ਹਰਜਿੰਦਰ ਸਿੰਘ ਬਸਿਆਲਾ
- ਜੇਬ ਖਰਚਾ ਲਿਆਉਣਾ ਹੋਵੇਗਾ 20 ਹਜ਼ਾਰ ਡਾਲਰ ਅਤੇ ਕਰੋਨਾ ਏਕਾਂਤਵਾਸ ਵਾਲੀ ਫੀਸ ਵੱਖਰੀ
ਆਕਲੈਂਡ, 16 ਜਨਵਰੀ, 2020:-ਕਹਿੰਦੇ ਨੇ ਮਜਬੂਰੀਆਂ ਕਈ ਵਾਰ ਮਹਿੰਗੇ ਸਮਝੌਤੇ ਕਰਵਾ ਜਾਂਦੀਆਂ ਹਨ ਅਤੇ ਫਸੇ ਵਿਅਕਤੀ ਕੋਲ ਕੋਈ ਹੋਰ ਰਸਤਾ ਵੀ ਨਹੀਂ ਹੁੰਦਾ। ਵਿਦੇਸ਼ਾਂ ਦੇ ਵਿਚ ਪੜ੍ਹਨ ਜਾਣ ਵਾਲੇ ਜਾਂ ਜਿਨ੍ਹਾਂ ਦੀ ਕਿਸੇ ਕਾਰਨ ਵਿਚਾਲੇ ਹੀ ਫਸ ਕੇ ਰਹਿ ਗਈ ਦੇ ਨਾਲ ਅਜਿਹੀ ਮਜਬੂਰੀ ਬਹੁਤ ਕੁਝ ਕਰਵਾ ਰਹੀ ਹੈ। ਨਿਊਜ਼ੀਲੈਂਡ ਸਰਕਾਰ ਨੇ ਹੁਣ ਇਕ ਆਸ ਦੀ ਕਿਰਨ ਇਹ ਦਿੱਤੀ ਹੈ ਕਿ ਜਿਹੜੇ ਡਿਗਰੀ ਅਤੇ ਪੋਸਟ ਗ੍ਰੈਜੂਏਟ ਅੰਤਰਰਾਸ਼ਟਰੀ ਵਿਦਿਆਥੀਆਂ ਦੀ ਪੜ੍ਹਾਈ ਸੰਪੂਰਨ ਹੋਣ ਨੇੜੇ ਹੈ ਅਤੇ ਉਹ ਕਿਸੀ ਕਾਰਨ ਨਿਊਜ਼ੀਲੈਂਡ ਤੋਂ ਬਾਹਰ ਫਸੇ ਬੈਠੇ ਹਨ ਉਹ ਹੁਣ ਅਪ੍ਰੈਲ ਮਹੀਨੇ ਤੋਂ ਇਥੇ ਵਾਪਿਸ ਆਉਣ ਦੇ ਯੋਗ ਹੋ ਸਕਦੇ ਹਨ।
ਸਿਖਿਆ ਵਿਭਾਗ ਇਸ ਦੇ ਲਈ ਪੂਰਾ ਤਿਆਰੀ ਕਰ ਰਿਹਾ ਹੈ। ਸਿਖਿਆ ਸੰਸਥਾਨ ਇਸਦੇ ਵਿਚ ਸਾਰੇ ਸ਼ਾਮਿਲ ਕੀਤੇ ਜਾ ਰਹੇ ਹਨ ਚਾਹੇ ਉਹ ਯੂਨੀਵਰਸਿਟੀ ਹੋਵੇ ਜਾਂ ਪੌਲੀਟੇਕਨਿਕਸ ਇਥੋਂ ਤੱਕ ਕਿ ਪ੍ਰਾਈਵੇਟ ਅਦਾਰੇ ਵੀ ਸ਼ਾਮਿਲ ਹੋਣਗੇ। ਜਿਹੜੇ ਵਿਦਿਆਰਥੀਆਂ ਨੇ ਇਥੇ ਆਪਣੀ ਕੁਝ ਪੜ੍ਹਾਈ ਤਾਂ ਪੂਰੀ ਕਰ ਲਈ ਹੈ ਪਰ ਹੁਣ ਉਹ ਆਪਣੇ ਦੇਸ਼ ਗਏ ਹੋਣ ਕਰਕੇ ਵਾਪਿਸ ਨਹੀਂ ਆ ਸਕਦੇ ਕਿਉਂਕਿ ਕਰੋਨਾ ਕਰਕੇ ਉਨ੍ਹਾਂ ਦੀ ਐਂਟਰੀ ਅਜੇ ਬੰਦ ਕੀਤੀ ਹੋਈ ਹੈ।
ਵਿਦਿਆਰਥੀਆਂ ਨੂੰ ਨਵਾਂ ਵੀਜਾ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਥੇ ਆ ਕੇ ਆਪਣੇ ਖਰਚੇ ਉਤੇ 14 ਦਿਨ ਆਈਸੋਲੇਸ਼ਨ ਦੇ ਵਿਚ ਰਹਿਣਾ ਹੋਵੇਗਾ। ਉਨ੍ਹਾਂ ਨੂੰ 20,000 ਡਾਲਰ ਜੇਬ ਖਰਚ ਪ੍ਰਤੀ ਸਾਲ ਵੀ ਇਥੇ ਲਿਆਉਣਾ ਹੋਵੇਗਾ। ਜੀਵਨ ਸਾਥੀ ਅਤੇ ਬੱਚੇ ਇਸ ਵੀਜੇ ਦਾ ਫਾਇਦਾ ਉਠਾ ਸਕਣਗੇ। ਸਰਕਾਰ ਨੇ 1000 ਵਿਦਿਆਰਥੀਆਂ ਦੇ ਲਈ ਇਹ ਸਕੀਮ ਲਿਆਂਦੀ ਹੈ। ਅਪ੍ਰੈਲ ਮਹੀਨੇ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣਾ ਹੈ ਅਤੇ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੇਬ ਖਰਚ ਨਾਲ ਇਸਦੀ ਸ਼ੁਰੂਆਤ ਕਰ ਜਾਣੀ ਹੈ।