ਸੀ. ਜੀ. ਸੀ. ਲਾਂਡਰਾਂ 'ਚ ਆਯੋਜਿਤ ਤਿੰਨ ਰੋਜ਼ਾ ਕੌਮਾਂਤਰੀ ਵਿਕੀਪੀਡੀਆ ਕਾਨਫਰੰਸ-2016 ਦੌਰਾਨ ਵਿਕੀਪੀਡੀਆ ਗਰਾਂਟਸ ਪ੍ਰੋਗਰਾਮ ਦੇ ਮੁਖੀ ਅਸਫ ਬਾਰਤੋਵਾ ਡੈਲੀਗੇਟਸ ਨੂੰ ਸੰਬੋਧਨ ਕਰਦੇ ਹੋਏ।
ਮੋਹਾਲੀ, 6 ਅਗਸਤ 2016 : ਸੀ. ਜੀ. ਸੀ. ਲਾਂਡਰਾਂ ਵਿਖੇ ਚੱਲ ਰਹੀ ਤਿੰਨ ਰੋਜ਼ਾ ਕੌਮਾਂਤਰੀ ਵਿਕੀਪੀਡੀਆ ਕਾਨਫਰੰਸ-2016 ਦੇ ਦੂਜੇ ਦਿਨ ਵਿਕੀਪੀਡੀਆ ਦੇ ਖੇਤਰੀ ਪੱਧਰ 'ਤੇ ਪਸਾਰ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ, ਵਿਕੀਪੀਡੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦੀਆਂ ਬਾਰੀਕੀਆਂ ਤੋਂ ਖੇਤਰੀ ਭਾਸ਼ਾਵਾਂ ਦੇ ਸੰਪਾਦਕਾਂ ਨੂੰ ਜਾਣੂੰ ਕਰਵਾਉਣ ਅਤੇ ਵੱਖ-ਵੱਖ ਖੇਤਰੀ ਵਿਕੀਪੀਡੀਆ ਵੈੱਬਸਾਈਟਾਂ ਦੇ ਵਿਕਾਸ ਆਦਿ ਮੁੱਦਿਆਂ ਦੇ ਨਾਂਅ ਰਿਹਾ। ਅੰਤਰਰਾਸ਼ਟਰੀ ਪੱਧਰ 'ਤੇ ਵੱਡੇ ਮਹੱਤਵ ਵਾਲੀ ਇਸ ਕਾਨਫਰੰਸ ਦੇ ਦੂਜੇ ਦਿਨ ਆਯੋਜਿਤ ਵੱਖ-ਵੱਖ ਤਕਨੀਕੀ ਸ਼ੈਸ਼ਨਾਂ ਦੌਰਾਨ ਵਿਕੀਮੀਡੀਆ ਨਾਲ ਸਬੰਧਤ ਉੱਘੇ ਮਾਹਿਰਾਂ ਵੱਲੋਂ ਜਿੱਥੇ ਵਿਕੀਪੀਡੀਆ ਅਤੇ ਗੂਗਲ ਦੇ ਆਪਸੀ ਸਬੰਧਾਂ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ ਗਈ ਉੱਥੇ ਹੀ ਬੰਗਾਲੀ, ਕੰਨੜ, ਮਰਾਠੀ ਅਤੇ ਪੰਜਾਬੀ ਵਿਕੀਪੀਡੀਆ ਦੇ ਖੇਤਰ 'ਚ ਕੰਮ ਕਰ ਰਹੇ ਭਾਰਤੀ ਨੌਜਵਾਨਾਂ ਨੂੰ ਵਿਕੀਮੀਡੀਆ ਐਪਸ ਅਤੇ ਓਪਨ ਸੋਰਸ ਮੈਪਿੰਗ ਦੀਆਂ ਖ਼ੂਬੀਆਂ ਦੱਸ ਕੇ ਵਿਕੀਪੀਡੀਆ ਨੂੰ ਖੇਤਰੀ ਪੱਧਰ 'ਤੇ ਹੋਰ ਪ੍ਰਫੁੱਲਿਤ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਵਿਕੀਮੀਡੀਆ ਦੇ ਕੌਮਾਂਤਰੀ ਮਾਹਿਰ ਸ੍ਰੀ ਨਿਵਾਸਨ ਨੇ ਅੰਕੜਿਆਂ ਨੂੰ ਵਿਕੀਪੀਡੀਆ ਦੀ ਜਾਣਕਾਰੀ ਦਾ ਅਹਿਮ ਸਰੋਤ ਦੱਸਦੇ ਹੋਏ ਵਿਕੀਪੀਡੀਆ 'ਤੇ ਕੋਸ਼ਾਂ ਅਤੇ ਡਾਟੇ ਦੀ ਆਨਲਾਈਨ ਵਰਤੋਂ ਸਬੰਧੀ ਉੱਚ ਪੱਧਰੀ ਸਿਖਲਾਈ ਪ੍ਰਦਾਨ ਕੀਤੀ। ਉਨ•ਾਂ ਕਿਹਾ ਕਿ ਇਸਦੀ ਢੁੱਕਵੀਂ ਵਰਤੋਂ ਆਮ ਲੋਕਾਂ ਲਈ ਬੇਹੱਦ ਮੁੱਲਵਾਨ ਸਾਬਿਤ ਹੁੰਦੀ ਹੈ।
