24x7 ਨਹਿਰੀ ਪਾਣੀ ਪ੍ਰਾਜੈਕਟ ’ਤੇ ਸਵਾਲ: ਬੰਸਲ ਸਵੀਟਸ ਨੇੜੇ ਤੀਜੀ ਵਾਰ ਪਾਣੀ ਲੀਕ, ਸੜਕ ਧੱਸਣ ਲੱਗੀ
---ਤੁਰੰਤ ਮੁਰੰਮਤ ਨਾ ਹੋਈ ਤਾਂ ਮਿੱਟੀ ਖੁਰਨ ਕਾਰਨ ਬਣ ਸਕਦਾ ਹੈ ਵੱਡਾ ਖੱਡਾ, ਹਾਦਸੇ ਦਾ ਖ਼ਤਰਾ
ਸੁਖਮਿੰਦਰ ਭੰਗੂ
ਲੁਧਿਆਣਾ, 28 ਅਗਸਤ 2026
ਲੁਧਿਆਣਾ ਵਿੱਚ ਵਿਸ਼ਵ ਬੈਂਕ ਪ੍ਰਾਜੈਕਟ ਤਹਿਤ ਚੱਲ ਰਹੇ 24x7 ਨਹਿਰੀ ਪਾਣੀ ਪ੍ਰਾਜੈਕਟ ਦੀ ਗੁਣਵੱਤਾ ਅਤੇ ਨਿਗਰਾਨੀ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਕ੍ਰਿਸ਼ਨਾ ਮੰਦਰ ਨੂੰ ਜਾਂਦੀ ਸੜਕ ’ਤੇ ਬੰਸਲ ਸਵੀਟਸ ਦੇ ਸਾਹਮਣੇ ਪਾਈਪਲਾਈਨ ਵਿਛਾਉਣ ਤੋਂ ਬਾਅਦ ਤੀਜੀ ਵਾਰ ਪਾਣੀ ਲੀਕ ਹੋਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਸੜਕ ਦਾ ਇੱਕ ਹਿੱਸਾ ਹੌਲੀ-ਹੌਲੀ ਧੱਸਣ ਲੱਗ ਪਿਆ ਹੈ।
ਸੋਸ਼ਲ ਐਕਟੀਵਿਸਟ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਇਸ ਸੜਕ ਦੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਮੁਤਾਬਕ ਪਹਿਲਾਂ ਸੜਕ ਹੌਲੀ-ਹੌਲੀ ਹੇਠਾਂ ਬੈਠ ਰਹੀ ਸੀ ਅਤੇ ਹੁਣ ਇਸ ਸਥਾਨ ’ਤੇ ਪਾਣੀ ਲੀਕ ਹੋਣ ਦੀ ਸਮੱਸਿਆ ਵੀ ਸਾਹਮਣੇ ਆ ਗਈ ਹੈ।
ਵੱਡੇ ਹਾਦਸੇ ਦਾ ਬਣ ਸਕਦਾ ਹੈ ਕਾਰਨ
ਅਰਵਿੰਦ ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਣੀ ਦੀ ਲੀਕੇਜ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਅਤੇ ਧੱਸੀ ਹੋਈ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ ਪਾਣੀ ਮਿੱਟੀ ਨੂੰ ਅੰਦਰੋਂ ਖੋਰ ਸਕਦਾ ਹੈ। ਇਸ ਨਾਲ ਸੜਕ ਦੇ ਹੇਠਾਂ ਖਾਲੀ ਥਾਂ ਬਣ ਕੇ ਇੱਕ ਵੱਡਾ ਖੱਡਾ ਜਾਂ ਕੇਵਿਨ (cave-in) ਬਣ ਸਕਦਾ ਹੈ, ਜਿਸ ਕਾਰਨ ਵਾਹਨ ਚਾਲਕਾਂ, ਦੋਪਹੀਆ ਸਵਾਰਾਂ ਅਤੇ ਪੈਦਲ ਲੋਕਾਂ ਲਈ ਗੰਭੀਰ ਹਾਦਸੇ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਸੜਕ ਦੀ ਖੁਦਾਈ ਤੋਂ ਬਾਅਦ ਕੀਤੀ ਗਈ ਰੀਸਟੋਰੇਸ਼ਨ ਵੀ ਮਿਆਰੀ ਨਜ਼ਰ ਨਹੀਂ ਆ ਰਹੀ। ਜੇਕਰ ਸੜਕ ਨੂੰ ਢੰਗ ਨਾਲ ਦੁਬਾਰਾ ਤਿਆਰ ਨਾ ਕੀਤਾ ਗਿਆ ਹੋਵੇ ਤਾਂ ਹੇਠਲੀ ਮਿੱਟੀ ਦੇ ਬੈਠਣ ਅਤੇ ਪਾਣੀ ਦੀ ਲੀਕੇਜ ਨਾਲ ਸੜਕ ਮੁੜ ਧੱਸ ਸਕਦੀ ਹੈ।
ਨਿਗਰਾਨੀ ਪ੍ਰਬੰਧ ’ਤੇ ਵੀ ਉੱਠੇ ਸਵਾਲ
ਸ਼ਰਮਾ ਨੇ ਨਗਰ ਨਿਗਮ ਤੋਂ ਸਵਾਲ ਕੀਤਾ ਕਿ ਇੱਕੋ ਇਲਾਕੇ ਵਿੱਚ ਵਾਰ-ਵਾਰ ਪਾਣੀ ਲੀਕ ਹੋਣ ਅਤੇ ਸੜਕ ਧੱਸਣ ਦੀਆਂ ਘਟਨਾਵਾਂ ਕਿਉਂ ਸਾਹਮਣੇ ਆ ਰਹੀਆਂ ਹਨ, ਜਦੋਂਕਿ ਪ੍ਰਾਜੈਕਟ ਦੀ ਨਿਯਮਤ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਦੇ ਦਾਅਵੇ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਰੱਖੜੀ ਦਾ ਤਿਉਹਾਰ ਹੈ ਅਤੇ ਇਸ ਤੋਂ ਬਾਅਦ ਹਫ਼ਤੇ ਦੇ ਅਖੀਰ ਦੀਆਂ ਛੁੱਟੀਆਂ ਹਨ। ਇਸ ਲਈ ਛੁੱਟੀਆਂ ਨੂੰ ਕਾਰਵਾਈ ਵਿੱਚ ਦੇਰੀ ਦਾ ਕਾਰਨ ਨਹੀਂ ਬਣਾਇਆ ਜਾਣਾ ਚਾਹੀਦਾ। ਨਗਰ ਨਿਗਮ ਦੀ ਟੀਮ ਨੂੰ ਤੁਰੰਤ ਮੌਕੇ ’ਤੇ ਪਹੁੰਚ ਕੇ ਲੀਕੇਜ ਬੰਦ ਕਰਨ ਅਤੇ ਸੜਕ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
ਮੁੱਖ ਮੰਗਾਂ
ਪਾਣੀ ਦੀ ਲੀਕੇਜ ਤੁਰੰਤ ਬੰਦ ਕੀਤੀ ਜਾਵੇ।
ਧੱਸੀ ਹੋਈ ਸੜਕ ਦੀ ਫੌਰੀ ਮੁਰੰਮਤ ਕੀਤੀ ਜਾਵੇ।
