*ਸੜਕ ਸੁਰੱਖਿਆ ਮਹੀਨੇ ਤਹਿਤ ਆਰ.ਟੀ.ਏ ਇੰਦਰਪਾਲ ਨੇ ਲਗਾਏ ਗੱਡੀਆਂ ਉਪਰ ਰਿਫ਼ਲੈਕਟਰ*
ਪ੍ਰਮੋਦ ਭਾਰਤੀ
ਨਵਾਂਸ਼ਹਿਰ 8 ਜਨਵਰੀ ,2026
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਡ ਸੇਫਟੀ ਮਹੀਨੇ ਤਹਿਤ ਉਲੀਕੇ ਗਏ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਨੇੜੇ ਸੂਗਰ ਮਿੱਲ ਨਵਾਂਸ਼ਹਿਰ ਰੋਡ ’ਤੇ ਗੱਡੀਆਂ ਦੇ ਪਿਛਲੇ ਪਾਸੇ ਰਿਫ਼ਲੈਕਟਰ ਲਗਾਉਣ ਲਈ ਆਰ.ਟੀ.ਏ ਆਫਿਸ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਖੇਤਰੀ ਟਰਾਂਸਪੋਰਟ ਅਫ਼ਸਰ ਇੰਦਰਪਾਲ ਵੱਲੋਂ ਕੌਮੀ ਮਾਰਗ ਤੋਂ ਲੰਘਦੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ 'ਤੇ ਰਿਫਲੈਕਟਰ ਲਗਾਏ ਤੇ ਟੈ੍ਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ।
ਖੇਤਰੀ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਸੜਕ ਸੁਰੱਖਿਆ ਮਹੀਨਾ 1 ਜਨਵਰੀ ਤੋਂ 31 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਕਾਲਜਾਂ, ਯੂਨੀਵਰਸਿਟੀ, ਟਰੱਕ ਯੂਨੀਅਨ, ਟੈਕਸੀ ਸਟੈਂਡ ਵਿਖੇ ਜਾ ਕੇ ਨੌਜਵਾਨਾਂ ਅਤੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧੁੰਦ ਦੇ ਮੌਸਮ ਨੂੰ ਵੇਖਦਿਆਂ ਟਰੈਕਟਰ ਟਰਾਲੀਆਂ, ਟਰੱਕਾਂ, ਕਾਰਾ ਅਤੇ ਹੋਰ ਵਹੀਕਲਜ਼ ਉਪਰ ਰਿਫ਼ਲੈਕਟਰ ਲਗਾਏ ਜਾ ਰਹੇ ਹਨ ਤਾਂ ਜੋ ਧੂੰਦ ਕਾਰਨ ਕੋਈ ਹਾਦਸਾ ਨਾ ਵਾਪਰੇ। ਉਨ੍ਹਾਂ ਦੱਸਿਆ ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਵਾਪਰਦੇ ਸੜਕ ਹਾਦਸਿਆਂ ਦਾ ਮੁੱਖ ਕਾਰਨ ਟੈ੍ਫਿਕ ਨਿਯਮਾਂ ਦੀ ਉਲੰਘਣਾ, ਮੋਬਾਈਲ ਦੀ ਵਰਤੋਂ ਕਰਨਾ ਤੇ ਟੈ੍ਫਿਕ ਨਿਯਮਾਂ ਦਾ ਗਿਆਨ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਹਰ ਵਾਹਨ ਚਾਲਕ ਸੀਟ ਬੈਲਟ ਤੇ ਹੈਲਮਟ ਪਾਉਣ ਤੋਂ ਲੈ ਕੇ ਟੈ੍ਫਿਕ ਨਿਯਮਾਂ 'ਤੇ ਪਹਿਰਾ ਦੇਵੇ।