“ਮੇਲਾ ਮਾਵਾਂ ਅਤੇ ਧੀਆਂ ਦਾ” ਪਲੇਠੇ ਪ੍ਰੋਗਰਾਮ ਨੇ ਕਰਮਨ ਸ਼ਹਿਰ ਨੂੰ ਦਿੱਤੀ ਸੱਭਿਆਚਾਰਕ ਰੰਗਤ
“ਪੰਜਾਬੀਆਂ ਦੇ ਨਾਲ ਅਮੈਰੀਕਨ ਵੀ ਨੱਚੇ”
ਫਰਿਜ਼ਨੋ, ਕੈਲੇਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜ਼ਨੋ ਦਾ ਨਜ਼ਦੀਕੀ ਸ਼ਹਿਰ ਕਰਮਨ ਪੰਜਾਬੀ ਭਾਈਚਾਰੇ ਦਾ ਪਸੰਦੀਦਾ ਸਥਾਨ ਬਣ ਗਿਆ ਹੈ। ਇੱਥੇ ਪੰਜਾਬੀ ਭਾਈਚਾਰੇ ਦੀ ਵੱਸੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਹੈ। ਪਰ ਇੱਥੇ ਪਹਿਲੀ ਵਾਰ ਗੁਰਮੋਹਨ ਕੌਰ ਉੱਭੀ, ਕਿਰਨਜੋਤ ਕੌਰ ਢੇਸੀ, ਜਸਵੀਰ ਕੌਰ ਹੀਰ, ਪਰਮਜੀਤ ਕੌਰ ਗਰੇਵਾਲ, ਨਛੱਤਰ ਕੌਰ ਬਾਸੀ, ਜਗਜੋਤ ਕੌਰ ਢੇਸੀ, ਭਜਨ ਕੌਰ ਢੇਸੀ ਦੇ ਯਤਨਾਂ ਸਦਕਾ “ਮਾਵਾਂ ਅਤੇ ਧੀਆਂ ਦਾ ਮੇਲਾ” ਕਰਵਾਇਆ ਗਿਆ।
ਇਹ ਪ੍ਰੋਗਰਾਮ ਰੋਟਰੀ ਪਾਰਕ ਕਰਮਨ ਦੀਆਂ ਖੁੱਲ੍ਹੀਆਂ ਗਰਾਉਡਾ ਵਿੱਚ ਦਰੱਖਤਾਂ ਦੀ ਛਾਵੇ ਸ਼ੁਰੂ ਹੋਇਆ ਅਤੇ ਹਨੇਰਾ ਹੋਣ ਤੇ ਲਾਈਟਾ ਦੀ ਰੋਸ਼ਨੀ ਵਿੱਚ ਲੰਮਾ ਸਮਾਂ ਚੱਲਿਆ। ਇਸ ਵਿੱਚ ਇਲਾਕੇ ਭਰ ਤੋਂ ਮਾਵਾਂ, ਧੀਆਂ ਅਤੇ ਭੈਣਾਂ ਨੇ ਰਲ ਲਾਈਵ ਬੋਲੀਆਂ ਪਾਉਦੇ ਹੋਏ ਰਿਵਾਇਤੀ ਢੰਗ ਨਾਲ ਖੁਸ਼ੀਆਂ ਮਨਾਈਆਂ ਗਈਆਂ। ਇਸ ਦੇ ਨਾਲ-ਨਾਲ ਐਨ. ਡੀ. ਬ੍ਰਦਰਜ਼ ਵੱਲੋਂ ਡੀ. ਜੇ. ਦੀਆਂ ਸੇਵਾਵਾਂ ਵੀ ਦਿੱਤੀਆਂ ਗਈਆਂ। ਇਸ ਪ੍ਰੋਗਰਾਮ ਦਾ ਮਹੌਲ ਵੀ ਜਿੱਥੇ ਮਾਵਾਂ-ਧੀਆਂ ਦੇ ਵਿਰਾਸਤੀ ਰੰਗਾਂ ਦੀ ਯਾਦ ਦਿਵਾਉਂਦਾ ਸੀ ਉਥੇ ਤੀਆਂ ਵਾਂਗ ਪੈ ਰਹੇ ਵੱਖ-ਵੱਖ ਗਰੁੱਪਾਂ ਵਿੱਚ ਗਿੱਧੇ ਨੇ ਵੀ ਖੂਬ ਰੌਣਕਾਂ ਲਾਈਆਂ ਹੋਈਆਂ ਸਨ। ਇਸ ਪਰਿਵਾਰਿਕ ਪ੍ਰੋਗਰਾਮ ਦੌਰਾਨ ਖਾਣਿਆਂ ਦੇ ਸਟਾਲਾਂ ਤੋਂ ਇਲਾਵਾ ਗਹਿਣੇ ਅਤੇ ਕੱਪੜਿਆਂ ਦੇ ਸਟਾਲ ਵੀ ਹਾਜ਼ਰ ਔਰਤਾਂ ਲਈ ਖਿੱਚ ਦਾ ਕੇਂਦਰ ਰਹੇ।
