ਰਾਸ਼ਟਰੀ ਵੋਟਰ ਦਿਵਸ 'ਤੇ ਤਹਿਸੀਲਦਾਰ ਨੇ ਨੌਜਵਾਨਾਂ ਨੂੰ ਆਪਣੇ ਵੋਟ ਦਾ ਜ਼ਰੂਰੀ ਤੇ ਸਹੀ ਇਸਤੇਮਾਲ ਕਰਨ ਦੀ ਪ੍ਰਰੇਣਾ ਦਿੱਤੀ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 25 ਜਨਵਰੀ 2021: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਪ ਮੰਡਲ ਪੱਧਰੀ 11ਵਾਂ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਤਹਿਸੀਲਦਾਰ ਰਾਜਪਾਲ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ ਹੈ, ਇਸ ਲਈ ਜੇਕਰ ਕਿਸੇ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ, ਤਾਂ ਉਹ ਪਹਿਲ ਦੇ ਆਧਾਰ 'ਤੇ ਵੋਟ ਬਣਵਾਏ।
ਉਹਨਾਂ ਨੇ ਨੋਜਵਾਨਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸਫਲ ਲੋਕਤੰਤਰ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਭਾਰਤ ਦੇ ਭਵਿਖ ਦੇ ਵਾਰਸ ਹੋ ਇਸ ਲਈ ਤੁਹਾਨੂੰ ਆਪਣੇ ਵੋਟ ਦੀ ਵਰਤੋਂ ਬੜੇ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਵੋਟ ਦੇ ਹੱਕ ਦੀ ਵਰਤੋਂ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਇਕ ਵੋਟ ਨਾਲ ਕੀ ਫਰਕ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇਕ ਇਕ ਵੋਟ ਨਾਲ ਹੀ ਲੋਕਤੰਤਰ ਮਜ਼ਬੂਤ ਹੁੰਦਾ ਹੈ।
ਇਸ ਮਗਰੋਂ ਤਹਿਸੀਲਦਾਰ ਵੱਲੋਂ ਹਾਜਰ ਸਾਰੇ ਮੈਂਬਰਾਂ ਨੂੰ ਆਪਣੀਆਂ ਵੋਟਾਂ ਬਨਾਉਣ ਦੀ ਅਪੀਲ ਕੀਤੀ ਤੇ ਸਹੁੰ ਚੁਕਵਾਈ ਗਈ। ਇਸ ਮੋਕੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ, ਲੈਕਚਰਾਰ ਦਿਆ ਸਿੰਘ,ਤੇਜਿੰਦਰ ਸਿੰਘ, ਚੰਦਰ ਸੇਖਰ, ਸੰਦੀਪ ਕੁਮਾਰ, ਰਣਧੀਰ ਸਿੰਘ ਆਦਿ ਹਾਜ਼ਰ ਸਨ।