ਵਿਰੋਧ ਨੂੰ ਦਰਕਿਨਾਰ ਕਰਕੇ ਬਠਿੰਡਾ ਵੱਲ ਵਧ ਰਹੇ ਕਿਸਾਨਾਂ ’ਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ
ਅਸ਼ੋਕ ਵਰਮਾ
ਬਠਿੰਡਾ, 6 ਫਰਵਰੀ 2026: ਬਠਿੰਡਾ ਜ਼ਿਲ੍ਹੇ ਸਮੇਤ ਵੱਖ ਵੱਖ ਜਿਲਿ੍ਹਆਂ ਦੇ ਸੈਂਕੜੇ ਕਿਸਾਨ ਅੱਜ ਪੁਲੀਸ ਦੀ ਮੋਰਚਾਬੰਦੀ ਫੇਲ੍ਹ ਕਰਕੇ ਸੜਕਾਂ ’ਤੇ ਕਾਫਲੇ ਕੱਢਣ ਵਿੱਚ ਕਾਮਯਾਬ ਰਹੇ। ਬਠਿੰਡਾ ਪੁਲੀਸ ਅੱਜ ਭਾਵੇਂ ਕਿਸਾਨਾਂ ਦਾ ਬਠਿੰਡਾ ਦੇ ਡੀਸੀ ਦਫਤਰ ਅੱਗੇ ਲਾਇਆ ਜਾਣ ਵਾਲਾ ਮੋਰਚਾ ਅਸਫਲ ਬਣਾਉਣ ਵਿੱਚ ਤਾਂ ਸਫਲ ਰਹੀ, ਪਰ ਕਿਸਾਨਾਂ ਨੂੰ ਪਿੰਡਾਂ ਦੀਆਂ ਜੂਹਾਂ ਤੱਕ ਸੀਮਿਤ ਰੱਖਣ ਦੀ ਇਸ ਦੀ ਨੀਤੀ ਫੇਲ੍ਹ ਰਹੀ। ਅੱਜ ਬਠਿੰਡਾ ਜਿਲ੍ਹੇ ’ਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾ ਮੁੱਕੀ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਮੌਕੇ ਪੁਲਿਸ ਬੈਰੀਕੇਡਿੰਗ ਨੂੰ ਤੋੜਕੇ ਬਠਿੰਡਾ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗ ਦਿੱਤੇ ਜਿਸਤੋਂ ਬਾਅਦ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ। ਪਹਿਲੀ ਦਫ਼ਾ ਹੈ ਕਿ ਪੰਜਾਬ ਸਰਕਾਰ ਨੇ ਏਨੀ ਸਖ਼ਤੀ ਨਾਲ ਕਿਸਾਨ ਮੋਰਚੇ ਨੂੰ ਦਬਾਉਣ ਵਾਸਤੇ ਮੁਹਿੰਮ ਸ਼ੁਰੂ ਕੀਤੀ ਹੈ।
ਆਖਰੀ ਖਬਰਾਂ ਲਿਖੇ ਜਾਣ ਤੱਕ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਡਟੇ ਹੋਏ ਸਨ ਅਤੇ ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ਤੇ ਦੂਰ ਦੂਰ ਤੱਕ ਲੱਗਿਆ ਰਿਹਾ। ਜਾਮ ’ਚ ਐਂਬੂਲੈਂਸਾਂ ਫਸੀਆਂ ਰਹੀਆਂ ਅਤੇ ਆਪਣੇ ਜਰੂਰੀ ਕੰਮਾਂ ਤੇ ਵੀ ਲੋਕ ਨਾਂ ਪੁੱਜ ਸਕੇ। ਧਰਨੇ ਨੂੰ ਦੇਖਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਕਰੀਬ ਦੋ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਚੱਪੇ ਚੱਪੇ ’ਤੇ ਤਾਇਨਾਤ ਕੀਤੇ ਹੋਏ ਸਨ ਜਿੰਨ੍ਹਾਂ ਨੇ ਜ਼ਿਲ੍ਹੇ ਭਰ ਦੀ ਚੁਫੇਰਿਓਂ ਨਾਕਾਬੰਦੀ ਕੀਤੀ ਹੋਈ ਸੀ। ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਵੱਲੋਂ ਜੇਲ੍ਹ ’ਚ ਬੰਦ ਕਿਸਾਨ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸ਼ਾਂਤਮਈ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਸੀ। ਪੰਜਾਬ ਸਰਕਾਰ ਨੇ ਹਰ ਹੀਲੇ ਇਹ ਧਰਨਾ ਅਸਫਲ ਬਣਾਉਣ ਵਾਸਤੇ ਪੁਲੀਸ ਨੂੰ ਹਦਾਇਤ ਕੀਤੀ ਹੋਈ ਸੀ।
ਜਾਣਕਾਰੀ ਅਨੁਸਾਰ ਗੁਆਂਢੀ ਜ਼ਿਲ੍ਹੇ ਮੁਕਤਸਰ ਅਤੇ ਫਰੀਦਕੋਟ ਤੋਂ ਇਲਾਵਾ ਹੋਰ ਜਿਲਿ੍ਹਆਂ ਦੇ ਕਿਸਾਨ ਜ਼ਿਲ੍ਹੇ ਦੀ ਹਦੂਦ ਵਿੱਚ ਆਉਣ ’ਚ ਕਾਮਯਾਬ ਰਹੇ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹਾ ਪੁਲੀਸ ਨੇ ਵੱਡੀ ਗਿਣਤੀ ਕਿਸਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਹਿਰਾਸਤ ਵਿੱਚ ਲੈ ਲਿਆ ਜਦੋਂ ਕਿ 5 ਸੌ ਤੋਂ 1 ਹਜ਼ਾਰ ਦੇ ਕਰੀਬ ਕਿਸਾਨ ਜ਼ਿਲ੍ਹੇ ਦੀਆਂ ਸੜਕਾਂ ’ਤੇ ਨਿਕਲ ਕੇ ਵਿਰੋਧ ਦਰਜ ਕਰਾਉਣ ਵਿੱਚ ਕਾਮਯਾਬ ਰਹੇ। ਦੁਪਹਿਰ ਮਗਰੋਂ ਕਿਸਾਨਾਂ ਨੇ ਰੋਸ ਵਜੋਂ ਕਈ ਥਾਵਾਂ ਤੇ ਸੜਕਾਂ ਜਾਮ ਕਰ ਦਿੱਤੀਆਂ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿਪੁਲੀਸ ਨੇ ਸਭ ਤੋਂ ਪਹਿਲਾਂ ਬਠਿੰਡਾ ’ਚ ਇੱਕ ਕਿਸਾਨ ਕਾਫਲੇ ਨੂੰ ਹਿਰਾਸਤ ਵਿੱਚ ਲਿਆ ਹੈ। ਮੁਕਤਸਰ ਜਿਲ੍ਹੇ ਤੋਂ ਆਏ ਕਿਸਾਨ ਕਾਫਲੇ ਦੀ ਅਗਵਾਈ ਕਰਨ ਵਾਲੇ ਆਗੂਆਂ ਸਮੇਤ ਬਾਕੀ ਕਿਸਾਨਾਂ ਨੂੰ ਬਠਿੰਡਾ ਲਾਗੇ ਰੋਕ ਲਿਆ ਗਿਆ।
