ਬੇਤਰਤੀਬੇ ਡਿਵਾਈਡਰ ਨਾਲ ਟਕਰਾ ਕੇ ਸੁਨਿਆਰੇ ਦੀ ਦੁਕਾਨ ਵਿੱਚ ਜਾ ਵੜਿਆ ਕੈਂਟਰ
ਕੈਂਟਰ ਦੇ ਅੱਗੋਂ ਉੱਡੇ ਪਰਖੱਚੇ, ਬਾਲ-ਬਾਲ ਬਚਿਆ ਡਰਾਈਵਰ, ਜਿਊਲਰਜ਼ ਦੀ ਇਮਾਰਤ ਨੂੰ ਵੀ ਪੁੱਜਿਆ ਨੁਕਸਾਨ, ਡਿਵਾਈਡਰ ਕਾਰਨ ਬਾਰ-ਬਾਰ ਹੋ ਰਹੇ ਹਾਦਸਿਆਂ ਤੋਂ ਭੜਕੇ ਲੋਕ, ਦੋ ਦਿਨਾਂ ਵਿੱਚ ਹੱਲ ਨਾ ਹੋਣ 'ਤੇ ਸੰਘਰਸ਼ ਦੀ ਚੇਤਾਵਨੀ
ਰੋਹਿਤ ਗੁਪਤਾ /ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 3 May 2026 :
ਪੁਰਾਣਾ ਸ਼ਾਲਾ ਬਾਜ਼ਾਰ ਵਿੱਚ ਬਣੇ ਬੇਤਰਤੀਬੇ ਡਿਵਾਈਡਰ ਕਾਰਨ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ। ਅੱਜ ਸਵੇਰੇ ਤੜਕੇ ਕਰੀਬ 3 ਵਜੇ ਮੁਕੇਰੀਆਂ ਤੋਂ ਗੁਰਦਾਸਪੁਰ ਵੱਲ ਆ ਰਿਹਾ ਇੱਕ ਕੈਂਟਰ ਡਿਵਾਈਡਰ ਨਾਲ ਟਕਰਾ ਕੇ ਬੇਕਾਬੂ ਹੋ ਗਿਆ ਅਤੇ ਵਰਮਾ ਜਿਊਲਰਜ਼ ਦੀ ਦੁਕਾਨ ਵਿੱਚ ਜਾ ਵੜਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੁਕਾਨ ਦੇ ਪਿੱਲਰ ਹਿੱਲ ਗਏ, ਬਰਾਂਡੇ ਵਿੱਚ ਤਰੇੜਾਂ ਪੈ ਗਈਆਂ ਅਤੇ ਕੈਂਟਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਗਨੀਮਤ ਇਹ ਰਹੀ ਕਿ ਡਰਾਈਵਰ ਦੀ ਜਾਨ ਬਚ ਗਈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਾਦਸਾਗ੍ਰਸਤ ਕੈਂਟਰ ਦੇ ਚਾਲਕ ਨੇ ਦੱਸਿਆ ਕਿ ਉਹ ਮੁਕੇਰੀਆਂ ਵੱਲੋਂ ਗੁਰਦਾਸਪੁਰ ਆ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਵਾਹਨ ਦੀ ਤੇਜ਼ ਰੋਸ਼ਨੀ ਕਾਰਨ ਉਸ ਨੂੰ ਸੜਕ ਵਿਚਕਾਰ ਬਣਿਆ ਡਿਵਾਈਡਰ ਨਜ਼ਰ ਨਹੀਂ ਆਇਆ। ਨਤੀਜੇ ਵਜੋਂ ਕੈਂਟਰ ਡਿਵਾਈਡਰ ਨਾਲ ਟਕਰਾ ਗਿਆ ਅਤੇ ਘੁੰਮਦਾ ਹੋਇਆ ਡਿਵਾਈਡਰ ਪਾਰ ਕਰਕੇ ਸਿੱਧਾ ਸੁਨਿਆਰੇ ਦੀ ਦੁਕਾਨ ਵਿੱਚ ਜਾ ਵੜਿਆ।
ਘਟਨਾ ਮੌਕੇ ਪਹੁੰਚੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਰਬਜੀਤ ਸਿੰਘ ਲਾਲੀਆ ਅਤੇ ਦੁਕਾਨਦਾਰ ਸ਼ਿਵਪਾਲ ਸਿੰਘ ਨੇ ਕਿਹਾ ਕਿ ਇਸ ਖਤਰਨਾਕ ਡਿਵਾਈਡਰ ਕਾਰਨ ਪਹਿਲਾਂ ਵੀ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਜਦੋਂ ਇੱਥੇ ਤੇਲ ਦਾ ਟੈਂਕਰ ਟਕਰਾਇਆ ਸੀ ਤਾਂ ਇਸ ਮਸਲੇ ਨੂੰ ਲੈ ਕੇ ਬਾਜ਼ਾਰ ਵਿੱਚ ਧਰਨਾ ਦਿੱਤਾ ਗਿਆ ਸੀ, ਜਿਸ ਦੌਰਾਨ ਪ੍ਰਸ਼ਾਸਨ ਵੱਲੋਂ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਆਗੂਆਂ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਦੋਹਾਂ ਪਾਸਿਆਂ ਬਣੀਆਂ ਉੱਚੀਆਂ ਕੰਕਰੀਟ ਰੋਕਾਂ ਵਾਹਨ ਚਾਲਕਾਂ ਲਈ ਵੱਡਾ ਖਤਰਾ ਬਣੀਆਂ ਹੋਈਆਂ ਹਨ ਅਤੇ ਇਨ੍ਹਾਂ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਲੋਕ ਨਿਰਮਾਣ ਵਿਭਾਗ ਵਾਰ-ਵਾਰ ਹਾਦਸੇ ਹੋਣ ਦੇ ਬਾਵਜੂਦ ਵੀ ਗੰਭੀਰਤਾ ਨਹੀਂ ਵਿਖਾ ਰਿਹਾ।
ਸਥਾਨਕ ਲੋਕਾਂ ਵਿੱਚ ਵੀ ਵਿਭਾਗ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਖਤਰਨਾਕ ਡਿਵਾਈਡਰ ਦੀ ਬਣਤਰ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਕਿਸੇ ਦਿਨ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਗਲੇ ਦੋ ਦਿਨਾਂ ਅੰਦਰ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
- Download Babushahi App
-
-