Alert! RBI ਦੇ ਨਾਂ 'ਤੇ ਚੱਲ ਰਿਹਾ ਨਵਾਂ Voicemail Scam, ਖਾਤੇ 'ਚੋਂ ਗਾਇਬ ਹੋ ਰਹੇ ਪੈਸੇ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 24 ਨਵੰਬਰ, 2025: ਦੇਸ਼ ਭਰ ਵਿੱਚ ਧੋਖਾਧੜੀ ਦਾ ਇੱਕ ਨਵਾਂ ਅਤੇ ਖ਼ਤਰਨਾਕ ਤਰੀਕਾ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਵਿੱਚ ਸਾਈਬਰ ਅਪਰਾਧੀ (Cyber Criminals) ਲੋਕਾਂ ਨੂੰ ਫਸਾਉਣ ਲਈ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਨਾਂ ਦਾ ਸਹਾਰਾ ਲੈ ਰਹੇ ਹਨ। ਦੱਸ ਦੇਈਏ ਕਿ ਇਹ ਸ਼ਾਤਿਰ ਠੱਗ, ਲੋਕਾਂ ਨੂੰ ਨਕਲੀ ਵੌਇਸਮੇਲ (Voicemail) ਭੇਜ ਰਹੇ ਹਨ, ਜਿਸ ਵਿੱਚ ਉਹਨਾਂ ਨੂੰ ਉਨ੍ਹਾਂ ਦੇ ਖਾਤੇ 'ਚੋਂ ਪੈਸੇ ਕੱਟੇ ਜਾਣ ਜਾਂ ਖਾਤਾ ਬੰਦ ਹੋਣ ਦਾ ਡਰ ਦਿਖਾਇਆ ਜਾ ਰਿਹਾ ਹੈ। ਪੀਆਈਬੀ ਫੈਕਟ ਚੈੱਕ (PIB Fact Check) ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਇਸਨੂੰ ਪੂਰੀ ਤਰ੍ਹਾਂ ਨਾਲ ਠੱਗੀ ਕਰਾਰ ਦਿੱਤਾ ਹੈ। ਇਸ ਸਕੈਮ (Scam) ਦਾ ਅਸਲ ਮਕਸਦ ਘਬਰਾਹਟ ਪੈਦਾ ਕਰਕੇ ਲੋਕਾਂ ਕੋਲੋਂ ਉਨ੍ਹਾਂ ਦੀ ਨਿੱਜੀ ਬੈਂਕਿੰਗ ਜਾਣਕਾਰੀ ਹਥਿਆਉਣਾ ਹੈ।
'ਖਾਤਾ ਬੰਦ' ਹੋਣ ਦਾ ਦਿਖਾਉਂਦੇ ਹਨ ਡਰ
ਦੱਸ ਦਈਏ ਕਿ ਇਸ ਫਰਜ਼ੀ ਵੌਇਸਮੇਲ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਤੁਹਾਡੇ ਕ੍ਰੈਡਿਟ ਕਾਰਡ (Credit Card) ਰਾਹੀਂ ਕੁਝ ਸ਼ੱਕੀ ਲੈਣ-ਦੇਣ (Transaction) ਹੋਏ ਹਨ। ਇਸ ਤੋਂ ਬਾਅਦ ਉਹ ਚੇਤਾਵਨੀ ਦਿੰਦੇ ਹਨ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ, ਤਾਂ ਤੁਹਾਡਾ ਬੈਂਕ ਖਾਤਾ ਬੰਦ ਕਰ ਦਿੱਤਾ ਜਾਵੇਗਾ। ਇਹ ਸੰਦੇਸ਼ ਜਾਣਬੁੱਝ ਕੇ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਸੁਣਨ ਵਾਲਾ ਘਬਰਾ ਜਾਵੇ ਅਤੇ ਜਲਦਬਾਜ਼ੀ ਵਿੱਚ ਆਪਣਾ ਕਾਰਡ ਨੰਬਰ, ਪਿੰਨ (PIN) ਜਾਂ ਓਟੀਪੀ (OTP) ਅਪਰਾਧੀਆਂ ਨੂੰ ਦੱਸ ਦੇਵੇ।
ਨੰਬਰ 'Spoof' ਕਰਕੇ ਝਾਂਸੇ 'ਚ ਲੈਂਦੇ ਹਨ ਠੱਗ
ਧੋਖੇਬਾਜ਼ ਅਕਸਰ ਬੈਂਕ ਜਾਂ ਸਰਕਾਰੀ ਏਜੰਸੀ ਦੇ ਨੰਬਰ ਨੂੰ 'ਸਪੂਫ' (Spoof) ਕਰਦੇ ਹਨ, ਜਿਸ ਨਾਲ ਕਾਲ ਆਉਣ 'ਤੇ ਉਹ ਅਸਲੀ ਲੱਗਦਾ ਹੈ। ਜਿਵੇਂ ਹੀ ਕੋਈ ਵਿਅਕਤੀ ਸੰਦੇਸ਼ 'ਤੇ ਵਿਸ਼ਵਾਸ ਕਰਕੇ ਕਾਲ ਬੈਕ ਕਰਦਾ ਹੈ ਜਾਂ ਜਾਣਕਾਰੀ ਦਰਜ ਕਰਦਾ ਹੈ, ਅਪਰਾਧੀ ਉਸਨੂੰ ਵੈਰੀਫਿਕੇਸ਼ਨ (Verification) ਦੇ ਨਾਂ 'ਤੇ ਸੰਵੇਦਨਸ਼ੀਲ ਡਾਟਾ ਦੇਣ ਲਈ ਮਜਬੂਰ ਕਰ ਦਿੰਦੇ ਹਨ। ਕਈ ਮਾਮਲਿਆਂ ਵਿੱਚ ਲੋਕ ਮਿੰਟਾਂ ਵਿੱਚ ਆਪਣੀ ਪੂਰੀ ਜਮ੍ਹਾਂ-ਪੂੰਜੀ ਗੁਆ ਚੁੱਕੇ ਹਨ।
RBI ਕਦੇ ਨਹੀਂ ਕਰਦਾ ਅਜਿਹੀ ਕਾਲ
ਸਰਕਾਰ ਨੇ ਸਾਫ਼ ਕੀਤਾ ਹੈ ਕਿ RBI ਕਦੇ ਵੀ ਵੌਇਸਮੇਲ ਰਾਹੀਂ ਕੋਈ ਚੇਤਾਵਨੀ ਨਹੀਂ ਦਿੰਦਾ ਅਤੇ ਨਾ ਹੀ ਗਾਹਕਾਂ ਤੋਂ ਕਿਸੇ ਅਣਜਾਣ ਕਾਲ 'ਤੇ ਵੇਰਵੇ ਤਸਦੀਕ ਕਰਨ ਦੀ ਮੰਗ ਕਰਦਾ ਹੈ। ਇਸ ਸਕੈਮ ਤੋਂ ਸੁਰੱਖਿਅਤ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਿਸੇ ਵੀ ਅਣਜਾਣ ਕਾਲ ਜਾਂ ਵੌਇਸਮੇਲ 'ਤੇ ਭਰੋਸਾ ਨਾ ਕਰੋ।
ਜੇਕਰ ਕਿਸੇ ਸੰਦੇਸ਼ ਵਿੱਚ ਖਾਤਾ ਬਲਾਕ (Block) ਕਰਨ ਜਾਂ ਐਮਰਜੈਂਸੀ ਵਰਗੀਆਂ ਗੱਲਾਂ ਹੋਣ, ਤਾਂ ਸਿੱਧਾ ਆਪਣੇ ਬੈਂਕ ਦੇ ਅਧਿਕਾਰਤ ਨੰਬਰ 'ਤੇ ਕਾਲ ਕਰਕੇ ਪੁਸ਼ਟੀ ਕਰੋ।