ਸੰਤ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਸੱਤ ਪਿੰਡਾਂ ਨੂੰ ਦਿੱਤੇ ਪਾਣੀ ਵਾਲੇ ਟੈਂਕਰ
*ਬੂਟਿਆਂ ਨੂੰ ਪਾਣੀ ਦੇਣ ਅਤੇ ਸਮਾਗਮਾਂ ਦੌਰਾਨ ਪਾਣੀ ਦੀਆਂ ਲੋੜਾਂ ਪੂਰੀਆਂ ਕਰੇਗਾ ਸਟੀਲ ਦਾ ਇਹ ਟੈਂਕਰ*
ਬਲਵਿੰਦਰ ਸਿੰਘ ਧਾਲੀਵਾਲ, ਪ੍ਰਦੀਪ ਸਿੰਘ
ਸੁਲਤਾਨਪੁਰ ਲੋਧੀ, 15 ਅਪ੍ਰੈਲ਼–2026
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡਾਂ ਵਿੱਚੋਂ 25 ਲੱਖ ਦੇ ਕਰੀਬ ਗ੍ਰਾਂਟ ਜਾਰੀ ਕਰਕੇ ਸੱਤ ਪਿੰਡਾਂ ਨੂੰ ਪਾਣੀ ਦੇ ਟੈਂਕਰ ਸੌਂਪੇ ਹਨ। ਇੰਨ੍ਹਾਂ ਟੈਂਕਰਾਂ ਦੀ ਸਮਰੱਥਾ ਪੰਜ ਹਜ਼ਾਰ ਲੀਟਰ ਦੀ ਹੈ। ਪਾਣੀ ਦੇ ਇਹ ਟੈਂਕਰ ਵਾਤਾਵਰਣ ਸੰਭਾਲ ਅਤੇ ਪਿੰਡਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ।ਇਸ ਮੌਕੇ ਭਗਵਾਨ ਵਾਲਮੀਕ ਜੀ ਤੀਰਥ ਅਸਥਾਨ ਦੇ ਸ਼ਰਾਇਨ ਬੋਰਡ ਦੇ ਚੇਅਰਮੈਨ ਬਾਬਾ ਪ੍ਰਗਟ ਨਾਥ ਜੀ ਉਚੇਚੇ ਤੌਰ ‘ਤੇ ਹਾਜ਼ਰ ਹੋਏ। ਬਾਬਾ ਪ੍ਰਗਟ ਨਾਥ ਜੀ ਦੇ ਪਿੰਡ ਰਹੀਮਪੁਰ ਨੂੰ ਵੀ ਪੰਜ ਹਜ਼ਾਰ ਲੀਟਰ ਵਾਲਾ ਸਟੀਲ ਦਾ ਪਾਣੀ ਵਾਲਾ ਇਹ ਟੈਂਕਰ ਦਿੱਤਾ ਗਿਆ। ਰਹੀਮਪੁਰ ਦੀ ਗ੍ਰਾਮ ਪੰਚਾਇਤ ਇਹ ਟੈਂਕਰ ਲੈਣ ਲਈ ਵੀ ਸੀਚੇਵਾਲ ਨਿਰਮਲ ਕੁਟੀਆ ਪਹੁੰਚੀ ਹੋਈ ਸੀ।
ਜਲੰਧਰ ਜ਼ਿਲ੍ਹੇ ਦੇ ਜਿਨ੍ਹਾਂ ਪਿੰਡਾਂ ਨੂੰ ਇਹ ਟੈਂਕਰ ਦਿੱਤੇ ਗਏ ਉਹਨਾਂ ਪਿੰਡਾਂ ਵਿੱਚ ਪੰਧਰੇ, ਅਕਲਪੁਰ, ਸੈਦਪੁਰ ਝਿੜੀ, ਰਹੀਮਪੁਰ, ਮੋਤੀਪੁਰ ਬੁੱਢਣਵਾਲ ਤੇ ਨੰਗਲ ਅੰਬੀਆਂ ਖੁਰਦ ਹਨ। ਇਨ੍ਹਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਸੰਤ ਸੀਚੇਵਾਲ ਜੀ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਟੈਂਕਰ ਨਾ ਸਿਰਫ਼ ਪਿੰਡਾਂ ਦੇ ਸਾਂਝੇ ਸਮਾਗਮਾਂ ਵਿੱਚ ਵਰਤੇ ਜਾਣਗੇ, ਸਗੋਂ ਦਲਿਤ ਪਰਿਵਾਰਾਂ ਦੇ ਵਿਆਹ-ਸ਼ਾਦੀਆਂ ਵਿੱਚ ਵੀ ਬਹੁਤ ਲਾਹੇਵੰਦ ਸਾਬਤ ਹੋਣਗੇ। ਪੰਜ ਹਜ਼ਾਰ ਲੀਟਰ ਸਮਰੱਥਾ ਵਾਲੇ ਇਹ ਟੈਂਕਰ ਪਿੰਡਾਂ ਅਤੇ ਆਲੇ-ਦੁਆਲੇ ਲਗਾਏ ਬੂਟਿਆਂ ਨੂੰ ਪਾਣੀ ਦੇਣ ਦੇ ਨਾਲ-ਨਾਲ ਵੱਖ-ਵੱਖ ਸਮਾਗਮਾਂ ਦੌਰਾਨ ਪਾਣੀ ਦੀ ਲੋੜ ਪੂਰੀ ਕਰਨ ਵਿੱਚ ਸਹਾਇਕ ਰਹਿਣਗੇ।
ਪਿੰਡ ਸੈਦਪੁਰ ਝਿੜੀ ਦੇ ਸਰਪੰਚ ਤਰਸੇਮ ਸਿੰਘ ਧੰਜੂ ਨੇ ਕਿਹਾ ਕਿ ਉਹਨਾਂ ਆਪਣੇ ਜੀਵਨ ਵਿੱਚ ਕਈ ਰਾਜਨੀਤਿਕ ਆਗੂ ਵੇਖੇ ਹਨ, ਪਰ ਸੰਤ ਸੀਚੇਵਾਲ ਜੀ ਵਾਂਗ ਇੰਨੀ ਸੰਜੀਦਗੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨ ਵਾਲਾ ਕੋਈ ਨਹੀਂ ਵੇਖਿਆ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਇੰਨੇ ਵੱਡੇ ਅਹੁਦੇ ਤੇ ਹੁੰਦਿਆ ਹੋਇਆ ਵੀ ਇੱਕ ਲੋਕਾਂ ਵਿੱਚ ਆਮ ਹੀ ਵਿਚਰ ਰਹੇ ਹਨ। ਉਨ੍ਹਾਂ ਸੰਤ ਸੀਚੇਵਾਲ ਦਾ ਕੋਟੀ ਕੋਟਿਨ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਪੱਤਰਕਾਰ ਗਿਆਨ ਸੈਦਪੁਰੀ ਅਤੇ ਪਿੰਡ ਦੇ ਹੋਰ ਮੋਹਤਬਾਰਾਂ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪੰਜਾਬ ਦੇ ਅਜਿਹੇ ਆਗੂ ਵਜੋਂ ਸਥਾਪਿਤ ਹੋਏ ਹਨ ਜੋ ਪੰਜਾਬ ਦੇ ਪਾਣੀਆਂ ਦੀ ਫਿਕਰ ਕਰਦੇ ਹਨ।
ਪਿੰਡ ਅਕਲਪੁਰ ਦੀ ਸਰਪੰਚ ਬੀਬੀ ਪ੍ਰੀਤ ਕੌਰ ਤੇ ਪੰਚ ਬਲਦੇਵ ਸਿੰਘ ਨੇ ਪਿੰਡ ਨੂੰ ਪਾਣੀ ਵਾਲੀ ਟੈਂਕੀ ਦੇਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 2500 ਦੀ ਅਬਾਦੀ ਵਾਲੇ ਅਕਲਪੁਰ ਪਿੰਡ ਨੂੰ ਕਿਸੇ ਰਾਜ ਸਭਾ ਮੈਂਬਰ ਵੱਲੋਂ ਦਿੱਤਾ ਗਿਆ ਪਹਿਲਾ ਅਣਮੋਲ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਜਿੱਥੇ ਸਮੁੱਚਾ ਪਿੰਡ ਵਰਤੇਗਾ ਉਥੇ ਆਲੇ-ਦੁਆਲੇ ਦੇ ਨੇੜਲੇ ਪਿੰਡਾਂ ਨੂੰ ਵੀ ਲੋੜ ਪੈਣ ‘ਤੇ ਪਾਣੀ ਵਾਲਾ ਇਹ ਟੈਂਕਰ ਬਤੌਰ ਸੇਵਾ ਲਈ ਭੇਜਿਆ ਜਾਵੇਗਾ। ਸਰਪੰਚ ਪ੍ਰੀਤ ਕੌਰ ਨੇ ਕਿਹਾ ਕਿ ਸੰਤ ਸੀਚੇਵਾਲ ਜੀ ਨੇ ਪੰਜਾਬ ਦੇ ਪਾਣੀਆਂ ਨੂੰ ਦੂਸ਼ਿਤ ਮੁਕਤ ਕਰਨ ਦੀ ਵੱਡੀ ਲੜਾਈ ਲੜ ਰਹੇ ਹਨ। ਸੰਤ ਸੀਚੇਵਾਲ ਨੇ ਅਸਲ ਵਿੱਚ ਗੁਰਬਾਣੀ ਦੇ ਆਸ਼ੇ ਅਨੁਸਾਰ ਪਾਣੀ ਨੂੰ ਪਿਤਾ ਮੰਨ ਕੇ ਵਿਚਰ ਰਹੇ ਹਨ।
ਵੱਖ ਵੱਖ ਪਿੰਡਾਂ ਦੇ ਆਏ ਹੋਏ ਸਰਪੰਚ ਨੇ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਨੂੰ ਪਾਣੀ ਦੇ ਟੈਂਕਰ ਦੀ ਬਹੁਤ ਹੀ ਸਖ਼ਤ ਜ਼ਰੂਰਤ ਸੀ। ਹਰ ਸਾਲ ਵੱਡੇ ਪੱਧਰ ਤੇ ਸਮਾਗਮਾਂ ਦੌਰਾਨ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਟੈਂਕਰਾਂ ਦੀ ਭਾਲ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ, ਹਰ ਸਾਲ ਲਗਾਏ ਗਏ ਪੌਦੇ ਵੀ ਸਮੇਂ ਸਿਰ ਪਾਣੀ ਨਾਲ ਮਿਲਣ ‘ਤੇ ਸੁੱਕ ਜਾਂਦੇ ਸਨ, ਪਰ ਹੁਣ ਇਹਨਾਂ ਟੈਂਕਰਾਂ ਨਾਲ ਸਾਰੇ ਬੂਟੇ ਬਚ ਜਾਣਗੇ ਤੇ ਇਲਾਕਾ ਹਰਿਆ-ਭਰਿਆ ਹੋ ਨਿਬੜੇਗਾ। ਇਸ ਮੌਕੇ ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਸਮੇਤ ਪਿੰਡਾਂ ਦੀਆਂ ਹੋਰ ਪ੍ਰਮੁੱਖ ਹਸਤੀਆਂ ਵੀ ਹਾਜ਼ਰ ਸਨ।
Click to Follow Babushahi Facebook page →