Babushahi Special: ਨਿਹੰਗ ਸਿੰਘਾਂ ਦੀ ਘੁਰਕੀ, ਚੁੰਮਿਆਂ ਵਾਲੀ ਭਾਬੀ ਰਣਜੀਤ ਕੌਰ ਨੇ ਮਾਫੀ ਮੰਗਣ 'ਚ ਦਿਖਾਈ ਫੁਰਤੀ
ਅਸ਼ੋਕ ਵਰਮਾ
ਬਠਿੰਡਾ, 22 ਜੂਨ 2026 : ਪਾਖੰਡ ਭਜਾਓ ਪੰਜਾਬ ਬਚਾਓ’ ਫਰੀਦਕੋਟ ਦੇ ਮੁਖੀ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਦਿੱਤੀ ਘੁਰਕੀ ਤੋਂ ਬਾਅਦ ਚੁੰਮਿਆਂ ਵਾਲੀ ਰਣਜੀਤ ਕੌਰ ਲੀਹ ’ਤੇ ਆ ਗਈ ਹੈ। ਰਣਜੀਤ ਕੌਰ ਨੇ ਐਤਵਾਰ ਸ਼ਾਮ ਨੂੰ ਨਿਹੰਗ ਸਿੰਘਾਂ ਨੂੰ ਕਾਨੂੰਨ ਦੀਆਂ ਨਸੀਹਤਾਂ ਦੇਣ ਦੇ ਨਾਲ ਨਾਲ ਰੀਲ੍ਹਾਂ ਨੂੰ ਗੁਜਾਰੇ ਦਾ ਸਾਧਨ ਦੱਸਦਿਆਂ ਇਹ ਕੰਮ ਬੰਦ ਕਰਨ ਦੇ ਇਵਜ਼ ’ਚ 50 ਹਜ਼ਾਰ ਮਹੀਨਾ ਦੇਣ ਦੀ ਮੰਗ ਰੱਖ ਦਿੱਤੀ ਸੀ। ਇਸ ਨੂੂੰ ਦੇਖਦਿਆਂ ਮਨਪ੍ਰੀਤ ਸਿੰਘ ਖਾਲਸਾ ਨੇ 23 ਜੂਨ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਫਤਰ ਅੱਗੇ ਸਿੱਖ ਅਤੇ ਪੰਜਾਬ ਹਿਤੈਸ਼ੀਆਂ ਦਾ ਇਕੱਠ ਸੱਦਿਆ ਸੀ। ਆਪਣੇ ਖਿਲਾਫ ਸਖਤ ਫੈਸਲਾ ਹੋਣ ਦੀ ਸੰਭਾਵਨਾ ਕਾਰਨ ਰੀਲਾਂ ਨੂੰ ਲੈਕੇ ਵਿਵਾਦਾਂ ਵਿੱਚ ਘਿਰੀ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਫਿਲਮ ਜੱਟ ਐਂਡ ਜੂਲੀਅਟ-3 ਵਿੱਚ ਕੰਮ ਕਰ ਚੁੱਕੀ ਚੁੰਮਿਆਂ ਵਾਲੀ ਭਾਬੀ ਵਜੋਂ ਚਰਚਿਤ ਰਣਜੀਤ ਕੌਰ ਨੂੰ ਖਹਿੜਾ ਛੁਡਾਉਣ ਲਈ ਮੁਆਫੀ ਮੰਗਣੀ ਪਈ ਹੈ।
ਮੁਆਫੀ ਸਬੰਧੀ ਵੀਡੀਓ ਮਿਲਣ ਤੋਂ ਬਾਅਦ ਰੀਲਾਂ ਰਾਹੀਂ ਅਸ਼ਲੀਲਤਾ ਫੈਲਾਉਣ ਅਤੇ ਸਮਾਜ ਨੂੰ ਕੁਰਾਹੇ ਪਾਉਣ ਵਾਲਿਆਂ ਨੂੰ ਰੋਕਣ ਲਈ ਲੜਾਈ ਲੜ ਰਹੇ ‘ ਪਾਖੰਡ ਭਜਾਓ ਪੰਜਾਬ ਬਚਾਓ ਦੇ ਮੁਖੀ ਮਨਪ੍ਰੀਤ ਸਿੰਘ ਖਾਲਸਾ ਨੇ ਇਹ ਇਕੱਠ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਰਣਜੀਤ ਕੌਰ ਨੇ ਦੁਬਾਰਾ ਅਜਿਹੀ ਹਿਮਾਕਤ ਕੀਤੀ ਤਾਂ ਜੱਥੇਬੰਦੀ ਮੈਦਾਨ ’ਚ ਨਿੱਤਰਨ ਤੋਂ ਗੁਰੇਜ਼ ਨਹੀਂ ਕਰੇਗੀ। ਦੱਸਣਯੋਗ ਹੈ ਕਿ ਹਰ ਰੀਲ ਦੇ ਅੰਤ ਵਿੱਚ ਅੱਖ ਮਾਰਨ ਪਿਛੋਂ ਨਾਮ ਲੈ ਕੇ ‘ਆਈ ਲਵ ਯੂ’ ਕਹਿਣ, ਅਤੇ ਫਲਾਇੰਗ ਚੁੰਮੀ ਦੇਣ ਵਰਗੀ ਤੁਕਬੰਦੀ ਦਾ ਨੋਟਿਸ ਲੈਂਦਿਆਂ ਨਿਹੰਗ ਸਿੰਘਾਂ ਨੇ ਰਣਜੀਤ ਕੌਰ ਨੂੰ ਰੋਕਣ ਲਈ ਸਮਝਾਇਆ ਬੁਝਾਇਆ ਸੀ। ਵੱਡੀ ਗੱਲ ਇਹ ਵੀ ਹੈ ਕਿ ਮਨਪ੍ਰੀਤ ਸਿੰਘ ਖਾਲਸਾ ਨੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਇਹ ਕੰਮ ਬੰਦ ਕਰਵਾਉਣ ਲਈ ਐਲਾਨ ਕੀਤਾ ਸੀ ਕਿ ਉਹ ਰਣਜੀਤ ਕੌਰ ਦੀ ਲੜਕੀ ਦੀ ਸ਼ਾਦੀ ਮੌਕੇ ਇੱਕ ਲੱਖ ਰੁਪਿਆ ਦੇਣਗੇ।
ਇਸ ਦੇ ਉਲਟ ਰਣਜੀਤ ਕੌਰ ਨੇ ਨਿਹੰਗ ਸਿੰਘਾਂ ਨੂੰ ਦਲੀਲ ਦਿੱਤੀ ਕਿ ਲੋਕ ਅਸ਼ਲੀਲ ਕੱਪੜੇ ਪਾਕੇ ਅਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ’ਤੇ ਰੀਲਾਂ ਪਾ ਰਹੇ ਹਨ ਜਦੋਂਕਿ ਉਹ ਤਾਂ ਸਿਰਫ ਤੁਕਬੰਦੀ ਕਰਦੀ ਹੈ ਜਿਸ ਨੂੰ ਲੋਕ ਪਸੰਦ ਕਰਦੇ ਹਨ। ਉਸ ਨੇ ਕਿਹਾ ਕਿ ਇਸ ਤੁਕਬੰਦੀ ਵਿੱਚ ਕੋਈ ਅਸ਼ਲੀਲਤਾ ਨਹੀਂ ਹੈ। ਰਣਜੀਤ ਕੌਰ ਨੇ ਕਿਹਾ ਕਿ ਜੇ ਰੀਲਾਂ ਅਸ਼ਲੀਲ ਹੁੰਦੀਆਂ, ਤਾਂ ਉਹ ਆਪਣੀ ਧੀ ਨਾਲ ਕਦੇ ਵੀ ਅਜਿਹੇ ਵੀਡੀਓ ਨਾ ਬਣਾਉਂਦੀ। ਉਹ ਤਾਂ ਰੀਲਾਂ ਬਣਾਕੇ ਆਪਣਾ ਗੁਜ਼ਾਰਾ ਚਲਾਉਂਦੀ ਹੈ। ਜਦੋਂ ਨਿਹੰਗ ਸਿੰਘਾਂ ਨੇ ਰਣਜੀਤ ਕੌਰ ਅਤੇ ਪ੍ਰੀਵਾਰ ਦੀਆਂ ਦਲੀਲਾਂ ਸੁਣੀਆਂ, ਤਾਂ ਉਹ ਗੁੱਸੇ ਵਿੱਚ ਆ ਗਏ । ਉਨ੍ਹਾਂ ਨੇ ਉਸ ਨੂੰ ਸਪੱਸ਼ਟ ਕੀਤਾ ਕਿ ਜੇਕਰ ਉਸ ਨੇ ਅਜਿਹੀ ਤੁਕਬੰਦੀ ਵਰਤੀ , ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਇਹ ਅਸ਼ਲੀਲ ਰੀਲਾਂ ਸਮਾਜ ’ਤੇ ਮਾੜਾ ਪ੍ਰਭਾਵ ਪਾ ਰਹੀਆਂ ਹਨ।
