Babushahi Specia : ਹਕੂਮਤੀ ਦਬਕਿਆਂ ਨੂੰ ਟਿੱਚ ਜਾਣ ਪਤੰਗਾਂ ਦੇ ਪੇਚਿਆਂ ਲਈ ਧੜੱਲੇ ਨਾਲ ਵਿਕ ਰਹੀ ਮੌਤ ਦੀ ਡੋਰ
ਅਸ਼ੋਕ ਵਰਮਾ
ਬਠਿੰਡਾ, 18 ਜਨਵਰੀ 2025: ਬਠਿੰਡਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੀਆਂ ਘੁਰਕੀਆਂ ਅਤੇ ਸਮਝਾਉਣ ਬੁਝਾਉਣ ਦੇ ਬਾਵਜੂਦ ਪਤੰਗ ਉਡਾਉਣ ਲਈ ਚੀਨੀ ਡੋਰ ਦੀ ਵਰਤੋਂ ਰੁਕ ਨਹੀਂ ਹੋ ਰਹੀ ਹੈ। ਖਾਸ ਤੌਰ ਤੇ ਪੁਲਿਸ ਵੱਲੋਂ ਡੋਰ ਵੇਚਣ ਵਾਲਿਆਂ ਖਿਲਾਫ ਦਰਜ ਮਾਮਲੇ ਵੀ ਮੌਤ ਦੀ ਡੋਰ ਵਿਕਣੋਂ ਨਹੀਂ ਰੋਕ ਸਕੇ ਹਨ। ਇਸ ਦਾ ਨਤੀਜਾ ਕਿਸੇ ਦਾ ਨੱਕ, ਹੱਥ , ਬਾਂਹ, ਮੱਥਾ , ਠੋਡੀ, ਉੱਗਲੀ ਅਤੇ ਕਿਸੇ ਦੀ ਗਰਦਨ ਵੱਢੀ ਜਾਣ ਦੇ ਰੂਪ ’ਚ ਨਿਕਲ ਰਿਹਾ ਹੈ। ਖਾਸ ਤੌਰ ਤੇ ਪਤੰਗਬਾਜੀ ਦੇ ਦਿਨਾਂ ਦੌਰਾਨ ਤਾਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਇਸ ਡੋਰ ਨਾਲ ਕੱਟ ਵੱਢ ਦੇ ਮਾਮਲੇ ਵਧ ਜਾਂਦੇ ਹਨ। ਬਠਿੰਡਾ ਜਿਲ੍ਹੇ ’ਚ 2024 ’ਚ 15 ਅਤੇ 2025 ’ਚ 22 ਮਾਮਲੇ ਸਾਹਮਣੇ ਆਏ ਸਨ। ਬਠਿੰਡਾ ਜਿਲ੍ਹੇ ’ਚ ਪੁਲਿਸ ਵੱਲੋਂ ਲੰਘੇ 15 ਸਾਲਾਂ ਦੌਰਾਨ ਦਰਜ 141 ਮੁਕੱਦਮੇ ਵੀ ਮੌਤ ਦਾ ਕਾਲਾ ਧੰਦਾ ਕਰਨ ਵਾਲਿਆਂ ਦਾ ਰਾਹ ਨਹੀਂ ਰੋਕ ਸਕੇ ਹਨ।
ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਅਤੇ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਹਾਸਲ ਜਾਣਕਾਰੀ ਮੁਤਾਬਕ ਸਾਲ 2013 ’ਚ ਸਭ ਤੋਂ ਵੱਧ 19 ਮਾਮਲੇ ਦਰਜ ਕੀਤੇ ਗਏ ਸਨ ਜਦੋਂਕਿ 2015 ਦੌਰਾਨ ਇਹ ਗਿਣਤੀ 18, 2022 ’ਚ 16 ਅਤੇ 2014 ’ਚ 10 ਰਹੀ ਹੈ। ਹਾਲਾਂਕਿ ਪੁਲਿਸ ਨੇ ਚਾਈਨਾ ਡੋਰ ਤੇ ਰੋਕ ਲਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ ਫਿਰ ਵੀ ਖੂਨੀ ਅਤੇ ਕਾਤਲ ਮੰਨੀ ਜਾਂਦੀ ਇਸ ਡੋਰ ਨਾਲ ਪਤੰਗਾਂ ਦੇ ਪੇਚੇ ਲਾਉਣ ਦਾ ਸਿਲਸਿਲਾ ਜਾਰੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਮਾਪਿਆਂ ਨੂੰ ਇਸ ਘਾਤਕ ਡੋਰ ਦੇ ਮਾਰੂ ਸਿੱਟਿਆ ਬਾਰੇ ਜਾਣਕਾਰੀ ਹੈ ਫਿਰ ਵੀ ਬੱਚਿਆਂ ਨੂੰ ਜਾਂ ਤਾਂ ਵਰਜਦੇ ਨਹੀਂ ਜਾਂ ਬੱਚੇ ਉਨ੍ਹਾਂ ਤੋਂ ਆਕੀ ਹਨ। ਇਕੱਲੇ ਬਠਿੰਡਾ ਸ਼ਹਿਰ ’ਚ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ ਜਿੰਨ੍ਹਾਂ ’ਚ ਪੀੜਤਾਂ ਦੀ ਜਾਨ ਮਸਾਂ ਬਚੀ ਪਰ ਡੋਰ ਨੂੰ ਰੋਕਿਆ ਨਹੀਂ ਜਾ ਸਕਿਆ ਹੈ।
ਕੁੱਝ ਦਿਨ ਪਹਿਲਾਂ ਬਸੰਤ ਵਿਹਾਰ ’ਚ ਯੁਵਰਾਜ ਨਾਂ ਦਾ ਬੱਚਾ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਗੰਭੀਰ ਜਖਮੀ ਹੋਇਆ ਸੀ ਜਿਸ ਦੇ 18 ਟਾਂਕੇ ਲਾਉਣੇ ਪਏ ਸਨ। ਬੱਚੇ ਦੇ ਪਿਤਾ ਨਿਤਨ ਬਾਂਸਲ ਦਾ ਕਹਿਣਾ ਸੀ ਕਿ ਇੱਕ ਵਾਰ ਤਾਂ ਡਾਕਟਰ ਨੇ ਜਵਾਬ ਦੇ ਦਿੱਤਾ ਤਾਂ ਲੱਗਿਆ ਕਿ ਉਨ੍ਹਾਂ ਦੀ ਤਾਂ ਦੁਨੀਆਂ ਹੀ ਉਜੜ ਗਈ ਹੈ ਪਰ ਬਾਅਦ ’ਚ ਕਾਫੀ ਜੱਦੋ ਜਹਿਦ ਮਗਰੋਂ ਯੁਵਰਾਜ ਦੀ ਜਾਨ ਬਚਾਈ ਜਾ ਸਕੀ ਹੈ। ਬਠਿੰਡਾ ਦੇ ਹਰਮੰਦਰ ਸਿੰਘ ਦੀ ਚਾਈਨਾ ਡੋਰ ਦੀ ਚਪੇਟ ’ਚ ਆਉਣ ਕਾਰਨ ਉਂਗਲ ਵੱਢੀ ਗਈ ਸੀ। ਉਹ ਅੱਜ ਵੀ ਇਸ ਘਟਨਾਂ ਨੂੰ ਯਾਦ ਕਰਕੇ ਸਹਿਮ ਜਾਂਦਾ ਹੈ। ਕਲਕੱਤਾ ਗਲੀ ਨਿਵਾਸੀ ਡਾ ਹੇਮ ਰਾਜ ਦੇ ਸਕੂਟਰ ਤੇ ਜਾਂਦਿਆਂ ਚਾਈਨੋ ਡੋਰ ਕਾਰਨ ਗੱਲ ਤੇ ਕੱਟ ਲੱਗ ਗਿਆ ਸੀ। ਹੇਮ ਰਾਜ ਦਾ ਕਹਿਣਾ ਸੀ ਕਿ ਕਿਸਮਤ ਨਾਲ ਦੂਸਰਾ ਜਨਮ ਮਿਲਿਆ ਹੈ ਨਹੀਂ ਤਾਂ ਕਸਰ ਕੋਈ ਨਹੀਂ ਬਚੀ ਸੀ।
ਡੋਰ ਨਾਂ ਵਰਤਣ ਦੀ ਅਪੀਲ
ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਨੇ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਬੰਦ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਲਈ ਖਤਰਾ ਬਣਨ ਦੀ ਥਾਂ ਰਿਵਾਇਤੀ ਡੋਰ ਨਾਲ ਪਤੰਗਾਂ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਚਾਇਨਾ ਡੋਰ ਦੀ ਧਾਰ ਐਨੀ ਤਿੱਖੀ ਹੈ ਜੋ ਸਾਹ ਰਗ ਤੱਕ ਵੱਢ ਦਿੰਦੀ ਹੈ ਅਤੇ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ’ਤੇ ਕਰੰਟ ਲੱਗਦਾ ਹੈ ਜਿਸ ਨਾਲ ਮੌਤ ਵੀ ਹੋ ਸਕਦੀ ਹੈ।
