350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ
350 ਖੂਨਦਾਨੀਆਂ ਨੇ ਖ਼ੂਨਦਾਨ ਕਰਕੇ ਨੌਵੇਂ ਪਾਤਸ਼ਾਹ ਜੀ ਨੂੰ ਕੀਤੀ ਸੱਚੀ ਸ਼ਰਧਾਂਜਲੀ ਭੇਟ ।
ਰਾਵਿੰਦਰ ਸਿੰਘ ਢਿੱਲੋਂ
ਖੰਨਾ , 24 ਨਵੰਬਰ 2025 :
ਸੰਨ 1999 ਵਿੱਚ 300 ਸਾਲਾ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਦਿਨ ਵਿੱਚ 5202 ਬੋਤਲਾਂ ਖ਼ੂਨਦਾਨ ਕਰਵਾਕੇ ਅਮਰੀਕਾ ਦਾ ਰਿਕਾਰਡ ਤੋੜ ਕੇ ਵਿਸ਼ਵ ਰਿਕਾਰਡ ਬਣਾਉਣ ਵਾਲ਼ੇ ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਦੀ ਰਹਿਨੁਮਾਈ ਹੇਠ ਤਿਲਕ ਜੰਝੂ ਦੇ ਰਾਖੇ , ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ , ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਸਤੀ ਦਾਸ ਜੀ ਅਤੇ ਸ਼ਹੀਦ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਗੁ: ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ 10ਵਾਂ ਵਿਸ਼ਾਲ ਖ਼ੂਨਦਾਨ ਕੈੰਪ ਲਗਾਇਆ ਗਿਆ । 10ਵੇਂ ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਮਹਾਂਪੁਰਸ਼ਾਂ ਦੇ ਹਜ਼ੂਰੀ ਜੱਥੇ ਦੇ ਸਿੰਘਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਉਦਘਾਟਨ ਉਪਰੰਤ ਵਿਧਾਇਕ ਗਿਆਸਪੁਰਾ ਨੇ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਢੱਕੀ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਉੱਚੀ ਤੇ ਸੁੱਚੀ ਸੋਚ ਦਾ ਸਦਕਾ ਉਹਨਾ ਦੇ ਇੱਕ ਇਸ਼ਾਰੇ ਤੇ ਹਜਾਰਾਂ ਲੱਖਾਂ ਸੰਗਤਾਂ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਤੇ ਹੋਰ ਸੇਵਾਵਾਂ ਕਰਨ ਲਈ ਤਤਪਰ ਰਹਿੰਦੀਆਂ ਹਨ। ਮਹਾਂਪੁਰਸ਼ਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਥੋੜੀ ਹੈ ਜੋ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਕੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾ ਤੇ ਸਤਿਕਾਰ ਭੇਟ ਕਰ ਰਹੇ ਹਨ। ਵਿਧਾਇਕ ਗਿਆਸਪੁਰਾ ਵੱਲੋਂ ਖ਼ੂਨਦਾਨ ਕਰਨ ਵਾਲ਼ੇ ਖੂਨਦਾਨੀਆਂ ਨੂੰ ਸਰਟੀਫਿਕੇਟ, ਸਨਮਾਨ ਚਿੰਨ੍ਹ, ਤੇ ਬੈਚ ਲਗਾਕੇ ਸਨਮਾਨਿਤ ਕੀਤਾ ਗਿਆ। ਉਪਰੰਤ ਜਿੱਥੇ ਵਿਧਾਇਕ ਗਿਆਸਪੁਰਾ, ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ, ਸੰਤ ਰੇਨ ਬਾਬਾ ਲਖਵੀਰ ਸਿੰਘ ,ਭਾਈ ਮਹਿੰਦਰ ਸਿੰਘ ਅੰਬੇ ਮਾਜਰਾ ,ਭਾਈ ਜਸਵੀਰ ਸਿੰਘ ਲੋਪੋਂ, ਸੰਜੀਵ ਕੁਮਾਰ ਅਫਰੀਕਾ, ਤੋਂ ਇਲਾਵਾ ਧਾਰਮਿਕ ਅਤੇ ਰਾਜਸੀ ਸ਼ਖ਼ਸੀਅਤਾਂ ਦਾ ਜੱਥੇ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਥੇ ਵੱਖ ਵੱਖ ਬਲੱਡ ਬੈਂਕਾਂ ਤੋਂ ਆਏ ਡਾਕਟਰ ਸਹਿਬਾਨਾਂ ਦੀਆ ਟੀਮਾਂ ਦਾ ਸਨਮਾਨ ਵੀ ਕੀਤਾ ਗਿਆ।
ਵਿਦੇਸ਼ ਫੇਰੀ ਤੇ ਗਏ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਖੂਨਦਾਨ ਕੈੰਪ ਤੇ ਸਿੱਧੇ ਪ੍ਰਸਾਰਣ ਰਾਹੀਂ ਖੂਨਦਾਨੀਆਂ ਦੀ ਹੌਂਸਲਾਂ ਅਫਜਾਈ ਕੀਤੀ। ਮਹਾਂਪੁਰਸ਼ਾਂ ਵੱਲੋਂ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਖੂਨਦਾਨ ਕਰਨ ਦਾ ਨਿਸ਼ਾਨਾ 350 ਬੋਤਲਾਂ ਹੀ ਮਿੱਥਿਆ ਹੋਇਆ ਸੀ ਪਰ ਖ਼ੂਨਦਾਨ ਕਰਨ ਵਾਲੇ ਦਾਨੀਆਂ ਦੀ ਵੱਡੀ ਗਿਣਤੀ ਵਿੱਚ ਭੀੜ ਉਮੜੀ ਹੋਈ ਸੀ। ਇਸ ਕੈਂਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਤੋਂ ਇਲਾਵਾ ਆਸਟ੍ਰੇਲੀਆ ਤੇ ਅਫਰੀਕਾ ਤੋਂ ਵੀ ਪਹੁੰਚ ਕੇ ਖੂਨਦਾਨੀਆ ਨੇ ਖੂਨਦਾਨ ਕੀਤਾ। 10ਵੇਂ ਵਿਸ਼ਾਲ ਖੂਨਦਾਨ ਕੈਂਪ ਸਬੰਧੀ ਜਾਣਕਾਰੀ ਦਿੰਦਿਆ ਭਾਈ ਗੁਰਦੀਪ ਸਿੰਘ ਤੇ ਭਾਈ ਹਰਵੰਤ ਸਿੰਘ ਢੱਕੀ ਸਾਹਿਬ ਨੇ ਦੱਸਿਆ ਕਿ ਇਸ ਵਿਸ਼ਾਲ ਖ਼ੂਨਦਾਨ ਕੈੰਪ ਵਿੱਚ ਢੱਕੀ ਸਾਹਿਬ ਦੇ ਜੱਥੇ ਦੇ ਸਿੰਘਾ ਅਤੇ ਸੰਗਤਾਂ ਵੱਲੋਂ 350 ਬੋਤਲਾਂ ਖ਼ੂਨਦਾਨ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਸਾਹਿਬ ਨਾਲ ਧਰਮ ਲਈ ਕੁਰਬਾਨ ਹੋਣ ਵਾਲ਼ੇ ਗੁਰੂ ਕੇ ਪਿਆਰੇ ਸਿੱਖਾਂ ਨੂੰ ਸੱਚੀ ਸ਼ਰਧਾ ਤੇ ਸਤਿਕਾਰ ਭੇਟ ਕੀਤੀ ਗਈ ਹੈ । ਵਿਸ਼ਾਲ ਖੂਨਦਾਨ ਕੈਂਪ ਦੀ ਸੰਪੂਰਨਤਾ ਉਪਰੰਤ ਸੰਤ ਬਾਬਾ ਦਰਸ਼ਨ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਨੂੰ ਇਕੱਤਰ ਕੀਤੇ ਖ਼ੂਨ ਨਾਲ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਦੋ ਵਾਰ ਤੋਲਿਆ ਗਿਆ। ਇਹ ਖੂਨਦਾਨ ਕੈੰਪ ਇੱਕ ਮਹਾਨ ਯਾਦਗਾਰ ਹੋ ਨਿੱਬੜਿਆ।