ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਆਰਥਿਕ ਸਹਾਇਤਾ
ਅਸ਼ੋਕ ਵਰਮਾ
ਬਰਨਾਲਾ 5 ਫਰਵਰੀ 2026: ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ, ਇਨਕਲਾਬੀ ਕੇਂਦਰ ਪੰਜਾਬ ਅਤੇ ਸਾਥੀ ਬਿੱਕਰ ਸਿੰਘ ਔਲਖ ਅਤੇ ਡਾ ਜਸਬੀਰ ਸਿੰਘ ਔਲਖ ਦੀ ਪ੍ਰੇਰਨਾ ਸਦਕਾ ਗੁਰਬਚਨ ਸਿੰਘ ਸੋਹੀ ਅਤੇ ਪ੍ਰੀਤਮ ਮਹਿੰਦਰ ਸਿੰਘ ਸੇਖੋਂ ਪ੍ਰੀਵਾਰ(ਅਮਰੀਕਾ) ਵੱਲੋਂ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਹਿੱਤ ਦੋ ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਸੀਨੀਅਰ ਸੈਕੰਡਰੀ ਸਕੂਲ ਟਿੱਬਾ (ਕਪੂਰਥਲਾ) ਦਸਮੇਸ਼ ਅਕੈਡਮੀ ਅਤੇ ਅਕਾਲ ਅਕੈਡਮੀ ਅੱਲਾਦਾਦ (ਕਪੂਰਥਲਾ) ਦੇ ਲੋੜਬੰਦ ਵਿਦਿਆਰਥੀਆਂ ਨੂੰ ਆਵਾਜਾਈ ਦੀ ਸਹੂਲਤ ਲਈ ਰਾਸ਼ੀ ਮੁੱਹਈਆ ਕਰਵਾਈ ਗਈ।
ਇਸ ਮੌਕੇ ਇਨਕਲਾਬੀ ਕੇਂਦਰ ਵੱਲੋਂ ਸਾਥੀ ਡਾ.ਰਜਿੰਦਰ ਪਾਲ ਬਰਨਾਲਾ, ਸੁਖਵਿੰਦਰ ਠੀਕਰੀਵਾਲਾ, ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਵੱਲੋਂ ਬਲਵੰਤ ਸਿੰਘ ਅਤੇ ਬਚਿੱਤਰ ਸਿੰਘ ਲੋੜਬੰਦ ਵਿਦਿਆਰਥੀਆਂ ਲਈ ਫੀਸਾਂ ਅਤੇ ਆਵਾਜਾਈ ਦੀ ਸਹੂਲਤ ਲਈ ਨਗਦ ਰਾਸ਼ੀ ਲੈਕੇ ਪਹੁੰਚੇ ਸਨ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੇਵਾਲ, ਮਨਜਿੰਦਰ ਕਮਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਰਮਜੀਤ ਸਿੰਘ ਬਾਉਪੁਰ ਦੀ ਅਗਵਾਈ ਵਿੱਚ ਪਹੁੰਚੇ ਸਾਥੀਆਂ ਦਾ ਸਕੂਲ/ਅਕੈਡਮੀ ਪ੍ਰਿੰਸੀਪਲ ,ਸਟਾਫ ਅਤੇ ਵਿਦਿਆਰਥੀਆਂ ਵੱਲੋਂ ਆਗੂ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਡਾ ਰਜਿੰਦਰ ਪਾਲ ਅਤੇ ਹਰਜਿੰਦਰ ਸਿੰਘ ਰਾਣਾ ਸੈਦੇਵਾਲ, ਪਰਮਜੀਤ ਸਿੰਘ ਬਾਉਪੁਰ ਨੇ ਹੜ੍ਹਾਂ ਦੇ ਆਉਣ ਦੇ ਕਾਰਨਾਂ ਬਾਰੇ ਕਿਹਾ ਕਿ ਇਹ ਕੋਈ ਕੁਦਰਤੀ ਕ੍ਰੋਪੀ ਨਹੀਂ, ਸਗੋਂ ਕਾਰਪੋਰੇਟੀ ਘਰਾਣਿਆਂ ਦੀ ਹਿੱਤਾਂ ਦੀ ਪੂਰਤੀ ਲਈ ਕੀਤਾ ਜਾ ਰਿਹਾ ਵਿਕਾਸ ਮਾਡਲ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਦੀ ਗੈਰ ਜਿੰਮੇਵਾਰਾਨਾ ਪਹੁੰਚ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰਦੀ ਹੈ। ਦੋ ਮਹੀਨਿਆਂ ਤੋਂ ਵੀ ਵੱਧ ਸਮਾਂ ਬੀਤ ਜਾਣ ਵੀ ਦੋਵੇਂ ਸਰਕਾਰਾਂ ਵੱਲੋਂ ਗਰਾਊਂਡ ਪੱਧਰ ਤੇ ਕੁੱਝ ਵੀ ਨਹੀਂ ਕੀਤਾ ਗਿਆ।