ਇਸ ਮੌਕੇ ਮਨਪ੍ਰੀਤ ਸਿੰਘ ਖਾਲਸਾ ਨੇ ਚੇਤਾਵਨੀ ਦਿੱਤੀ ਕਿ ਸਮਾਜ ਦੀ ਇੱਜ਼ਤ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਪੈਸੇ ਲਈ ਨਿਲਾਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਰਣਜੀਤ ਕੌਰ ਨੂੰ ਅਲਟੀਮੇਟਮ ਦਿੱਤਾ ਕਿ ਉਹ ਇੰਟਰਨੈੱਟ ਤੋਂ ਉਸ ਦੇ ਸਾਰੇ ਵਿਵਾਦਪੂਰਨ ਅਤੇ ਅਸ਼ਲੀਲ ਵੀਡੀਓ ਤੁਰੰਤ ਡਿਲੀਟ ਕਰ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਅਸ਼ਲੀਲ ਰੀਲਾਂ ਜਾਂ ਕੋਈ ਅਜਿਹੀ ਸਮੱਗਰੀ ਪਾਈ, ਤਾਂ ਉਹ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ। ਜਦੋਂ ਦਲੀਲਬਾਜੀ ’ਚ ਗੱਲ ਨਾਂ ਬਣੀ ਤਾਂ ਰਣਜੀਤ ਕੌਰ ਨੇ ਲਿਖਤੀ ਮੁਆਫੀ ਮੰਗ ਲਈ ਜਿਸ ਵਿੱਚ ਲਿਖਿਆ ਸੀ ਕਿ ਭਵਿੱਖ ’ਚ ਉਹ ਸੋਸ਼ਲ ਮੀਡੀਆ ’ਤੇ ਕੋਈ ਵੀ ਅਸ਼ਲੀਲ ਵੀਡੀਓ ਨਹੀਂ ਪਾਏਗੀ ਜੋ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੋਵੇ। ਲਿਖਤੀ ਗਾਰੰਟੀ ਮਿਲਣ ਅਤੇ ਇੰਟਰਨੈਟ ਤੋਂ ਅਸ਼ਲੀਲ ਸਮੱਗਰੀ ਹਟਾਉਣ ਦੇ ਵਾਅਦੇ ਉਪਰੰਤ ਮਾਮਲਾ ਨਿਪਟਣ ਕਾਰਨ ਨਿਹੰਗ ਸਿੰਘਾਂ ਦਾ ਜੱਥਾ ਰਣਜੀਤ ਕੌਰ ਦੇ ਘਰੋਂ ਵਾਪਿਸ ਚਲਾ ਗਿਆ ਸੀ।
