ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਨੂੰ ਕਾਲੀਆਂ ਝੰਡੀਆਂ ਨਾਲ ਵਿਦਾਇਗੀ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 23 ਫਰਵਰੀ 2026: ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਬਠਿੰਡਾ ਨੇ ਸਿਵਲ ਸਰਜਨ ਫਰੀਦਕੋਟ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਕਾਲੀਆਂ ਝੰਡੀਆਂ ਨਾਲ ਵਿਦਾਇਗੀ ਦੇਣ ਦਾ ਐਲਾਨ ਕੀਤਾ ਹੈ ਜਿਸ ਲਈ ਜਥੇਬੰਦੀ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਜਥੇਬੰਦੀ ਦੇ ਆਗੂ ਜਸਵਿੰਦਰ ਸ਼ਰਮਾ ਅਤੇ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਕਨਵੀਨਰ ਮਨੀਸ਼ ਕੁਮਾਰ ਨੇ ਦੱਸਿਆ ਕਿ ਸਿਵਲ ਸਰਜਨ ਫਰੀਦਕੋਟ ਵੱਲੋਂ ਸਾਥੀ ਜਸਮੇਲ ਸਿੰਘ ਦੀ ਝੂਠੀ ਸ਼ਿਕਾਇਤ ਕਰਕੇ ਬਦਲੀ ਕਰਵਾਉਣ ਕਾਰਨ ਸਮੁੱਚੇ ਮਲਟੀਪਰਪਜ ਕੇਡਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਿਵਲ ਸਰਜਨ ਜਿਸ ਵੀ ਜ਼ਿਲ੍ਹੇ ਵਿੱਚ ਗਏ ਉੱਥੇ ਇਹਨਾਂ ਦਾ ਵਿਵਾਦਾਂ ਨਾਲ ਹੀ ਨਾਤਾ ਬਣਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਸਮੇਲ ਸਿੰਘ ਦੀ ਬਦਲੀ ਸਬੰਧੀ ਜਾਂਚ ਦੌਰਾਨ ਸਬੂਤ ਦੇ ਦਿੱਤੇ ਗਏ ਹਨ ਪਰ ਫਿਰ ਵੀ ਇਹ ਫੈਸਲਾ ਰੱਦ ਨਹੀਂ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਸਿਵਲ ਸਰਜਨ ਫਰੀਦਕੋਟ ਚਹੇਤਿਆਂ ਨਾਲ ਮਿਲ ਕੇ ਹੁਣ ਵੀ ਮੁਲਾਜ਼ਮਾਂ ਨੂੰ ਧਮਕੀਆਂ ਦੇ ਰਿਹਾ ਹੈ ਪਰ ਜਥੇਬੰਦੀ ਇਹ ਦੱਸਣਾ ਚਾਹੁੰਦੀ ਹੈ ਕਿ ਸਿਹਤ ਵਿਭਾਗ ਦੇ ਮੁਲਾਜ਼ਮ ਇਹਨਾਂ ਗਿੱਦੜ ਧਮਕੀਆਂ ਤੋਂ ਬਿਲਕੁਲ ਵੀ ਨਹੀਂ ਡਰਨਗੇ ਕਿਉਂਕਿ ਇਹ ਗੱਲ ਬਰਦਾਸ਼ਤ ਯੋਗ ਨਹੀਂ ਹੈ । ਉਨ੍ਹਾਂ ਕਿਹਾ ਕਿ ਸਿਵਲ ਸਰਜਨ ਇਨਾਂ ਕਾਰਿਆਂ ਤੋਂ ਬਾਜ ਆਉਣ ਨਹੀਂ ਤਾਂ ਜਥੇਬੰਦੀ ਤਿੱਖਾ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਵੇਗੀ। ਆਗੂਆਂ ਨੇ ਕਿਹਾ ਕਿ ਸਿਵਲ ਸਰਜਨ ਦੇ ਇਸੇ ਵਤੀਰੇ ਕਾਰਨ ਜਥੇਬੰਦੀ ਨੇ ਉਹਨਾਂ ਦੀ ਇਸ ਮਹੀਨੇ ਦੇ ਅੰਤ ਤੇ ਹੋਣ ਵਾਲੀ ਸੇਵਾ ਮੁਕਤੀ ਮੌਕੇ ਵਿਦਾਇਗੀ ਕਾਲੀਆਂ ਝੰਡੀਆਂ ਦਿਖਾ ਕੇ ਦੇਣ ਦਾ ਫੈਸਲਾ ਕੀਤਾ ਹੈ ਜਿਸ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਮੁਲਾਜ਼ਮ ਭਰਵੂ ਸ਼ਮੂਲੀਅਤ ਕਰਨਗੇ ।ਅੱਜ ਦੀ ਇਸ ਮੀਟਿੰਗ ਵਿੱਚ ਸੁਨੀਲ ਕੁਮਾਰ, ਜਗਦੀਪ ਸਿੰਘ, ਸ਼ਿਵਪਾਲ ਸਿੰਘ, ਨਵਜੋਤ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਵਰਿੰਦਰ ਸਿੰਘ, ਜੋਨੀ ਕੁਮਾਰ, ਦਲਜੀਤ ਸਿੰਘ, ਭੁਪਿੰਦਰ ਸਿੰਘ ਨਿਓਰ, ਅਮਨਦੀਪ ਕੁਮਾਰ, ਦਿਵਿਆ, ਸੁਖਪਾਲ ਕੌਰ ਆਦਿ ਸਾਥੀ ਹਾਜ਼ਰ ਸਨ।
Click to Follow Babushahi Facebook page →