ਡੀਟੀਐਫ ਜ਼ਿਲ੍ਹਾ ਬਰਨਾਲਾ ਦੇ ਸਕੱਤਰ ਨਿਰਮਲ ਸਿੰਘ ਚੁਹਾਣਕੇ, ਤੇਜਿੰਦਰ ਸਿੰਘ ਨੇ ਕਿਹਾ ਕਿ ਕੌਮ ਦਾ ਨਿਰਮਾਣ ਵਿਦਿਆਰਥੀਆਂ ਲਈ ਪੀਣਯੋਗ ਪਾਣੀ, ਪੜ੍ਹਨ ਲਈ ਕਿਤਾਬਾਂ, ਸਟੇਸ਼ਨਰੀ, ਵਰਦੀਆਂ ਆਦਿ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਮਜ਼ਦੂਰ ਪ੍ਰੀਵਾਰ ਦੇ ਬੱਚਿਆਂ ਸਮੇਤ ਛੋਟੀਆਂ ਜੋਤਾਂ ਦੇ ਮਾਲਕ ਕਿਸਾਨੀ ਨੂੰ ਵੀ ਹੜ੍ਹਾਂ ਦੀ ਬਰਬਾਦੀ ਨੇ ਕੱਖੋਂ ਹੌਲੇ ਕਰ ਦਿੱਤਾ ਹੈ। ਇਹ ਪ੍ਰੀਵਾਰ ਆਪਣੇ ਬੱਚਿਆਂ ਦੀਆਂ ਫੀਸਾਂ ਅਤੇ ਟਰਾਂਸਪੋਰਟ ਦੇ ਖਰਚੇ ਭਰਨ ਤੋਂ ਵੀ ਅਸਮਰੱਥ ਹਨ। ਇਸ ਲਈ ਤਕਰੀਬਨ 20 ਲੋੜਬੰਦ ਬੱਚਿਆਂ ਦੀਆਂ ਫੀਸਾਂ ਅਤੇ ਟਰਾਂਸਪੋਰਟ ਦੇ ਦੋ ਲੱਖ ਤੋਂ ਵੱਧ ਖ਼ਰਚੇ ਦੀ ਜ਼ਿੰਮੇਵਾਰੀ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਹੜ੍ਹ ਪੀੜਤ ਲੋਕਾਂ ਦੀ ਬਾਂਹ ਸਮਾਜ ਸੇਵੀ ਸੰਸਥਾਵਾਂ, ਜਨਤਕ ਜਮਹੂਰੀ ਜਥੇਬੰਦੀਆਂ ਨੇ ਹੀ ਫੜੀ ਹੈ। ਸੁਖਵਿੰਦਰ ਠੀਕਰੀਵਾਲਾ, ਬਲਵੰਤ ਸਿੰਘ ਬਰਨਾਲਾ ਅਤੇ ਬਚਿੱਤਰ ਸਿੰਘ ਨੇ ਕਿਹਾ ਕਿ ਇਨਕਲਾਬੀ ਕੇਂਦਰ ਪੰਜਾਬ, ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਸੇਵਾ, ਸੰਘਰਸ਼, ਮੁਕਤੀ ਦੇ ਪੈਗ਼ਾਮ ਤਹਿਤ ਇਹ ਯੋਗਦਾਨ ਸਮਾਜ ਦੇ ਸੂਝਵਾਨ ਹਿੱਸਿਆਂ ਅਤੇ ਬਰਨਾਲਾ ਅਤੇ ਰਾਮਪੁਰਾ ਦੇ ਟੀਐਸਯੂ ਕਾਮਿਆਂ, ਸਮਾਜ ਸੇਵਾ ਲਈ ਤਤਪਰ ਸੇਖੋਂ ਅਤੇ ਸੋਹੀ ਪੰਜਾਬੀ (ਅਮਰੀਕੀ) ਪ੍ਰੀਵਾਰ ਦੇ ਸਰਗਰਮ ਸਹਿਯੋਗ ਨਾਲ ਕਰਨ ਵਿੱਚ ਸੰਭਵ ਹੋ ਸਕਿਆ ਹੈ।
ਆਗੂਆਂ ਕਿ ਹੜ੍ਹਾਂ ਅਤੇ ਹੋਰ ਅਜਿਹੀਆਂ ਬਿਪਤਾਵਾਂ ਦੀ ਜੜ੍ਹ ਇੱਥੋਂ ਦਾ ਪ੍ਰਬੰਧ ਹੈ। ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨੂੰ ਜਥੇਬੰਦਕ ਸੰਘਰਸ਼ ਰਾਹੀਂ ਸਰਕਾਰਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਅਲਾਮਤਾਂ ਤੋਂ ਮੁਕੰਮਲ ਮੁਕਤੀ ਲਈ ਨਵੇਂ ਲੋਕ ਪੱਖੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਵੱਲ ਵਧਣ ਦੀ ਲੋੜ ਹੈ। ਸਕੂਲ/ਅਕੈਡਮੀ ਮੁਖੀਆਂ ਕੁਲਵਿੰਦਰ ਸਿੰਘ ਅਤੇ ਨਿਰਮਲ ਸਿੰਘ ਨੇ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ, ਇਨਕਲਾਬੀ ਕੇਂਦਰ ਪੰਜਾਬ, ਸੇਖੋਂ ਅਤੇ ਸੋਹੀ ਪ੍ਰੀਵਾਰ ਦਾ ਪੂਰੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਗਿਆ। ਇਸ ਸਮੇਂ ਡੀਟੀਐਫ ਜ਼ਿਲ੍ਹਾ ਬਰਨਾਲਾ ਦੇ ਆਗੂ ਪਲਵਿੰਦਰ ਸਿੰਘ ਠੀਕਰੀਵਾਲਾ, ਸੁਖਪ੍ਰੀਤ ਸਿੰਘ ਬੜੀ, ਲਖਵੀਰ ਸਿੰਘ ਠੁੱਲੀਵਾਲ ਅਤੇ ਜਗਰੂਪ ਸਿੰਘ ਵੀ ਹਾਜ਼ਰ ਸਨ।