Punjab Breaking : ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, 10 ਦੋਸ਼ੀ ਗ੍ਰਿਫ਼ਤਾਰ, ਪੜ੍ਹੋ ਪੂਰੀ ਖ਼ਬਰ
Babushahi Bureau
ਲੁਧਿਆਣਾ, 13 ਨਵੰਬਰ 2025 : ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਰਾਜ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਰਚੀ ਗਈ ਇੱਕ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕੀਤਾ ਹੈ। ਪੁਲਿਸ ਦੀ ਸਮੇਂ-ਸਿਰ ਅਤੇ ਸੁਚਾਰੂ ਤਰੀਕੇ ਨਾਲ ਕੀਤੀ ਗਈ ਕਾਰਵਾਈ ਨਾਲ ਗ੍ਰਨੇਡ ਹਮਲੇ ਨੂੰ ਟਾਲਿਆ ਗਿਆ, ਜਿਸ ਨਾਲ ਅਣਗਿਣਤ ਬੇਗੁਨਾਹ ਜਾਨਾਂ ਬਚ ਗਈਆਂ।
ਇਸ ਮਾਮਲੇ ਵਿੱਚ ਦੱਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦੇ ਵਿਦੇਸ਼-ਅਧਾਰਿਤ ਹੈਂਡਲਰਾਂ, ਜਿਨ੍ਹਾਂ ਦੇ ਪਾਕਿਸਤਾਨ ਨਾਲ ਸੰਭਾਵਤ ਸੰਬੰਧ ਹਨ, ਦੀ ਤਲਾਸ਼ ਜਾਰੀ ਹੈ। ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਰੇਡ ਕਾਰਨਰ ਨੋਟਿਸ (RCNs) ਵਿਦੇਸ਼ ਵਿੱਚ ਬੈਠੇ ਦੋਸ਼ੀਆਂ ਖ਼ਿਲਾਫ਼ ਜਾਰੀ ਕੀਤੇ ਗਏ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਸਵਪਨ ਸ਼ਰਮਾ, ਆਈਪੀਐਸ, ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਦੱਸਿਆ ਕਿ ਵਿਸ਼ਵਾਸਯੋਗ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਲੁਧਿਆਣਾ ਪੁਲਿਸ ਨੇ ਮੁਕੱਦਮਾ ਨੰਬਰ 150 ਮਿਤੀ 27.10.2025 ਧਾਰਾ 3, 4, 5 ਐਕਸਪਲੋਸਿਵਜ਼ ਐਕਟ ਅਤੇ ਧਾਰਾ 113 ਭਾਰਤੀ ਨਿਆਂ ਸੰਹਿਤਾ (BNS) ਅਧੀਨ ਥਾਣਾ ਜੋਧੇਵਾਲ ਹੇਠ ਲਿਖੇ ਦੋਸ਼ੀਆਂ ਵਿਰੁੱਧ ਦਰਜ ਰਜਿਸਟਰ ਕੀਤਾ ਗਿਆ ਹੈ :-
1. ਕੁਲਦੀਪ ਸਿੰਘ, ਨਿਵਾਸੀ ਸ੍ਰੀ ਮੁਕਤਸਰ ਸਾਹਿਬ
2. ਸ਼ੇਖਰ ਸਿੰਘ, ਨਿਵਾਸੀ ਸ੍ਰੀ ਮੁਕਤਸਰ ਸਾਹਿਬ
3. ਅਜੈ ਸਿੰਘ @ ਅਜੈ, ਨਿਵਾਸੀ ਸ੍ਰੀ ਮੁਕਤਸਰ ਸਾਹਿਬ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਡੀ.ਸੀ.ਪੀ. (ਇੰਵੈਸਟੀਗੇਸ਼ਨ) ਅਤੇ ਡੀ.ਸੀ.ਪੀ. (ਸ਼ਹਿਰੀ) ਦੀ ਦੇਖਰੇਖ ਹੇਠ ਖ਼ਾਸ ਟੀਮਾਂ ਬਣਾਈਆਂ ਗਈਆਂ ਤਾਂ ਜੋ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ। ਪ੍ਰਾਰੰਭਿਕ ਜਾਂਚ ਵਿੱਚ ਪਤਾ ਲੱਗਾ ਕਿ ਦੋਸ਼ੀਆਂ ਨੂੰ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਨੇ ਆਪਣੇ ਵਿਦੇਸ਼ੀ ਹੈਂਡਲਰਾਂ ਰਾਹੀਂ ਲੁਧਿਆਣਾ ਦੇ ਘਣੀ ਅਬਾਦੀ ਵਾਲੇ ਖੇਤਰ ਵਿੱਚ ਗ੍ਰਨੇਡ ਹਮਲਾ ਕਰਨ ਦਾ ਟਾਸਕ ਦਿੱਤਾ ਸੀ, ਜਿਸਦਾ ਉਦੇਸ਼ ਦਹਿਸ਼ਤ ਫੈਲਾਉਣਾ ਸੀ।
