗਾਈਆਂ ਡਿਊਟੀਆਂ ਦੀ ਮੰਗ 'ਤੇ ਤੁਰੰਤ ਕੀਤਾ ਫੋਨ
ਲੁਧਿਆਣਾ , 13 ਨਵੰਬਰ 2025
ਰਵੀ ਜੱਖੂ
ਬਿਜਲੀ ਨਿਗਮ ਦੀ ਜੁਝਾਰੂ ਜਥੇਬੰਦੀ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦਾ ਵਫਦ ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਚੀਫ ਇੰਜਨੀਅਰ ਸ੍ਰ ਜਗਦੇਵ ਸਿੰਘ ਹਾਂਸ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਜਿਸ ਵਿੱਚ ਵਫਦ ਨੇ ਸੀ ਆਰ ਏ 312/25 ਤਹਿਤ ਭਰਤੀ ਹੋ ਰਹੇ ਸਹਾਇਕ ਲਾਈਨਮੈਨਾ ਨੂੰ ਰਿਹਾਇਸ਼ ਦੇ ਨੇੜੇ ਸਟੇਸ਼ਨ ਦੇਣ ਦੀ ਮੰਗ ਤੋਂ ਇਲਾਵਾ ਪਰਾਲੀ ਸਾੜਨ ਤੋਂ ਰੋਕਣ ਲਈ ਬਿਜਲੀ ਮੁਲਾਜਮਾਂ ਦੀਆਂ ਲਗਾਈਆਂ ਜਾ ਰਹੀਆਂ ਡਿਊਟੀਆਂ 'ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ। ਰਛਪਾਲ ਸਿੰਘ ਪਾਲੀ ਅਤੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਸਾਡੇ ਵੱਲੋਂ ਨਵੇਂ ਭਰਤੀ ਹੋ ਰਹੇ ਸਹਾਇਕ ਲਾਈਨਮੈਨਾ ਦੀ ਨਿਯੁਕਤੀ ਦੇ ਇੱਕ ਅਜਿਹੇ ਮੁੱਦੇ ਨੂੰ ਮੰਗ ਬਣਾਇਆ ਗਿਆ ਹੈ ਜਿਸਨੂੰ ਜੇਕਰ ਸਮਾਂ ਰਹਿੰਦਿਆ ਦੂਰ ਕਰ ਦਿੱਤਾ ਗਿਆ ਤਾਂ ਏਨ੍ਹਾ ਨਵੇਂ ਭਰਤੀ ਹੋਏ ਸਹਾਇਕ ਲਾਈਨਮੈਨਾ ਨੂੰ ਵੱਡਾ ਲਾਭ ਮਿਲ ਸਕਦਾ ਹੈ। ਦੋਵਾਂ ਆਗੂਆਂ ਨੇ ਦੱਸਿਆ ਕਿ ਕਈ ਸਾਥੀ ਖ਼ਾਸ ਕਰ ਸੇਵਕ ਮੁਕਤ ਫੌਜੀ ਆਪਣੀ ਰਿਹਾਇਸ਼ ਤੋਂ ਦੂਰ ਹਨ, ਜੇਕਰ ਉਹ ਆਪਣੀ ਰਿਹਾਇਸ਼ ਦੇ ਨੇੜੇ ਚਲੇ ਜਾਣ ਤਾਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ। ਸਾਡੇ ਵੱਲੋਂ ਚੀਫ ਇੰਜੀਨੀਅਰ ਸ੍ਰ ਜਗਦੇਵ ਸਿੰਘ ਹਾਂਸ ਨੂੰ ਦੱਸਿਆ ਗਿਆ ਕਿ ਰਿਹਾਇਸ਼ ਦੇ ਨੇੜੇ ਡਵੀਜਨਾਂ ਅਤੇ ਸਬ ਡਵੀਜਨਾਂ ਦੀ ਸਹੀ ਵੰਡ ਹੋਣ ਕਾਰਨ ਐਮਰਜੈਂਸੀ ਵੇਲੇ ਨੇੜੇ ਦੇ ਮੁਲਾਜਮ ਨੂੰ ਡਿਊਟੀ ਉੱਤੇ ਬੁਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ਤੋਂ ਰੋਕਣ ਲਈ ਬਿਜਲੀ ਮੁਲਾਜਮਾਂ ਦੀਆਂ ਲਗਾਈਆਂ ਡਿਊਟੀਆਂ ਬਾਰੇ ਉਨ੍ਹਾਂ ਤੁਰੰਤ ਫੋਨ ਕਰਕੇ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ। ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਵੱਲੋਂ ਲੁਧਿਆਣਾ ਨੂੰ ਜਿਆਦਾ ਸਹਾਇਕ ਲਾਈਨਮੈਨ ਦੇਣ ਦੀ ਮੰਗ ਵੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਚੀਫ ਇੰਜਨੀਅਰ ਸ੍ਰ ਹਾਂਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਮੁਲਾਜਮਾਂ ਦੇ ਹਿੱਤ ਵਿੱਚ ਮੇਰੇ ਵੱਲੋਂ ਪਹਿਲਾਂ ਵੀ ਕੰਮ ਕੀਤਾ ਗਿਆ ਅਤੇ ਦੋਵਾਂ ਮੁੱਦਿਆਂ ਉੱਤੇ ਹੁਣ ਵੀ ਕੀਤਾ ਜਾਵੇਗਾ। ਇਸ ਮੌਕੇ ਹਰਵਿੰਦਰ ਸਿੰਘ ਲਾਲੂ ਜੋਨ ਕੋ ਕਨਵੀਨਰ, ਸੋਬਨ ਸਿੰਘ ਠਾਕੁਰ ਸਰਕਲ ਸਰਪ੍ਰਸਤ, ਸਤੀਸ਼ ਭਾਰਦਵਾਜ ਜੋਨ ਇੰਚਾਰਜ, ਪ੍ਰਧਾਨ ਜਸਵਿੰਦਰ ਸਿੰਘ ਕਾਕਾ ਪ੍ਰਧਾਨ, ਜਸਵਿੰਦਰ ਸਿੰਘ ਧੂਰੀ, ਪ੍ਰਧਾਨ ਗੁਰਮੁਖ ਸਿੰਘ, ਬਲਕਾਰ ਸਿੰਘ, ਦੀਪਕ ਕੁਮਾਰ, ਰਾਮ ਵਿਲਾਸ, ਰਾਕੇਸ਼, ਕਰਤਾਰ ਸਿੰਘ, ਲਖਵੀਰ ਸਿੰਘ, ਪ੍ਰਿੰਸ ਕੁਮਾਰ ਅਤੇ ਹੋਰ ਹਾਜ਼ਰ ਸਨ।