ਵਿਕੀਪੀਡੀਆ ਬਾਰੇ ਆਮ ਲੋਕਾਂ 'ਚ ਹੋਰ ਵਧੇਰੇ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਆਯੋਜਿਤ ਕੀਤੀ ਗਈ ਖੇਤਰੀ ਭਾਸ਼ਾਵਾਂ ਬਾਰੇ ਵਰਕਸ਼ਾਪ ਦੌਰਾਨ ਕੰਨੜ ਵਿਕੀਪੀਡੀਆ ਦੇ ਮਾਹਿਰ ਵਿਦਵਾਨਾਂ ਨੰਦਨੀ ਕੈਂਡਾਸੈਮੀ ਅਤੇ ਧਨਲਕਸ਼ਮੀ ਕੇ. ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਸਾਡਾ ਮੁੱਖ ਮੰਤਵ ਵਿਕੀਪੀਡੀਆ ਦੇ ਅਹਿਮੀਅਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ, ਦੂਜੇ ਪੜਾਅ 'ਤੇ ਉਨ•ਾਂ ਨੂੰ ਵਿਕੀਪੀਡੀਆ ਦੀਆਂ ਸਹੂਲਤਾਂ ਨਾਲ ਜੋੜਨਾ ਅਤੇ ਅੰਤਿਮ ਪੜਾਅ 'ਤੇ ਉਨ•ਾਂ ਨੂੰ ਇਸ 'ਚ ਭਾਗੀਦਾਰ ਬਨਾਉਣ ਲਈ ਉਨ•ਾਂ ਨੂੰ ਜਾਣਕਾਰੀਆਂ ਖ਼ੁਦ ਸੰਪਾਦਤ ਕਰਨਾ ਸਿਖਾਉਣਾ ਹੈ। ਵਿਕੀਪੀਡੀਆ ਗਰਾਂਟਸ ਪ੍ਰੋਗਰਾਮ ਅਤੇ ਦੱਖਣੀ ਸੰਸਾਰ ਨਾਲ ਭਾਈਵਾਲੀ ਕਾਇਮ ਕਰਨ ਵਾਲੇ ਵਿਭਾਗ ਦੇ ਮੁਖੀ ਅਸਫ ਬਾਰਤੋਵਾ ਨੇ ਵਿਕੀ ਡਾਟਾ ਬਾਰੇ ਗੱਲ ਕਰਦੇ ਹੋਏ ਆਖਿਆ ਕਿ ਵਿਕੀਪੀਡੀਆ 'ਤੇ ਅਪਲੋਡ ਕੀਤੇ ਜਾ ਰਹੇ ਡਾਟੇ ਨੂੰ ਮੰਗ ਅਤੇ ਪੂਰਤੀ ਦੇ ਤਹਿਤ ਤਰਕਸੰਗਤ ਬਨਾਉਣਾ ਇਸ ਨਾਲ ਜੁੜੇ ਸੰਪਾਦਕਾਂ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ। ਉਨ•ਾਂ ਕਿਹਾ ਕਿ ਵਿਸ਼ਵ ਭਰ ਦੇ ਮੀਡੀਆ ਜਗਤ ਵੱਲੋਂ ਵਿਕੀਪੀਡੀਆ ਦੇ ਡਾਟੇ ਦੀ ਮੁੱਢਲੇ ਸਰੋਤ ਵਜੋਂ ਕੀਤੀ ਜਾ ਰਹੀ ਭਰਪੂਰ ਵਰਤੋਂ ਸਾਡੇ ਵੱਲੋਂ ਅਪਲੋਡ ਕੀਤੀਆਂ ਜਾ ਰਹੀਆਂ ਜਾਣਕਾਰੀਆਂ ਦੀ ਭਰੋਸੇਯੋਗਤਾ ਦਾ ਪੁਖ਼ਤਾ ਸਬੂਤ ਪੇਸ਼ ਕਰਦੀ ਹੈ।
