ਸੂਬਾ ਸਰਕਾਰ ਦੇ ਹੁਕਮ ਦਾ ਮੁਲਾਜ਼ਮਾਂ ਵੱਲੋਂ ਵਿਰੋਧ!
ਚੰਡੀਗੜ੍ਹ /ਬਰਨਾਲਾ 25 ਨਵੰਬਰ 2026: ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ (ਪੀ.ਪੀ.3 ਸ਼ਾਖਾ) ਵੱਲੋਂ 23 ਨਵੰਬਰ 2026 ਨੂੰ ਜਾਰੀ ਕੀਤੇ ਗਏ ਉਸ ਤਾਜ਼ਾ ਹੁਕਮ ਦਾ ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ (ਰਜਿ:) ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ, ਜਿਸ ਰਾਹੀਂ ਵਿਭਾਗ ਦੇ ਕਲਰਕ (ਡਾਟਾ ਐਂਟਰੀ ਆਪਰੇਟਰ) ਕਾਡਰ ਨੂੰ 'ਪੰਜਾਬ ਸਟੇਟ ਆਊਟਸੋਰਸਡ ਪਰਸੋਨਲ (ਟਰਾਂਜ਼ੀਸ਼ਨ ਟੂ ਕੰਟਰੈਕਚੁਅਲ ਐਂਗੇਜਮੈਂਟ) ਐਕਟ, 2026' ਅਧੀਨ ਕੰਟਰੈਕਟ 'ਤੇ ਲੈਣ ਤੋਂ ਅਸਮਰੱਥਤਾ ਪ੍ਰਗਟ ਕੀਤੀ ਗਈ ਹੈ।
ਯੂਨੀਅਨ ਆਗੂਆਂ ਨੇ ਸੂਬਾ ਸਰਕਾਰ ਅਤੇ ਮੁੱਖ ਸਕੱਤਰ ਦੇ ਇਸ ਫੈਸਲੇ ਨੂੰ ਮੁਲਾਜ਼ਮ ਵਿਰੋਧੀ ਅਤੇ ਬੇਇਨਸਾਫ਼ੀ ਕਰਾਰ ਦਿੰਦਿਆਂ ਕਿਹਾ ਕਿ ਇੱਕ ਪਾਸੇ ਵਿਭਾਗ ਦੀ ਆਪਣੀ 'ਡਿਪਾਰਟਮੈਂਟ ਕਾਡਰ ਐਲੀਜੀਬਿਲਟੀ ਕਮੇਟੀ' (Department Cadre Eligibility Committee) ਨੇ ਪੂਰੀ ਪੜਤਾਲ ਕਰਕੇ ਇਨ੍ਹਾਂ ਕਾਮਿਆਂ ਨੂੰ ਐਕਟ ਅਧੀਨ ਲਿਆਉਣ ਦੀ ਸਿਫਾਰਸ਼ ਕੀਤੀ ਸੀ, ਪਰ ਦੂਜੇ ਪਾਸੇ ਪ੍ਰਸੋਨਲ ਵਿਭਾਗ ਨੇ ਬਿਨਾਂ ਕੋਈ ਠੋਸ ਕਾਰਨ ਦੱਸੇ ਇਸ ਕਾਡਰ ਨੂੰ ਰੱਦ ਕਰਕੇ ਪਿਛਲੇ 10-12 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਦਫ਼ਤਰੀ ਕਾਮਿਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ਕੀਤਾ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਸਮੁੱਚਾ ਦਫ਼ਤਰੀ ਕੰਮ-ਕਾਜ, ਈ-ਆਫਿਸ, ਬਿੱਲਾਂ ਅਤੇ ਆਨਲਾਈਨ ਪੋਰਟਲਾਂ ਦਾ ਸਾਰਾ ਬੋਝ ਇਨ੍ਹਾਂ ਹੀ ਆਊਟਸੋਰਸ ਕਾਮਿਆਂ (ਡਾਟਾ ਐਂਟਰੀ ਆਪਰੇਟਰਾਂ/ਕਲਰਕਾਂ) ਦੇ ਮੋਢਿਆਂ 'ਤੇ ਟਿਕਿਆ ਹੋਇਆ ਹੈ। ਇੱਕੋ ਵਿਭਾਗ ਵਿੱਚ ਕੰਮ ਕਰਦੇ ਕਾਮਿਆਂ ਨਾਲ ਅਜਿਹਾ ਵਿਤਕਰਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੁੱਖ ਸਕੱਤਰ ਅਤੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ ਨੰਬਰ 11/24/26-4ਪੀ.ਪੀ.3/612 (ਮਿਤੀ 23.11.2026) ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ। ਵਿਭਾਗ ਵਿੱਚ ਕੰਮ ਕਰਦੇ ਸਾਰੇ ਕਲਰਕਾਂ/ਡਾਟਾ ਐਂਟਰੀ ਆਪਰੇਟਰਾਂ ਸਮੇਤ ਸਮੂਹ ਆਊਟਸੋਰਸਡ ਅਤੇ ਇਨਲਿਸਟਮੈਂਟ ਕਾਮਿਆਂ ਨੂੰ 2026 ਐਕਟ ਦੀ ਧਾਰਾ 6(3) ਅਧੀਨ ਤੁਰੰਤ ਵਿਭਾਗੀ ਕੰਟਰੈਕਟ 'ਤੇ ਲਿਆ ਜਾਵੇ।
- Download Babushahi App
-
-