ਨਿਹੰਗ ਸਿੰਘਾਂ ਦੇ ਜਾਣ ਮਗਰੋਂ ਰਣਜੀਤ ਕੌਰ ਅਤੇ ਜਿੰਦਾ ਹੰਸ ਨੇ ਵੀਡੀਓ ਜਾਰੀ ਕਰਕੇ ਕਾਫੀ ਤਿੱਖੇ ਲਹਿਜੇ ’ਚ ਕਿਹਾ ਕਿ ਜੇਕਰ ਕੋਈ ਇਤਰਾਜ ਸੀ ਤਾਂ ਕਾਨੂੰਨ ਕੋਲ ਜਾਣਾ ਚਾਹੀਦਾ ਸੀ ਅਤੇ ਜੱਥੇ ਵੱਲੋਂ ਉਨ੍ਹਾਂ ਦੇ ਘਰ ਧਾਵਾ ਬੋਲਣਾ ਗਲ੍ਹਤ ਹੈ। ਇਸ ਮੌਕੇ ਉਨ੍ਹਾਂ ਨੇ ਘਰ ਦੇ ਗੁਜ਼ਾਰੇ ਲਈ 50 ਹਜ਼ਾਰ ਰਪਏ ਮਹੀਨਾ ਦੇਣ ਦੀ ਸ਼ਰਤ ਰੱਖ ਦਿੱਤੀ ਸੀ। ਇਸ ਦਾ ਨੋਟਿਸ ਲੈਂਦਿਆਂ ਮਨਪ੍ਰੀਤ ਸਿੰਘ ਖਾਲਸਾ ਨੇ ਸੋਸ਼ਲ ਮੀਡੀਆ ’ਤੇ ਰਾਹੀਂ 23 ਜੂਨ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਫਤਰ ਅੱਗੇ ਇਕੱਠ ਸੱਦ ਲਿਆ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਅਸ਼ਲੀਲਤਾ ’ਤੇ ਰੋਕ ਲਾਉਣ ਦੀ ਅਪੀਲ ਵੀ ਕੀਤੀ ਸੀ। ਇਸ ਸਬੰਧੀ ਜਾਣਕਾਰੀ ਮਿਲਦਿਆਂ ਰਣਜੀਤ ਕੌਰ ਅਤੇ ਜਿੰਦਾ ਹੰਸ ਨੇ ਵੀਡੀਓ ਜਾਰੀ ਕਰਕੇ ਇੱਕ ਵਾਰ ਫਿਰ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਹੁਣ ਸਮਝ ਗਏ ਹਨ। ਉਨ੍ਹਾਂ ਇੰਟਰਵਿਊ ਕਰਨ ਵਾਲਿਆਂ ਨੂੰ ਵੀ ਉਨ੍ਹਾਂ ਦੇ ਘਰ ਨਾਂ ਆਉਣ ਲਈ ਕਿਹਾ ਹੈ।
ਕੁਟਾਪਾ ਚਾੜ੍ਹਨ ਦਾ ਐਲਾਨ
ਮਨਪ੍ਰੀਤ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਲੁਧਿਆਣਾ ਪ੍ਰਸ਼ਾਸ਼ਨ ਨੂੰ ਅਸ਼ਲੀਲ ਵੀਡੀਓ ਪਾਉਣ ਵਾਲੀ ਰਣਜੀਤ ਕੌਰ ਨੂੰ ਰੋਕਣਾ ਚਾਹੀਦਾ ਹੈ ਜਿਸ ਨੇ ਆਪਣੀ ਧੀਅ ਨੂੰ ਵੀ ਕੁਰਾਹੇ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੇ ਗੰਦਗੀ ਪਾਈ ਤਾਂ ਉਨ੍ਹਾਂ ਨੂੰ ਕੁਟਾਪਾ ਚਾੜ੍ਹਿਆ ਤਾਂ ਫਿਰ ਪ੍ਰਸ਼ਾਸ਼ਨ ਉਨ੍ਹਾਂ ਨੂੰ ਦੋਸ਼ ਦੇਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਕਾਰਵਾਈ ਕਰੇ ਨਹੀਂ ਤਾਂ ਸਿੰਘ ਆਪਣੇ ਪੱਧਰ ’ਤੇ ਮਸਲਾ ਨਿਬੇੜਨਗੇ।
- Download Babushahi App
-
-