ਜਾਣਕਾਰੀ ਅਨੁਸਾਰ ਕਈ ਥਾਵਾਂ ਤੇ ਕਿਸਾਨਾਂ ਦੇ ਕਾਫਲਿਆਂ ਨੂੰ ਪੁਲੀਸ ਨੇ ਘੇਰਾ ਪਾਈ ਰੱਖਿਆ। ਜਿਨ੍ਹਾਂ ਪਿੰਡਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਕਾਫ਼ੀ ਪ੍ਰਭਾਵ ਹੈ,ਉਨ੍ਹਾਂ ਪਿੰਡਾਂ ’ਤੇ ਸੀਆਈਡੀ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਸੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਆਗੂ ਜਸਵੀਰ ਸਿੰਘ ਬੁਰਜ ਸੇਮਾ ਦਾ ਕਹਿਣਾ ਸੀ ਕਿ ਪੁਲੀਸ ਦੀ ਐਡੀ ਦਹਿਸ਼ਤ ਦੇ ਬਾਵਜੂਦ ਕਿਸਾਨਾਂ ਨੇ ਸੜਕਾਂ ਤੇ ਨਿਕਲ ਕੇ ਵਿਰੋਧ ਦਰਜ ਕਰਾਇਆ ਹੈ ਜੋ ਧਰਨੇ ਤੋਂ ਘੱਟ ਨਹੀਂ ਹੈ। ਉਨ੍ਹਾਂ ਆਖਿਆ ਕਿ ਬਠਿੰਡਾ ਜੇਲ੍ਹ ’ਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਅਤੇ ਸਗਨਦੀਪ ਸਿੰਘ ਦੀ ਰਿਹਾਈ ਆਦਿ ਮੰਗਾਂ ਨੂੰ ਲੈ ਕੇ ਹੀ ਉਨ੍ਹਾਂ ਦਾ ਸਿਰਫ਼ ਸ਼ਾਂਤਮਈ ਧਰਨਾ ਦੇਣ ਦਾ ਪ੍ਰੋਗਰਾਮ ਸੀ ਪ੍ਰੰਤੂ ਪੁਲੀਸ ਨੇ ਦਹਿਸ਼ਤ ਪਾ ਕੇ ਜਮਹੂਰੀ ਹੱਕ ’ਤੇ ਡਾਕਾ ਮਾਰਿਆ ਹੈ।
ਬਠਿੰਡਾ ਪੁਲੀਸ ਨੇ ਅੱਜ ਮਿੰਨੀ ਸਕੱਤਰੇਤ ’ਚ ਸਥਿਤ ਐਸਐਸਪੀ ਦਫਤਰ ਨੂੰ ਜਾਣ ਵਾਲੀ ਸੜਕ ਤੇ ਬੈਰੀਕੇਡ ਲਾਏ ਹੋਏ ਸਨ ਅਤੇ ਪੁਲਿਸ ਦਾ ਸਖਤ ਪਹਿਰਾ ਲਾਇਆ ਹੋਇਆ ਸੀ। ਸਥਿਤੀ ਇਹ ਸੀ ਕਿ ਅੱਜ ਮੀਡੀਆ ਕਰਮੀਆਂ ਨੂੰ ਵੀ ਇਸ ਤਰਫ ਦੀ ਲੰਘਣ ਨਹੀਂ ਦਿੱਤਾ ਗਿਆ । ਉਂਜ ਰਾਹਤ ਵਾਲੀ ਗੱਲ ਇਹੋ ਰਾਹ ਕਿ ਦਫਤਰਾਂ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਚੋਂ ਆਉਣ ਵਾਲਿਆਂ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਸੀ। ਪੁਲੀਸ ਦੀ ਮੋਰਚਾਬੰਦੀ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਦੂਰ ਦੂਰ ਤੱਕ ਜਾਮ ਲੱਗਿਆ ਹੋਇਆ ਸੀ । ਕਾਫੀ ਦਿੱਕਤ ਤੋਂ ਬਾਅਦ ਬਠਿੰਡਾ ਪੁੱਜੇ ਜਤਿੰਦਰ ਸਿੰਘ ਕਟਾਰੀਆ ਦਾ ਕਹਿਣਾ ਸੀ ਕਿ ਅੱਜ ਉਨ੍ਹਾਂ ਦੀ ਛੇ ਥਾਵਾਂ ’ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਥਾਂ ਅੱਜ ਪੁਲੀਸ ਦੇ ਮੋਰਚੇ ਕਰਕੇ ਖੱਜਲਖੁਆਰੀ ਜ਼ਿਆਦਾ ਹੋਈ ਹੈ।