ਸਾਬਕਾ ਕੈਬਨਿਟ ਮੰਤਰੀ ਸਵ. ਖੁਸ਼ਹਾਲ ਬਹਿਲ ਦੇ ਜਨਮ ਦਿਨ ਨੂੰ ਸਮਰਪਿਤ ਇੰਟਰ ਸਕੂਲ ਕ੍ਰਿਕਟ ਟੂਰਨਾਮੈਂਟ ਸ਼ੁਰੂ
ਚੇਅਰਮੈਨ ਰਮਨ ਬਹਿਲ ਨੇ ਜੋਤੀ ਪ੍ਰਜਵਲਿਤ ਕਰਕੇ ਕੀਤਾ ਟੂਰਨਾਮੈਂਟ ਦਾ ਕੀਤਾ ਉਦਘਾਟਨ, ਬੱਚਿਆਂ ਨੂੰ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਲਈ ਕੀਤਾ ਪ੍ਰੇਰਿਤ
ਰੋਹਿਤ ਗੁਪਤਾ
ਗੁਰਦਾਸਪੁਰ 2 ਨਵੰਬਰ ਗੁਰਦਾਸਪੁਰ ਪਬਲਿਕ ਸਕੂਲ, ਬਹਿਰਾਮਪੁਰ ਰੋਡ, ਗੁਰਦਾਸਪੁਰ ਵਿਖੇ ਸਕੂਲ ਦੇ ਸੰਸਥਾਪਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਵਰਗੀ ਸ਼੍ਰੀ ਖੁਸ਼ਹਾਲ ਬਹਿਲ ਦੀ ਯਾਦ ਅਤੇ ਜਨਮ ਦਿਨ ਨੂੰ ਸਮਰਪਿਤ ਚਾਰ ਰੋਜ਼ਾ ਪਹਿਲਾ ਇੰਟਰ ਸਕੂਲ ਕ੍ਰਿਕਟ ਟੂਰਨਾਮੈਂਟ ਸਕੂਲ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ । ਟੂਰਨਾਮੈਂਟ ਦਾ ਸ਼ੁਭ ਆਰੰਭ ਗੁਰਦਾਸਪੁਰ ਐਜੂਕੇਸ਼ਨ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ ਅਤੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰਕੇ ਉਨ੍ਹਾ ਦੀ ਹੌਸ਼ਲਾ ਅਫਜਾਈ ਕੀਤੀ ਗਈ ।
ਟੁਰਨਾਮੈਂਟ ਸ਼ੁਰੂ ਕਰਨ ਤੋਂ ਪਹਿਲਾ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਵਰਗੀ ਸ਼੍ਰੀ ਖੁਸ਼ਹਾਲ ਬਹਿਲ ਦਾ ਸੁਪਨਾ ਸੀ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਲਈ ਵੀ ਉੱਚ ਪੱਧਰੀ ਮੌਕੇ ਪ੍ਰਦਾਨ ਕੀਤੇ ਜਾਣ, ਤਾਂ ਜੋ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੋ ਸਕੇ । ਉਨ੍ਹਾਂ ਕਿਹਾ ਕਿ ਗੁਰਦਾਸਪੁਰ ਪਬਲਿਕ ਸਕੂਲ ਹਮੇਸ਼ਾ ਤੋਂ ਹੀ ਬੱਚਿਆਂ ਨੂੰ ਮਿਆਰੀ ਸਿੱਖਿਆ, ਅਨੁਸ਼ਾਸਨ, ਨੈਤਿਕ ਕਦਰਾਂ-ਕੀਮਤਾਂ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਸ਼ਖਸੀਅਤ ਬਣਾਉਣ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਸਿਰਫ਼ ਬੱਚਿਆਂ ਨੂੰ ਕਿਤਾਬੀ ਗਿਆਨ ਦੇਣਾ ਹੀ ਨਹੀਂ, ਸਗੋਂ ਉਨ੍ਹਾਂ ਅੰਦਰ ਲੀਡਰਸ਼ਿਪ, ਟੀਮ ਵਰਕ, ਮਿਹਨਤ, ਲਗਨ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਵੀ ਹੈ। ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡ ਮੈਦਾਨ ਵਿੱਚ ਬੱਚੇ ਜਿੱਤ ਦੇ ਨਾਲ-ਨਾਲ ਹਾਰ ਨੂੰ ਵੀ ਖਿੜੇ ਮੱਥੇ ਸਵੀਕਾਰ ਕਰਨਾ, ਅਨੁਸ਼ਾਸਨ ਵਿੱਚ ਰਹਿਣਾ, ਸਾਥੀਆਂ ਦਾ ਸਤਿਕਾਰ ਕਰਨਾ ਅਤੇ ਮੁਸ਼ਕਲ ਹਾਲਾਤ ਵਿੱਚ ਹੌਸਲਾ ਬਣਾਈ ਰੱਖਣਾ ਸਿੱਖਦੇ ਹਨ।
ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਵਿਸ਼ੇਸ਼ ਪ੍ਰਤਿਭਾ ਹੁੰਦੀ ਹੈ, ਲੋੜ ਸਿਰਫ਼ ਉਸ ਨੂੰ ਪਛਾਣਨ ਅਤੇ ਸਹੀ ਦਿਸ਼ਾ ਵਿੱਚ ਮਿਹਨਤ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਪੜ੍ਹਾਈ ਇੱਕ-ਦੂਜੇ ਦੇ ਪੂਰਕ ਹਨ। ਬੱਚਿਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਪੂਰੀ ਦਿਲਚਸਪੀ ਲੈਣੀ ਚਾਹੀਦੀ ਹੈ। ਨਿਯਮਤ ਮਿਹਨਤ, ਸਮੇਂ ਦੀ ਸਹੀ ਵਰਤੋਂ ਅਤੇ ਦ੍ਰਿੜ੍ਹ ਇਰਾਦੇ ਨਾਲ ਉਹ ਸਿੱਖਿਆ ਅਤੇ ਖੇਡਾਂ ਦੋਵਾਂ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਆਦਤਾਂ ਤੋਂ ਦੂਰ ਰਹਿ ਕੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਅਰਚਨਾ ਬਹਿਲ, ਮੈਨੇਜਿੰਗ ਕਮੇਟੀ ਮੈਂਬਰ ਧਰੂਵ ਬਹਿਲ ਅਤੇ ਰਾਬਿਆ ਬਹਿਲ, ਟੂਰਨਾਮੈਂਟ ਸਕੱਤਰ ਕਬੀਰ ਬਹਿਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਸੁੰਦੀਪ ਅਰੋੜਾ, ਸਿਲੈਕਸ਼ਨ ਕਮੇਟੀ ਮੈਂਬਰ ਅਜੇ, ਰਾਕੇਸ਼ ਮਾਰਸ਼ਲ, ਸਰਕਾਰੀ ਕਾਲਜ ਦੀ ਕ੍ਰਿਕਟ ਕੋਚ ਪ੍ਰਿਆ ਰੰਧਾਵਾ, ਵਿਸ਼ੇਸ਼ ਕੁਮੈਂਟੇਟਰ ਰਜਨੀਸ਼, ਕ੍ਰਿਕਟ ਕੋਚ ਵਿਸ਼ਾਲ ਅਤੇ ਹਰਪ੍ਰੀਤ ਕੌਰ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ। ਇਸ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਵਿੱਚ ਗੁਰਦਾਸਪੁਰ ਪਬਲਿਕ ਸਕੂਲ, ਬਹਿਰਾਮਪੁਰ ਰੋਡ ਗੁਰਦਾਸਪੁਰ, ਸ਼੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਬਹਿਰਾਮਪੁਰ ਰੋਡ ਗੁਰਦਾਸਪੁਰ, ਗੋਲਡਨ ਸੀਨੀਅਰ ਸੈਕੰਡਰੀ ਸਕੂਲ, ਹਨੂੰਮਾਨ ਚੌਂਕ ਗੁਰਦਾਸਪੁਰ, ਸ਼੍ਰੀ ਨੰਗਲੀ ਅਕਾਦਮਿਕ ਪਬਲਿਕ ਸਕੂਲ ਗੁਰਦਾਸਪੁਰ, ਦੂਨ ਇੰਟਰਨੈਸ਼ਨਲ ਸਕੂਲ, ਤਿਬੜੀ ਰੋਡ ਗੁਰਦਾਸਪੁਰ, ਜਿਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਗੁਰਦਾਸਪੁਰ, ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਅਤੇ ਆਰਮੀ ਪਬਲਿਕ ਸਕੂਲ, ਤਿਬੜੀ ਕੈਂਟ ਗੁਰਦਾਸਪੁਰ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਸਕੂਲ ਦੇ ਪ੍ਰਿੰਸੀਪਲ ਸੁੰਦੀਪ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਗਰੁੱਪ ਏ ਅਤੇ ਗਰੁੱਪ ਬੀ ਦੇ ਆਧਾਰ 'ਤੇ ਕਰਵਾਇਆ ਜਾ ਰਿਹਾ ਹੈ, ਜਿਸ ਦਾ ਫਾਰਮੈਟ ਨਾਕਆਊਟ ਸਿਸਟਮ 'ਤੇ ਆਧਾਰਿਤ ਹੈ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 5 ਨਵੰਬਰ ਨੂੰ ਕਰਵਾਇਆ ਜਾਵੇਗਾ। ਫਾਈਨਲ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ ਟਰਾਫੀ ਅਤੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਹਰ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ 'ਪਲੇਅਰ ਆਫ ਦਾ ਮੈਚ' ਚੁਣਿਆ ਜਾਵੇਗਾ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਹਰ ਰੋਜ਼ ਉਸ ਖਿਡਾਰੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਅਤੇ ਕੋਚਾਂ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਟੁਰਨਾਮੈਂਟ ਖੇਡਣ ਵਾਲਿਆ ਬੱਚਿਆ ਵਿਚ ਉਤਸਾਹ ਵੇਖਣ ਵਾਲਾ ਸੀ । ਇਸ ਮੌਕੇ ਹਾਜ਼ਰ ਸ਼ਖਸੀਅਤਾਂ ਨੇ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡ ਭਾਵਨਾ, ਆਪਸੀ ਸਾਂਝ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਦੇ ਹਨ ।
- Download Babushahi App
-
-