DC ਬਰਨਾਲਾ ਨੇ ਪਲੇਠੀ ਬੈਠਕ ਦੌਰਾਨ ਕਸੀ ਸਟਾਫ ਦੀ ਚੂੜੀ
ਅਸ਼ੋਕ ਵਰਮਾ
ਬਰਨਾਲਾ, 23 ਜਨਵਰੀ 2026 :ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਨੇ ਅੱਜ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਕਰਮਚਾਰੀਆਂ ਨਾਲ ਪਲੇਠੀ ਬੈਠਕ ਦੌਰਾਨ ਸਾਰੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਵੱਖ ਵੱਖ ਕੰਮਾਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਵੇਰਵੇ ਲਏ। ਡਿਪਟੀ ਕਮਿਸ਼ਨਰ ਨੇ ਪੁਲਿਸ, ਸਿੱਖਿਆ, ਸਿਹਤ, ਨਗਰ ਨਿਗਮ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਲੋਕ ਨਿਰਮਾਣ ਵਿਭਾਗ, ਰੈਡ ਕਰਾਸ, ਪੇਂਡੂ ਵਿਕਾਸ ਅਤੇ ਪੰਚਾਇਤ, ਨਹਿਰੀ, ਪਾਵਰਕਾਮ ਅਤੇ ਹੋਰਨਾਂ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕੀਤੀ।
ਉਨ੍ਹਾਂ ਕਿਹਾ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਾਰੇ ਕੰਮ ਸਰਕਾਰੀ ਮਾਪਦੰਡਾਂ ਅਨੁਸਾਰ ਅਤੇ ਮਿਆਰੀ ਰੂਪ ਵਿਚ ਮੁਕੰਮਲ ਕੀਤੇ ਜਾਣ। ਨਾਲ ਹੀ ਉਨ੍ਹਾਂ ਹਦਾਇਤ ਕੀਤੀ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ।ਇਸ ਮੌਕੇ ਐੱਸ ਐੱਸ ਪੀ ਸਰਫ਼ਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈੰਬੀ, ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਡਾ.ਅਜੀਤਪਾਲ ਸਿੰਘ, ਉੱਪ ਮੰਡਲ ਮਜਿਸਟ੍ਰੇਟ ਤਪਾ ਆਯੁਸ਼ ਗੋਇਲ, ਉੱਪ ਮੰਡਲ ਮਜਿਸਟ੍ਰੇਟ ਮਹਿਲ ਕਲਾਂ ਬੇਅੰਤ ਸਿੰਘ ਅਤੇ ਹੋਰ ਅਫ਼ਸਰ ਹਾਜ਼ਰ ਸਨ।