ਇਸ ਮੇਲੇ ਦੌਰਾਨ ਵੱਖ-ਵੱਖ ਅਮਰੀਕੀ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਏ ਅਤੇ ਅੱਗੇ ਤੋਂ ਇਸੇ ਤਰ੍ਹਾਂ ਸਮਰਥਨ ਦੇਣ ਦੀ ਵਚਨਬੱਧਤਾ ਪ੍ਰਗਟਾਈ। ਕਰਮਨ ਸ਼ਹਿਰ ਦੀ ਅਮੈਰੀਕਨ ਮੂਲ ਦੀ ਮੇਅਰ ਮਰੀਆ ਪੈਚੀਕੋ ਨੇ ਮੇਲੇ ਵਿੱਚ ਸ਼ਾਮਲ ਹੋ ਕੇ ਜਿੱਥੇ ਵਿਚਾਰਾਂ ਦੀ ਸਾਂਝ ਪਾਈ, ਉੱਥੇ ਔਰਤਾਂ ਨਾਲ ਰਲ ਕੇ ਸਾਰੇ ਪ੍ਰੋਗਰਾਮ ਦੌਰਾਨ ਨੱਚਦੀ ਨਜ਼ਰ ਆਈ। ਕਰਮਨ ਸ਼ਹਿਰ ਦੀ ਪੁਲਿਸ ਵੱਲੋਂ ਨੁਮਾਇੰਦਗੀ ਕਰਦੇ ਹੋਏ ਅਫਸਰ ਬੀਬੀ ਟੈਰੀ ਕੱਬਉਜ ਅਤੇ ਹੋਰ ਵੀ ਅਮੈਰੀਕਨ ਮੂਲ ਦੀਆਂ ਔਰਤਾਂ ਅਤੇ ਬੱਚੀਆਂ ਨੇ ਪੰਜਾਬੀਆਂ ਨਾਲ ਰਲ ਕੇ ਖੂਬ ਅਨੰਦ ਮਾਣਿਆ। ਬੇਸ਼ੱਕ ਕਰਮਨ ਸ਼ਹਿਰ ਤੀਆਂ ਨੂੰ ਸਮਰਪਿਤ ਪਹਿਲਾ ਪ੍ਰੋਗਰਾਮ ਸੀ, ਪਰ ਇਸ ਮਾਵਾਂ ਅਤੇ ਧੀਆਂ ਦੇ ਮੇਲੇ ਨੂੰ ਸਫਲ ਬਣਾਉਣ ਵਿੱਚ ਇਲਾਕੇ ਭਰ ਦੀਆਂ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇਸ ਸਮੇਂ ਹਾਜਰੀਨ ਲਈ ਬਹੁਤ ਸਾਰੇ ਰੈਫਲ ਡਰਾਅ ਵੀ ਕੱਢੇ ਗਏ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਸੇਵਾ ਗੁਰਮੋਹਨ ਉੱਭੀ ਅਤੇ ਕਿਰਨਜੋਤ ਢੇਸੀ ਨੇ ਬਾਖੂਬੀ ਨਿਭਾਈ। ਸਾਰੇ ਪ੍ਰੋਗਰਾਮ ਦੇ ਪ੍ਰਬੰਧਾ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ “ਅਮੈਰੀਕਨ ਪੰਜਾਬੀ ਸਿੱਖ ਕਮਿਊਨਿਟੀ” ਕਰਮਨ ਦੇ ਮੈਂਬਰਾਂ ਨੇ ਰਲ ਕੇ ਪ੍ਰਬੰਧ ਕੀਤੇ ਹੋਏ ਸਨ। ਅੰਤ ਭਾਰੀ ਇਕੱਠ ਵਿੱਚ ਰੌਣਕਾਂ ਲਾਉਂਦਾ ਇਹ ਮਾਵਾਂ ਅਤੇ ਧੀਆਂ ਦਾ ਪਲੇਠਾ ਮੇਲਾ ਅਗਲੇ ਸਾਲ ਇਸੇ ਤਰ੍ਹਾਂ ਮਿਲਣ ਦੇ ਵਾਅਦੇ ਨਾਲ ਯਾਦਗਾਰੀ ਹੋ ਨਿਬੜਿਆ।
- Download Babushahi App
-
-