ਸੜਕ ਦੀ ਰੀਸਟੋਰੇਸ਼ਨ ਦੇ ਕੰਮ ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇ ਅਤੇ ਲਾਪਰਵਾਹੀ ਲਈ ਜ਼ਿੰਮੇਵਾਰ ਠੇਕੇਦਾਰ ਅਤੇ ਨਿਗਰਾਨ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਪ੍ਰਾਜੈਕਟ ਦੀ ਸਖ਼ਤ ਨਿਗਰਾਨੀ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜੇਕਰ ਲੀਕੇਜ ਕਾਰਨ ਸੜਕ ਹੇਠਲੀ ਮਿੱਟੀ ਖੁਰਦੀ ਰਹੀ ਅਤੇ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਛੋਟੀ ਜਿਹੀ ਲੀਕੇਜ ਵੱਡੇ ਸੜਕ ਧੱਸਣ ਜਾਂ ਕੇਵਿਨ ਦਾ ਰੂਪ ਧਾਰ ਸਕਦੀ ਹੈ, ਜਿਸ ਨਾਲ ਤਿਉਹਾਰੀ ਦਿਨਾਂ ਦੌਰਾਨ ਗੰਭੀਰ ਹਾਦਸਾ ਵਾਪਰਨ ਦਾ ਖ਼ਤਰਾ ਬਣ ਸਕਦਾ ਹੈ। ਇਸ ਸਬੰਧ ਵਿੱਚ ਜਦੋਂ 24,×7 ਵਾਟਰ ਸਪਲਾਈ ਪ੍ਰੋਜੈਕਟ ਦੇ ਐਸਡੀਓ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਲਿਖੇ ਸਾਡੇ ਪ੍ਰੋਜੈਕਟ ਤੇ ਅੰਡਰ ਨਹੀਂ ਹੈ ਕਿਉਂਕਿ ਸਾਡੀ ਜਿਹੜੀ ਪਾਈਪਾਂ ਪਾਈਆਂ ਹੋਈਆਂ ਹਨ ਉਹਨਾਂ ਵਿੱਚ ਵਾਟਰ ਸਪਲਾਈ ਹਜੇ ਚਾਲੂ ਨਹੀਂ ਹੋਈ ਇਹ ਕਿਸੇ ਦਾ ਨਿਜੀ ਕਨੈਕਸ਼ਨ ਲੀਕ ਹੋਏਗਾ ਤਾਂ ਇਹ ਲੀਕੇਜ ਹੋ ਰਹੀ ਹੈ। ਪਰ ਇੱਥੇ ਹੀ ਨਾਲ ਇਹ ਵਿਚਾਰਨਯੋਗ ਗੱਲ ਹੈ ਕਿ ਜਦੋਂ 24×7 ਵਾਟਰ ਸਪਲਾਈ ਪ੍ਰੋਜੈਕਟ ਵੱਲੋਂ ਪ੍ਰੋਜੈਕਟ ਚਾਲੂ ਕਰਨ ਲਈ ਖੁਦਾਈ ਕੀਤੀ ਗਈ ਸੀ ਤੇ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਕੀਤਾ ਗਿਆ ਸੀ ਉਸ ਤੋਂ ਬਾਅਦ ਸੜਕ ਬਣਾ ਦਿੱਤੀ ਜਾਂਦੀ ਹੈ ਨਗਰ ਨਿਗਮ ਵੱਲੋਂ ਤੇ ਉਸ ਚੀਜ਼ ਨੂੰ ਕਿਸੇ ਵੱਲੋਂ ਨਹੀਂ ਦੇਖਿਆ ਜਾ ਰਿਹਾ ਕਿ ਇਹ ਲੀਕੇਜ ਪੁਰਾਣੀ ਪਾਈਪ ਤੇ ਦਬਾਅ ਪੈਣ ਨਾਲ ਇਹ ਹੋ ਸਕਦੀ ਹੈ। 24×7 ਵਾਟਰ ਸਪਲਾਈ ਵੱਲੋਂ ਪੱਲਾ ਤਾਂ ਝਾੜ ਦਿੱਤਾ ਗਿਆ ਪਰ ਆਮ ਜਨਤਾ ਨੂੰ ਇਸ ਚੀਜ਼ ਦਾ ਖਮਿਆਜਾ ਭੁਗਤਨਾ ਪੈ ਰਿਹਾ ਹੈ।
- Download Babushahi App
-
-