ਸਮਾਜ ਸੇਵਕਾਂ ਵੱਲੋਂ ਪੁਲ ਦੀ ਰੇਲਿੰਗ ਦਾ ਮਸਲਾ ਚੁੱਕਿਆ, ਜੇਕਰ ਰੇਲਿੰਗ ਨਾ ਲੱਗੀ ਤਾਂ ਵੱਡਾ ਸੰਘਰਸ਼ ਕੀਤਾ ਜਾਾਵੇਗਾ
ਪ੍ਰਸ਼ਾਸਨ ਅਤੇ ਸਰਕਾਰ ਧਿਆਨ ਦੇਵੇ
ਜਗਰਾਉਂ ਦੀਪਕ ਜੈਨ
ਸੜਕ ਦੀ ਮੁਰੰਮਤ ਵੇਲੇ ਰੇਲਵੇ ਓਵਰ ਬ੍ਰਿਜ ਦੀ ਤੋੜੀ ਗਈ ਰੇਲਿੰਗ ਨੂੰ ਕਈ ਮਹੀਨੇ ਬੀਤ ਜਾਣ ਬਾਅਦ ਵੀ ਨਾ ਬਣਾਏ ਜਾਣ ਕਾਰਨ ਹੋ ਰਹੇ ਹਾਦਸਿਆਂ ਲਈ ਅਫਸਰ ਸ਼ਾਹੀ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਜਗਰਾਉਂ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਰੇਲਿੰਗ ਨੂੰ ਜਲਦੀ ਤੋਂ ਜਲਦੀ ਲਗਵਾਇਆ ਜਾਵੇ

ਅਤੇ ਪਹਿਲਾਂ ਵਾਲੀ ਹਾਲਾਤ ਵਿੱਚ ਹੀ ਰੇਲਿੰਗ ਫਿੱਟ ਕੀਤੀ ਜਾਣੀ ਚਾਹੀਦੀ ਹੈ। ਕਰੀਬ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਹਟਾਈ ਗਈ ਰੇਲਿੰਗ ਮੁੜ ਨਾ ਲੱਗਣਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਇਲਾਕੇ ਦੇ ਲੋਕਾਂ ਵਿੱਚ ਰੋਸ ਹੈ ਕਿ ਆਖ਼ਿਰ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਇਸ ਗੰਭੀਰ ਮਾਮਲੇ ਨੂੰ ਇੰਨੀ ਲੰਮੀ ਦੇਰੀ ਕਿਉਂ ਝੱਲਣੀ ਪੈ ਰਹੀ ਹੈ। ਲੋਕਾਂ ਦਾ ਸਿੱਧਾ ਸਵਾਲ ਹੈ ਕਿ ਕੀ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਿਹਾ ਹੈ? ਜਦੋਂ ਪੁਲ ’ਤੇ ਆਵਾਜਾਈ ਲਗਾਤਾਰ ਰਹਿੰਦੀ ਹੈ ਅਤੇ ਸਥਿਤੀ ਪਹਿਲਾਂ ਹੀ ਸੰਵੇਦਨਸ਼ੀਲ ਹੈ ਤਾਂ ਸੁਰੱਖਿਆ ਦੇ ਇੰਤਜ਼ਾਮਾਂ ਵਿੱਚ ਮਹੀਨਿਆਂ ਦੀ ਦੇਰੀ ਨੂੰ ਆਖ਼ਿਰ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਲਾਇਨਜ਼ ਕਲੱਬ ਯੂਥ ਦੇ ਪ੍ਰਧਾਨ ਰਾਜਿੰਦਰ ਜੈਨ ਕਾਕਾ ਅਤੇ ਹਿਊਮਨ ਰਾਈਟਸ ਦੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਹਨੀ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਪੁਲ ਦੀ ਦੀਵਾਰ ਦੇ ਨਾਲ ਸੁਰੱਖਿਆ ਰੇਲਿੰਗ ਲੱਗਣਾ ਬਹੁਤ ਜ਼ਰੂਰੀ ਹੈ ਅਤੇ ਲੋਕਾਂ ਦੀ ਜਾਨ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਨਜਿੰਦਰ ਪਾਲ ਸਿੰਘ ਹਨੀ ਨੇ ਕਿਹਾ ਕਿ ਸੜਕ ਨਿਰਮਾਣ ਦੇ ਕੰਮ ਦੌਰਾਨ ਰੇਲਿੰਗ ਹਟਾਈ ਗਈ ਸੀ, ਪਰ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਇਸ ਨੂੰ ਮੁੜ ਲਗਾਉਣ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜੇ ਰੇਲਿੰਗ ਲਗਾਉਣ ਲਈ ਸਮਾਨ ਮੌਜੂਦ ਹੈ ਤਾਂ ਫਿਰ ਚਾਰ ਮਹੀਨਿਆਂ ਤੋਂ ਇਹ ਕੰਮ ਕਿਸ ਕਾਰਨ ਅਟਕਿਆ ਹੋਇਆ ਹੈ? ਜ਼ਿੰਮੇਵਾਰ ਅਧਿਕਾਰੀ ਲੋਕਾਂ ਨੂੰ ਇਹ ਸਪੱਸ਼ਟ ਕਰਨ ਕਿ ਆਖ਼ਿਰ ਇਸ ਦੇਰੀ ਲਈ ਜ਼ਿੰਮੇਵਾਰ ਕੌਣ ਹੈ ਅਤੇ ਰੇਲਿੰਗ ਕਦੋਂ ਤੱਕ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲ ’ਤੇ ਆਵਾਜਾਈ ਦਾ ਦਬਾਅ ਰਹਿੰਦਾ ਹੈ ਅਤੇ ਕਈ ਵਾਰ ਵਾਹਨਾਂ ਦੇ ਗਲਤ ਦਿਸ਼ਾ ਤੋਂ ਮੁੜਨ ਕਾਰਨ ਸਥਿਤੀ ਹੋਰ ਵੀ ਖਤਰਨਾਕ ਬਣ ਜਾਂਦੀ ਹੈ। ਅਜਿਹੇ ਹਾਲਾਤਾਂ ਵਿੱਚ ਸੁਰੱਖਿਆ ਰੇਲਿੰਗ ਦਾ ਨਾ ਹੋਣਾ ਕੋਈ ਛੋਟੀ-ਮੋਟੀ ਕਮੀ ਨਹੀਂ, ਸਗੋਂ ਸਿੱਧੇ ਤੌਰ ’ਤੇ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਹੈ। ਰਾਜਿੰਦਰ ਜੈਨ ਕਾਕਾ ਨੇ ਕਿਹਾ ਕਿ ਜ਼ਿੰਮੇਵਾਰ ਵਿਭਾਗ ਇੱਕ-ਦੂਜੇ ਵੱਲ ਉਂਗਲ ਕਰਨ ਅਤੇ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੀ ਬਜਾਏ ਤੁਰੰਤ ਕੰਮ ਪੂਰਾ ਕਰਨ। ਕਾਕਾ ਨੇ ਕਿਹਾ ਕਿ ਹੁਣ ਸਿਰਫ਼ ਭਰੋਸਿਆਂ ਅਤੇ ਵਾਅਦਿਆਂ ਨਾਲ ਕੰਮ ਨਹੀਂ ਚੱਲੇਗਾ। ਪ੍ਰਸ਼ਾਸਨ ਨੂੰ ਰੇਲਿੰਗ ਲਗਾਉਣ ਦੀ ਸਪੱਸ਼ਟ ਸਮਾਂ-ਸੀਮਾ ਜਨਤਕ ਕਰਨੀ ਚਾਹੀਦੀ ਹੈ ਅਤੇ ਬਿਨਾਂ ਕਿਸੇ ਹੋਰ ਦੇਰੀ ਦੇ ਕੰਮ ਮੁਕੰਮਲ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਲੋਕਾਂ ਦੀ ਸੁਰੱਖਿਆ ਨੂੰ ਇਸੇ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਤਾਂ ਜਨਤਾ ਦਾ ਰੋਸ ਹੋਰ ਵਧੇਗਾ। ਉਨ੍ਹਾਂ ਜਗਰਾਓਂ ਦੀਆਂ ਸਮੂਹ ਸਮਾਜਿਕ, ਧਾਰਮਿਕ, ਵਪਾਰਕ ਅਤੇ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪ੍ਰਸ਼ਾਸਨ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਣ ਅਤੇ ਇਸ ਸੁਰੱਖਿਆ ਰੇਲਿੰਗ ਨੂੰ ਜਲਦ ਤੋਂ ਜਲਦ ਲਗਵਾਉਣ ਲਈ ਦਬਾਅ ਬਣਾਉਣ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਵਿਅਕਤੀ ਜਾਂ ਇੱਕ ਸੰਸਥਾ ਦਾ ਮਸਲਾ ਨਹੀਂ, ਸਗੋਂ ਹਰ ਉਸ ਰਾਹਗੀਰ ਅਤੇ ਵਾਹਨ ਚਾਲਕ ਦੀ ਸੁਰੱਖਿਆ ਦਾ ਸਵਾਲ ਹੈ ਜੋ ਰੋਜ਼ਾਨਾ ਇਸ ਪੁਲ ਤੋਂ ਲੰਘਦਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਗੰਭੀਰ ਮਾਮਲੇ ਨੂੰ ਤੁਰੰਤ ਹੱਲ ਕਰਦਾ ਹੈ ਜਾਂ ਫਿਰ ਲੋਕਾਂ ਦੀਆਂ ਅਪੀਲਾਂ ਅਤੇ ਚੇਤਾਵਨੀਆਂ ਤੋਂ ਬਾਅਦ ਵੀ ਰੇਲਿੰਗ ਦਾ ਮਾਮਲਾ ਫਾਈਲਾਂ ਅਤੇ ਵਾਅਦਿਆਂ ਵਿੱਚ ਹੀ ਲਟਕਿਆ ਰਹਿੰਦਾ ਹੈ।
- Download Babushahi App
-
-