ਸਮਾਜਿਕ ਧਿਰਾਂ ਵੱਲੋਂ ਨਜਾਇਜ ਕਬਜੇ ਹਟਾਉਣ ਲਈ ਪ੍ਰਸ਼ਾਸ਼ਨ ਨੂੰ 15 ਦਿਨ ਦਾ ਅਲਟੀਮੇਟਮ
ਅਸ਼ੋਕ ਵਰਮਾ
ਬਠਿੰਡਾ, 27 ਅਪ੍ਰੈਲ 2026 : ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੇ ਸ਼ਹਿਰ ’ਚ ਸਰਕਾਰੀ ਜਾਂ ਨਿੱਜੀ ਥਾਵਾਂ ’ਤੇ ਨਜਾਇਜ ਕਬਜਿਆਂ ਨਾਲ ਬਣੀਆਂ ਝੁੱਗੀਆਂ ਝੌਪੜੀਆਂ ਅਤੇ ਹੋਰ ਵੱਖ ਵੱਖ ਥਾਵਾਂ ’ਤੇ ਕੀਤੇ ਗਏ ਗੈਰ ਕਾਨੂੰਨੀ ਕਬਜੇ ਹਟਾਉਣ ਲਈ ਬਠਿੰਡਾ ਪ੍ਰਸ਼ਾਸ਼ਨ ਨੂੰ 15 ਦਿਨ ਦਾ ਅਲਟੀਮੇਟਮ ਦਿੱਤਾ ਅਤੇ ਇਸ ਤੋਂ ਬਾਅਦ ਅਗਲੀ ਰਣਨੀਤੀ ਘੜਨ ਲਈ ਚਿਤਾਵਨੀ ਵੀ ਦਿੱਤੀ ਹੈ। ਮਲੋਟ ਰੋਡ ’ਤੇ ਥਰਮਲ ਦੇ ਨਜ਼ਦੀਕ ਫਲਾਈਓਵਰ ਦੇ ਹੇਠਾਂ ਝੁੱਗੀਆਂ ਚੁਕਵਾਉਣ ਤੋਂ ਬਾਅਦ ਇੰਨ੍ਹਾਂ ਜੱਥੇਬੰਦੀਆਂ ਨੇ ਹੁਣ ਸ਼ਹਿਰ ਨੂੰ ਕਬਜਾ ਮੁਕਤ ਕਰਨ ਦੀ ਰਣਨੀਤੀ ਘੜੀ ਹੈ। ਸਮਾਜਿਕ ਆਗੂ ਗੁਰਵਿੰਦਰ ਸ਼ਰਮਾ ਅਤੇ ਸੋਨੂੰ ਮਹੇਸ਼ਵਰੀ ਸਮੇਤ ਹੋਰ ਕਈ ਆਗੂਆਂ ਨੇ ਇਸ ਸਬੰਧ ’ਚ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ ਜਿਸ ’ਚ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਠਿੰਡਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਆਗੂਆਂ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੀ ਹਦੂਦ ਅੰਦਰ ਸਰਕਾਰੀ ਜਾਂ ਨਿੱਜੀ ਥਾਵਾਂ ’ਤੇ ਬੈਠੇ ਝੁੱਗੀਆਂ-ਝੋਪੜੀਆਂ ਵਾਲਿਆਂ , ਨਾਜਾਇਜ ਲੱਗੀਆਂ ਰੇਹੜੀਆਂ, ਖੋਖੇ ਤੇ ਸਟਾਲਾਂ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ਤੇ ਝੁੱਗੀਆਂ ਵਾਲਿਆਂ ਨੇ ਆਪਣੇ ਸਥਾਨਕ ਸ਼ਿਨਾਖਤੀ ਕਾਰਡ ਤੱਕ ਬਣਾ ਲਈ ਗਏ ਹਨ ਜਿੰਨ੍ਹਾਂ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਈ ਇਲਾਕਿਆਂ ’ਚ ਝੁੱਗੀਆਂ ਝੌਂਪੜੀਆਂ ਵਾਲਿਆਂ ਵੱਲੋਂ ਮਲ ਮੂਤਰ ਵਗੈਰਾ ਨਾਲ ਗੰਦਗੀ ਫੈਲਾਈ ਜਾ ਰਹੀ ਹੈ ਜੋ ਸਾਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਹੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਫਲਾਂ, ਸਬਜ਼ੀਆਂ ਦੀਆਂ ਰੇਹੜੀਆਂ, ਖੋਖੇ ਜਾਂ ਹੋਰ ਤਰ੍ਹਾਂ ਦੇ ਅੱਡਿਆਂ ਦੇ ਕਾਰਨ ਆਵਾਜਾਈ ’ਚ ਬੁਰੀ ਤਰਾਂ ਵਿਘਨ ਪੈਂਦਾ ਹੈ ਜੋ ਅਕਸਰ ਭਿਆਨਕ ਹਾਦਸਿਆਂ ਦਾ ਕਾਰਨ ਬਣਦਾ ਹੈ।ਆਗੂਆਂ ਨੇ ਮੰਗ ਪੱਤਰ ’ਚ ਕਿਹਾ ਕਿ ਇੰਨ੍ਹਾਂ ਨਜਾਇਜ ਕਬਜਿਆਂ ਨੂੰ ਪੂਰੀ ਤਰਾਂ ਹਟਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਰੋਜ਼ ਗਾਰਡਨ ਦੇ ਪੁਲ ਹੇਠਾਂ ਬੈਠੇ ਝੁੱਗੀਆਂ ਝੋਪੜੀਆਂ ਵਾਲੇ, ਬਠਿੰਡਾ ਦੇ ਨੌਰਥ ਸਟੇਟ ਬਰਨਾਲਾ ਬਾਈਪਾਸ ਤੇ ਬੈਠੇ ਝੁੱਗੀਆਂ ਝੋਪੜੀਆਂ ਵਾਲੇ, ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਪੁੱਡਾ ਮਾਰਕੀਟ ਦੇ ਵਿੱਚ ਬੈਠੇ ਝੁੱਗੀ ਝੋਪੜੀਆਂ ਵਾਲਿਆਂ ਵੱਲੋਂ ਆਪਣਾ ਮਲਮੂਤਰ ਸੜਕ ਤੇ ਕੀਤਾ ਜਾਂਦਾ ਅਤ ਚਿੰਤਾਜਨਕ ਇਹ ਹੈ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ। ਆਗੂਆਂ ਨੇ ਇੰਨ੍ਹਾਂ ਸਾਰਿਆਂ ਨੂੰ ਹਟਾਉਣ , ਬਠਿੰਡਾ ਦੀ ਨਹਿਰ ਤੇ ਪੰਜ ਫੁੱਟ ਉੱਚੀ ਫੈਂਸਿੰਗ ਕਰਵਾਉਣ, ਬਠਿੰਡਾ ਦੇ ਨਹਿਰ ਉੱਪਰ ਬਣੇ ਬੱਸ ਅੱਡੇ ਜਿੱਥੇ ਝੀਲ ਨੰਬਰ ਇੱਕ ਤੇ ਰੈਸਟ ਹਾਊਸ ਹੈ ਦੀ ਸਲਿਪ ਰੋਡ ਤੇ ਲੱਗੇ ਖੋਖਿਆਂ ਨੂੰ ਹਟਾਉਣ ਅਤੇ ਸ਼ਹਿਰ ’ਚ ਲੱਗੀਆਂ ਸੈਂਕੜੇ ਰੇਹੜੀਆਂ ਜਾਂ ਖੋਖਿਆਂ ਦਾ ਪੱਕਾ ਹੱਲ ਕਰਨ ਅਤੇ ਸ਼ਹਿਰ ’ਚ ਬੇਲਗਾਮ ਫਿਰਦੇ ਹਜ਼ਾਰਾਂ ਈ-ਰਿਕਸ਼ਿਆਂ ਦੀ ਵੈਰੀਫਿਕੇਸ਼ਨ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ਤੇ 15 ਦਿਨਾਂ ਦੇ ਅੰਦਰ-ਅੰਦਰ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਗਲਾ ਕਦਮ ਚੁੱਕਣ ਵੱਲ ਵਧਣਾ ਪਵੇਗਾ।
Click to Follow Babushahi Facebook page →