ਅਗਲੀ ਜਾਂਚ ਵਿੱਚ ਹੇਠ ਲਿਖੇ ਵਿਦੇਸ਼-ਅਧਾਰਿਤ ਮਾਸਟਰਮਾਈਂਡਾਂ ਦੀ ਪਛਾਣ ਕੀਤੀ ਗਈ:
1. ਅਜੈ @ ਅਜੈ ਮਲੇਸ਼ੀਆ, ਨਿਵਾਸੀ ਮਲੇਸ਼ੀਆ, ਸਥਾਈ ਨਿਵਾਸੀ ਸ੍ਰੀ ਗੰਗਾਨਗਰ, ਰਾਜਸਥਾਨ
2. ਜੱਸ ਬੇਹਬਲ (ਵਰਤਮਾਨ ਵਿੱਚ ਮਲੇਸ਼ੀਆ ਵਿੱਚ)
3. ਪਵਨਦੀਪ, ਨਿਵਾਸੀ ਮਲੇਸ਼ੀਆ, ਸਥਾਈ ਨਿਵਾਸੀ ਸ੍ਰੀ ਗੰਗਾਨਗਰ, ਰਾਜਸਥਾਨ
ਇਹ ਵਿਅਕਤੀ ਵਿਦੇਸ਼ ਵਿੱਚ ਇਕੱਠੇ ਰਹਿੰਦੇ ਹਨ ਅਤੇ ਸਥਾਨਕ ਸਹਾਇਕਾਂ ਅਮਰੀਕ ਸਿੰਘ ਅਤੇ ਪਰਮਿੰਦਰ @ ਚਿਰੀ ਨਾਲ ਸੰਪਰਕ ਵਿੱਚ ਸਨ, ਜੋ ਪਹਿਲਾਂ ਉਨ੍ਹਾਂ ਲਈ ਨਸ਼ੇ ਦੀ ਤਸਕਰੀ ਦੇ ਕੰਮ ਕਰਦੇ ਸਨ।
ਜਾਂਚ ਦੌਰਾਨ, ਅਜੈ (ਮਲੇਸ਼ੀਆ) ਦਾ ਭਰਾ ਵਿਜੈ, ਜੋ ਗੰਗਾਨਗਰ ਜੇਲ੍ਹ ਵਿੱਚ ਵਪਾਰਕ ਮਾਤਰਾ ਵਾਲੇ NDPS ਐਕਟ ਦੇ ਮਾਮਲੇ ਵਿੱਚ ਬੰਦ ਸੀ, ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਇਸ ਕੇਸ ਵਿੱਚ ਸਹਾਇਕ ਦੀ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ।
ਅਗਲੀ ਜਾਂਚ ਵਿੱਚ ਪੰਜਾਬ ਵਿੱਚ ਹੱਥ ਗ੍ਰਨੇਡ ਦੀ ਸਪਲਾਈ ਵਿੱਚ ਸ਼ਾਮਲ ਸਥਾਨਕ ਜਾਲ ਦਾ ਖ਼ੁਲਾਸਾ ਹੋਇਆ।
ਹੇਠਾਂ ਲਿਖੇ ਵਿਅਕਤੀਆਂ ਨੂੰ ਕੂਰੀਅਰ ਅਤੇ ਸਹਾਇਕ ਦੇ ਤੌਰ 'ਤੇ ਉਨ੍ਹਾਂ ਦੀ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ:
1. ਸੁਖਜੀਤ ਸਿੰਘ @ ਸੁਖ ਬਰਾਰ, ਨਿਵਾਸੀ ਫਰੀਦਕੋਟ
2. ਸੁਖਵਿੰਦਰ ਸਿੰਘ, ਨਿਵਾਸੀ ਫਰੀਦਕੋਟ
3. ਕਰਨਵੀਰ ਸਿੰਘ @ ਵਿਕੀ, ਨਿਵਾਸੀ ਸ੍ਰੀ ਗੰਗਾਨਗਰ, ਰਾਜਸਥਾਨ
4. ਸਾਜਨ ਕੁਮਾਰ @ ਸੰਜੂ, ਨਿਵਾਸੀ ਸ੍ਰੀ ਮੁਕਤਸਰ ਸਾਹਿਬ
ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਦੋਸ਼ੀਆਂ ਕੋਲੋਂ ਇੱਕ ਚੀਨੀ ਹਥਗ੍ਰੇਨੇਡ ਨੰਬਰ 86P 01-03 632, ਇੱਕ ਬਲੈਕ ਕਿਟ, ਅਤੇ ਦਸਤਾਨੇ ਬਰਾਮਦ ਕੀਤੇ ਗਏ ਹਨ। ਕਮਿਸ਼ਨਰ ਸ਼ਰਮਾ ਨੇ ਦੁਹਰਾਇਆ ਕਿ ਲੁਧਿਆਣਾ ਪੁਲਿਸ ਦੀ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਨਾਲ ਦੇਸ਼ ਵਿਰੋਧੀ ਤੱਤਾਂ ਦੀ ਨੀਚ ਯੋਜਨਾ ਨੂੰ ਸਫਲਤਾਪੂਰਵਕ ਨਾਕਾਮ ਕੀਤਾ ਗਿਆ ਹੈ।

ਜਾਂਚ ਜਾਰੀ ਹੈ ਤਾਂ ਜੋ ਪਾਕਿਸਤਾਨ-ਅਧਾਰਿਤ ਹੈਂਡਲਰਾਂ ਨਾਲ ਸੰਭਾਵਤ ਸਰਹੱਦੀ ਕੜੀਆਂ ਦੀ ਪੁਸ਼ਟੀ ਕੀਤੀ ਜਾ ਸਕੇ। ਜਨਤਕ ਸੁਰੱਖਿਆ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸ਼੍ਰੀ ਸ਼ਰਮਾ ਨੇ ਕਿਹਾ, “ਲੁਧਿਆਣਾ ਪੁਲਿਸ ਸ਼ਹਿਰ ਦੇ ਨਾਗਰਿਕਾਂ ਦੀ ਜਾਨ ਅਤੇ ਆਜ਼ਾਦੀ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਖ਼ਤਰੇ ਜਾਂ ਨੁਕਸਾਨ ਤੋਂ ਉਨ੍ਹਾਂ ਦੀ ਸੁਰੱਖਿਆ ਕਰੇਗੀ।”