BREAKING- Mad Sandhu ਕਤਲ ਮਾਮਲੇ ’ਚ ਵੱਡੀ ਕਾਰਵਾਈ: ਮੁੱਖ ਮੁਲਜ਼ਮ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ
Babushahi Network
ਜਲੰਧਰ, 14 ਅਕਤੂਬਰ 2026: ਪੰਜਾਬੀ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਅਹਿਮ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਜੋਬਨਪ੍ਰੀਤ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਜਲੰਧਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਮੁੰਬਈ ਐਂਟੀ ਟੈਰਰਿਜ਼ਮ ਸਕੁਐਡ (ਏ.ਟੀ.ਐੱਸ.) ਦੇ ਸਹਿਯੋਗ ਨਾਲ ਕੀਤੀ। ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਕੋਲੋਂ ਤਿੰਨ ਪਿਸਤੌਲ, ਪੰਜ ਮੈਗਜ਼ੀਨ ਅਤੇ 11 ਕਾਰਤੂਸ ਬਰਾਮਦ ਕੀਤੇ ਗਏ ਹਨ।
ਪੰਜਾਬ ਦੇ ਪੁਲਿਸ ਮੁਖੀ ਡੀ.ਜੀ.ਪੀ. ਗੌਰਵ ਯਾਦਵ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਇਸ ਕਾਰਵਾਈ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਉਸ ’ਤੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ, ਅਪਰਾਧਿਕ ਗਤੀਵਿਧੀਆਂ ਲਈ ਫੰਡਿੰਗ ਦਾ ਪ੍ਰਬੰਧ ਕਰਨ ਅਤੇ ਹੋਰ ਲੋੜੀਂਦੀ ਸਹਾਇਤਾ ਦੇਣ ਵਿੱਚ ਭੂਮਿਕਾ ਨਿਭਾਉਣ ਦਾ ਦੋਸ਼ ਹੈ।
3 ਅਕਤੂਬਰ ਨੂੰ ਹੋਇਆ ਸੀ ਕਤਲ
ਜ਼ਿਕਰਯੋਗ ਹੈ ਕਿ ਮੈਡ ਸੰਧੂ ਦਾ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਉਹ ਲੋਹਾਰਕਾ ਰੋਡ ਸਥਿਤ ਇੱਕ ਕਾਰ ਵਾਸ਼ਿੰਗ ਸੈਂਟਰ ਤੋਂ ਆਪਣੀ ਗੱਡੀ ਲੈਣ ਗਿਆ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਉਸ ਦੀ ਛਾਤੀ ਵਿੱਚ ਨੇੜਿਓਂ ਗੋਲੀ ਮਾਰ ਦਿੱਤੀ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਮੈਡ ਸੰਧੂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਫਿਰੌਤੀ ਲਈ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਵੀ ਜੋੜ
ਪੁਲਿਸ ਜਾਂਚ ਵਿੱਚ ਜੋਬਨਪ੍ਰੀਤ ਦੀ ਤਰਨਤਾਰਨ ਜ਼ਿਲ੍ਹੇ ਵਿੱਚ ਫਿਰੌਤੀ ਦੀ ਮੰਗ ਨਾਲ ਸਬੰਧਤ ਗੋਲੀਬਾਰੀ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਕਥਿਤ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਪੁਲਿਸ ਇਨ੍ਹਾਂ ਮਾਮਲਿਆਂ ਵਿੱਚ ਉਸ ਦੀ ਭੂਮਿਕਾ ਦੀ ਹੋਰ ਜਾਂਚ ਕਰ ਰਹੀ ਹੈ।
ਜਾਂਚ ਏਜੰਸੀਆਂ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਦੇ ਨਾਲ-ਨਾਲ ਹਥਿਆਰਾਂ ਅਤੇ ਪੈਸੇ ਦੇ ਸਰੋਤਾਂ ਦਾ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ। ਵਿਦੇਸ਼ਾਂ ਵਿੱਚ ਬੈਠੇ ਕਥਿਤ ਹੈਂਡਲਰਾਂ ਨਾਲ ਮੁਲਜ਼ਮ ਦੇ ਸੰਪਰਕਾਂ ਅਤੇ ਗੱਲਬਾਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਡੀ.ਜੀ.ਪੀ. ਗੌਰਵ ਯਾਦਵ ਅਨੁਸਾਰ, ਪੰਜਾਬ ਪੁਲਿਸ ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈੱਟਵਰਕਾਂ ਵਿਰੁੱਧ ਕਾਰਵਾਈ ਜਾਰੀ ਰੱਖੇਗੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੀ ਜਾਂਚ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
- Download Babushahi App
-
-