ਸਿਹਤ ਸੇਵਾਵਾਂ ਦੇ ਖੇਤਰ ਵਿੱਚ ਡੀਐਸਜੀਐਮਸੀ ਵੱਲੋਂ ਇੱਕ ਹੋਰ ਉਪਰਾਲਾ
ਗੁਰਦੁਆਰਾ ਬਾਲਾ ਸਾਹਿਬ ਵਿਖੇ ਅਤਿ-ਆਧੁਨਿਕ ਕੈਥ ਲੈਬ ਦੀ ਸ਼ੁਰੂਆਤ
ਨਵੀਂ ਦਿੱਲੀ 21 ਅਗਸਤ, 2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅੱਜ ਗੁਰਦੁਆਰਾ ਬਾਲਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਵਿੱਚ ਅਤਿ-ਆਧੁਨਿਕ ਕਾਰਡਿਐਕ ਕੈਥੇਟਰਾਈਜ਼ੇਸ਼ਨ ਲੈਬੋਰੇਟਰੀ (ਕੈਥ ਲੈਬ) ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਇਹ ਸਹੂਲਤ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਜਾਂਚ, ਇਲਾਜ ਅਤੇ ਲੋੜ ਅਨੁਸਾਰ ਸਟੈਂਟ ਪਾਉਣ ਸਮੇਤ ਆਧੁਨਿਕ ਹਿਰਦੇ-ਸੰਬੰਧੀ ਸੇਵਾਵਾਂ ਦਾ ਸਾਧਨ ਬਣੇ।
ਸਰਦਾਰ ਕਾਲਕਾ ਨੇ ਇਸ ਮੌਕੇ ’ਤੇ ਆਦਿਤਿਆ ਬਿਰਲਾ ਗਰੁੱਪ ਦੀ ਕੰਪਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਸ ਵੱਲੋਂ ਸੰਗਤ ਦੀ ਸੇਵਾ ਲਈ ਇਹ ਮਸ਼ੀਨ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲਗਭਗ ਸਾਢੇ ਪੰਜ ਤੋਂ ਛੇ ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਗਈ ਇਹ ਕੈਥ ਲੈਬ ਗੁਰਦੁਆਰਾ ਸਾਹਿਬ ਨਾਲ ਸਬੰਧਤ ਸਿਹਤ ਸੇਵਾ ਵਿੱਚ ਇੱਕ ਅਹਿਮ ਉਪਰਾਲਾ ਹੈ ।
ਸਰਦਾਰ ਕਾਲਕਾ ਨੇ ਕਿਹਾ ਕਿ ਗੁਰਦੁਆਰਾ ਬਾਲਾ ਸਾਹਿਬ ਵਿਖੇ ਪਹਿਲਾਂ ਹੀ 50 ਬਿਸਤਰਿਆਂ ਵਾਲਾ ਗੁਰੂ ਹਰਿਕ੍ਰਿਸ਼ਨ ਹਸਪਤਾਲ ਜ਼ਰੂਰਤਮੰਦਾਂ ਨੂੰ ਸਿਹਤ ਸੇਵਾਵਾਂ ਦੇ ਰਿਹਾ ਹੈ, ਜਿਨਾਂ ਵਿੱਚ ਸਿਟੀ ਸਕੈਨ,ਡਾਇਲਸਿਸ ਦੀ ਮੁਫ਼ਤ ਸੇਵਾ ਅਤੇ ਓਪੀਡੀ ਆਦਿ ਮੁਫਤ ਸੇਵਾਵਾਂ ਵੀ ਉਪਲਬਧ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਦਿਨ-ਪ੍ਰਤੀ-ਦਿਨ ਸਿਹਤ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਤਾਂ ਜੋ ਸੰਗਤ ਅਤੇ ਲੋੜਵੰਦ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਵਾਜਬ ਦਰਾਂ ’ਤੇ ਉਪਲਬਧ ਕਰਵਾਈਆਂ ਜਾ ਸਕਣ।
ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਨਵੀਂ ਕੈਥ ਲੈਬ ਵਿੱਚ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਆਧੁਨਿਕ ਤਰੀਕੇ ਨਾਲ ਜਾਂਚ ਅਤੇ ਇਲਾਜ ਕੀਤਾ ਜਾ ਸਕੇਗਾ। ਇਸ ਸਹੂਲਤ ਰਾਹੀਂ ਲੋੜਵੰਦ ਮਰੀਜ਼ਾਂ ਨੂੰ ਸਟੈਂਟ ਪਾਉਣ ਵਰਗੀਆਂ ਜ਼ਰੂਰੀ ਹਿਰਦੇ-ਸੰਬੰਧੀ ਪ੍ਰਕਿਰਿਆਵਾਂ ਦੀ ਸਹੂਲਤ ਵੀ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਸੰਗਤ ਲਈ ਵਾਜਬ ਦਰਾਂ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਆਧੁਨਿਕ ਹਿਰਦੇ-ਇਲਾਜ ਆਮ ਲੋਕਾਂ ਦੀ ਪਹੁੰਚ ਵਿੱਚ ਆ ਸਕੇ।
- Download Babushahi App
-
-