ਇਸ ਮੌਕੇ ਵਿਕੀਪੀਡੀਆ ਦੇ ਵਿਕਾਸ 'ਚ ਔਰਤ ਸੰਪਾਦਕਾਂ ਦੀ ਭੂਮਿਕਾ ਅਤੇ ਸੰਭਾਵਨਾਵਾਂ ਦੇ ਮੁੱਦੇ 'ਤੇ ਕਰਵਾਈ ਗਈ ਵਿਚਾਰ ਗੋਸ਼ਟੀ ਦੌਰਾਨ ਇਹ ਗੱਲ ਪ੍ਰਮੁੱਖ ਤੌਰ 'ਤੇ ਉੱਭਰ ਕੇ ਸਾਹਮਣੇ ਆਈ ਕਿ ਵਿਕੀਪੀਡੀਆ 'ਤੇ 90 ਫੀਸਦੀ ਡਾਟਾ ਪੁਰਸ਼ ਸੰਪਾਦਕਾਂ ਵੱਲੋਂ ਅਪਲੋਡ ਕੀਤਾ ਜਾ ਰਿਹਾ ਹੈ ਜਦਕਿ ਇਸਤਰੀ ਸੰਪਾਦਕਾਂ ਦਾ ਇਸ 'ਚ ਯੋਗਦਾਨ ਕੇਵਲ 10 ਫੀਸਦੀ ਤੱਕ ਹੀ ਸੀਮਿਤ ਹੈ। ਇਸ ਅੰਕੜੇ ਨੂੰ ਹੋਰ ਵਧਾਉਣ ਅਤੇ ਔਰਤ ਸੰਪਾਦਕਾਂ ਦੀ ਇਸ 'ਚ ਭਾਗੀਦਾਰੀ ਵਧਾਉਣ ਲਈ ਵਿਕੀਪੀਡੀਆ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਖੁਲਾਸੇ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਜ਼ਿਆਦਾਤਰ ਇਸਤਰੀ ਸੰਪਾਦਕ ਆਪਣੀ ਪਛਾਣ ਲੁਕਾਉਣ ਲਈ ਆਰੰਭਿਕ ਸ਼ਮੂਲੀਅਤ ਦੌਰਾਨ ਹੀ ਆਪਣਾ ਹੱਥ ਪਿੱਛੇ ਖਿੱਚ ਲੈਂਦੀਆਂ ਹਨ। ਭਾਵੇਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਕੀਪੀਡੀਆ ਵੱਲੋਂ ਕੇਵਲ ਇਸਤਰੀ ਸੰਪਾਦਕਾਂ ਤੋਂ ਹੀ ਡਾਟਾ ਅਪਲੋਡ ਕਰਵਾਉਣ ਜਿਹੇ ਉਸਾਰੂ ਕਦਮ ਚੁੱਕੇ ਜਾ ਰਹੇ ਹਨ, ਪਰ ਇਸ ਵੱਲ ਹੋਰ ਵਧੇਰੇ ਤਵੱਜੋ ਦੇਣ ਦੀ ਲੋੜ ਹੈ।
ਇਸ ਵਕਾਰੀ ਕਾਨਫਰੰਸ 'ਚ ਹਿੱਸਾ ਲੈਣ ਲਈ ਅਮਰੀਕਾ ਤੋਂ ਉਚੇਚੇ ਤੌਰ 'ਤੇ ਪੁੱਜੀ ਵਿਕੀਮੀਡੀਆ ਫਾਊਂਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਮੇਹਰ ਨੇ ਇਸ ਮੌਕੇ ਆਖਿਆ ਕਿ ਹੈਕਾਥੌਨ ਵਰਕਸ਼ਾਪ ਦੌਰਾਨ ਦੇਸ਼ ਦੇ ਆਈ. ਆਈ. ਟੀਜ਼. ਨਾਲ ਸਬੰਧਤ 30 ਉੱਚ ਕੋਟੀ ਦੇ ਮਾਹਿਰਾਂ ਵੱਲੋਂ 2 ਘੰਟਿਆਂ ਦੇ ਸੀਮਿਤ ਸਮੇਂ 'ਚ ਅਜਿਹੀ ਵਿਲੱਖਣ ਐਪ ਤਿਆਰ ਕੀਤੀ ਗਈ, ਜਿਸ ਰਾਹੀਂ ਕੋਸ਼ 'ਚ ਦਰਜ ਇੰਦਰਾਜਾਂ ਨੂੰ ਬੇਹੱਦ ਸੌਖੇ ਅਤੇ ਸਟੀਕ ਢੰਗ ਨਾਲ ਲੱਭਿਆ ਜਾ ਸਕਣਾ ਸੰਭਵ ਹੋ ਸਕੇਗਾ।