ਕਾਨੂੰਨ ਨੂੰ ਟਿੱਚ ਜਾਣਦੇ ਲੋਕ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਸਖਤ ਸਜ਼ਾਵਾਂ ਦੇਣ ਦੇ ਕਾਨੂੰਨ ਅਤੇ ਲੱਖਾਂ ਰੁਪਏ ਜੁਰਮਾਨੇ ਦਾ ਪ੍ਰਬੰਧ ਵੀ ਚਾਈਨਾ ਡੋਰ ਵਰਤਣ ਅਤੇ ਵੇਚਣ ਵਾਲਿਆਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ ਹੈ । ਉਨ੍ਹਾਂ ਕਿਹਾ ਕਿ ਜਿਲ੍ਹਾ ਮੈਜਿਸਟਰੇਟ ਵੱਲੋਂ ਚਾਈਨਾ ਡੋਰ ਸਬੰਧੀ ਜਾਰੀ ਮਨਾਹੀ ਦੇ ਹੁਕਮ ਕਾਗਜ਼ੀ ਬਣਕੇ ਰਹਿ ਗਏ ਹਨ ਜਿੰਨ੍ਹਾਂ ਨੂੰ ਟਿੱਚ ਜਾਣਿਆ ਜਾ ਰਿਹਾ ਹੈ।
ਪਾਂਡਾ ਡੋਰ ਖਰੀਦਦੇ ਨਹੀਂ ਲੋਕ
ਬਠਿੰਡਾ ਪਤੰਗ ਐਸੋਸੀਏਸ਼ਨ ਦੇ ਆਗੂ ਰਾਜਕੁਮਾਰ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਹੋਣ ਦੇ ਬਾਵਜੂਦ ਲੋਕ ਪਾਂਡਾ ਡੋਰ ਖਰੀਦਣ ਨੂੰ ਤਿਆਰ ਨਹੀਂ ਜਿਸ ਕਰਕੇ ਕਾਰੋਬਾਰ ’ਤੇ ਬੁਰਾ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਹਫਤੇ ’ਚ 150 ਤੋਂ 200 ਚਰਖੜੀਆਂ ਵੇਚ ਦਿੰਦੇ ਸਨ ਪਰ ਹੁਣ ਮਸਾਂ ਇੱਕ ਦਰਜਨ ਤੱਕ ਹੀ ਵਿਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਦੀ ਪੁਲਿਸ ਸਖਤ ਹੋਈ ਹੈ ਤਾਂ ਚਾਈਨਾ ਡੋਰ ਦਾ ਭਾਅ ਅਤੇ ਵਿੱਕਰੀ ਦੋਵੇਂ ਵਧੇ ਹਨ। ਉਨ੍ਹਾਂ ਪਾਬੰਦੀਸ਼ੁਦਾ ਜਾਨਲੇਵਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।
ਬਖਸ਼ੇਗੀ ਨਹੀਂ ਪੁਲਿਸ: ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਡਾ ਜਯੋਤੀ ਯਾਦਵ ਦਾ ਕਹਿਣਾ ਸੀ ਕਿ ਪੁਲਿਸ ਚਾਈਨਾ ਡੋਰ ਖਿਲਾਫ ਜਾਗਰੂਕਤਾ ਮੁਹਿੰਮ ਵੀ ਚਲਾ ਰਹੀ ਹੈ ਅਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਪਤੰਗ ਉਡਾਉਣ ਅਤੇ ਲਿਆਉਣ ਦੀ ਇਜਾਜਤ ਦੇਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਬਖਸ਼ਿਆ ਨਹੀਂ ਜਾਏਗਾਂ। ਉਨ੍ਹਾਂ ਮਾਪਿਆਂ ਨੂੰ ਇਹ ਡੋਰ ਵਰਤਣ ਤੋਂ ਰੋਕਣ ਅਤੇ ਨਜ਼ਰ ਆਉਣ ’ਤੇ ਨਸ਼ਟ ਕਰਨ ਦੀ ਅਪੀਲ ਵੀ ਕੀਤੀ ਹੈ।