ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਲੋਕਾਂ ਨੇ ਫੜਿਆ ਚਿੱਟਾ ਪੀਂਦਾ (ASI ) ਛੋਟਾ ਥਾਣੇਦਾਰ
ਅਸ਼ੋਕ ਵਰਮਾ
ਮਾਨਸਾ, 30 ਅਕਤੂਬਰ 2026 :ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਆਈ.ਟੀ.ਆਈ. ਚੌਂਕ ’ਚ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਸਥਾਨਕ ਲੋਕਾਂ ਨੇ ਕਥਿਤ ਤੌਰ ’ਤੇ ਵਰਦੀ ਪਹਿਨੇ ਇੱਕ ਛੋਟੇ ਥਾਣੇਦਾਰ (ASI) ਨੂੰ ਸ਼ਰੇਆਮ 'ਚਿੱਟਾ' ਪੀਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਸੜਕ ਜਾਮ ਕਰ ਕੇ ਪੁਲੀਸ ਮੁਲਾਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੌਕੇ ਤੇ ਪੁੱਜੇ ਐਸਪੀ ਨਰਿੰਦਰ ਸਿੰਘ ਨੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਬੰਧਤ ਪੁਲਿਸ ਮੁਲਾਜ਼ਮ ਦਾ ਡੋਪ ਟੈਸਟ ਕਰਵਾ ਲਿਆ ਗਿਆ ਹੈ ਅਤੇ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਕਾਫੀ ਹੱਦ ਤੱਕ ਸ਼ਾਂਤ ਹੋ ਗਿਆ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਨੇੜਲੇ ਇੱਕ ਆਟੋਮੋਬਾਈਲ ਸ਼ੋਅਰੂਮ ਦੇ ਗੇਟ ਦਾ ਸ਼ੀਸ਼ਾ ਵੀ ਭੰਨ ਦਿੱਤਾ, ਜਿੱਥੇ ਕੁਝ ਪੁਲੀਸ ਮੁਲਾਜ਼ਮ ਏ.ਐੱਸ.ਆਈ. ਨੂੰ ਇਕੱਠ ਤੋਂ ਬਚਾਉਣ ਲਈ ਲੈ ਗਏ ਸਨ।ਮੌਕੇ ’ਤੇ ਮੌਜੂਦ ਬੁਢਲਾਡਾ ਸਿਟੀ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਏ.ਐੱਸ.ਆਈ. ਦੀ ਪਛਾਣ ਬਾਰੇ ਜਾਣਕਾਰੀ ਨਹੀਂ ਹੈ ।
ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਨੂੰ ਉਸ ਦੇ ਵੇਰਵਿਆਂ ਦੀ ਤਸਦੀਕ ਕਰਨ ਦੀ ਇਜਾਜ਼ਤ ਦੇਣ। ਬੁਢਲਾਡਾ ਸਦਰ ਥਾਣੇ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਮੇਲਾ ਸਿੰਘ ਵੀ ਮੌਕੇ ’ਤੇ ਹਾਜ਼ਰ ਸਨ। ਸ਼ੋਅਰੂਮ ਮਾਲਕ ਨੇ ਵੀ ਪੁਲੀਸ ਅਧਿਕਾਰੀ ਦੇ ਇਸ ਕਥਿਤ ਵਤੀਰੇ ਦੀ ਨਿਖੇਧੀ ਕੀਤੀ ਅਤੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਧਰਨੇ ਵਿੱਚ ਕਈ ਔਰਤਾਂ ਵੀ ਸ਼ਾਮਲ ਹੋਈਆਂ, ਜਿਨ੍ਹਾਂ ਨੇ ਦੋਸ਼ ਲਾਇਆ ਕਿ ਇਲਾਕੇ ਦੀਆਂ ਕੁਝ ਔਰਤਾਂ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਏ.ਐੱਸ.ਆਈ. ਨੂੰ ਚਿੱਟਾ ਪੀਂਦੇ ਹੋਏ ਦੇਖਿਆ ਹੈ।ਮੌਕੇ ’ਤੇ ਸਥਿਤੀ ਤਣਾਅਪੂਰਨ ਬਣੀ ਰਹਿਣ ਕਾਰਨ ਕੁਝ ਨਿਹੰਗ ਸਿੰਘ ਵੀ ਪਹੁੰਚ ਗਏ। ਇਹ ਘਟਨਾ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਛੋਟੇ ਕਿਸਾਨ ਦਲਜੀਤ ਸਿੰਘ ਦੀ ਭੇਦਭਰੀ ਮੌਤ ਨੂੰ ਲੈ ਕੇ ਚੱਲ ਰਹੇ ਧਰਨਿਆਂ ਦਰਮਿਆਨ ਵਾਪਰੀ ਹੈ, ਜਿੱਥੇ ਪ੍ਰਦਰਸ਼ਨਕਾਰੀ ਮੁਲਜ਼ਮਾਂ ਵਿਰੁੱਧ ਕਾਰਵਾਈ ਅਤੇ ਪੁਲੀਸ ਦੀ ਜਵਾਬਦੇਹੀ ਦੀ ਮੰਗ ਕਰ ਰਹੇ ਹਨ।
- Download Babushahi App
-
-