ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਵਿਖੇ ਪਸ਼ੂ ਪਾਲਣ ਮੇਲਾ ਸਫਲਤਾ ਪੂਰਵਕ ਸਮਾਪਤ
ਅਸ਼ੋਕ ਵਰਮਾ
ਰਾਮਪੁਰਾ (ਬਠਿੰਡਾ), 13 ਨਵੰਬਰ 2025 : ਪਸ਼ੂ ਪਾਲਣ ਇੱਕ ਐਸਾ ਕਿੱਤਾ ਹੈ ਜੋ ਰੋਜ਼ਾਨਾ ਆਮਦਨ ਪ੍ਰਦਾਨ ਕਰਦਾ ਹੈ ਤੇ ਵਿਗਿਆਨਕ ਤਰੀਕਿਆਂ ਨਾਲ ਇਸ ਆਮਦਨ ਨੂੰ ਹੋਰ ਵਧਾਇਆ ਜਾ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਬੰਧਿਤ ਕਾਲਜ, ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ‘ਚ ਕਰਵਾਏ ਪਸ਼ੂ ਪਾਲਣ ਮੇਲੇ ‘ਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਰਾਮਪੁਰਾ ਫੂਲ ਸ੍ਰੀ ਬਲਕਾਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ।
ਇਸ ਮੌਕੇ ਕੈਬਨਿਟ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਨੇ ਯੂਨੀਵਰਸਿਟੀ ਵੱਲੋਂ ਕਿਸਾਨਾਂ ਦੀ ਮਦਦ ਲਈ ਕੀਤੇ ਜਾ ਰਹੇ ਜ਼ਮੀਨੀ ਪੱਧਰ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਤੇ ਸੰਕਰਾਮਕ ਬਿਮਾਰੀਆਂ ਦੇ ਨਿਯੰਤਰਣ ਅਤੇ ਪਸ਼ੂਆਂ ਵਿੱਚ ਸਫਾਈ ਤੇ ਟੀਕਾਕਰਨ ਦੀ ਮਹੱਤਤਾ ਬਾਰੇ ਜਨ-ਜਾਗਰੂਕਤਾ ਫੈਲਾਉਣ ਲਈ ਵੈਟਰਨਰੀ ਕਿੱਤੇ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਵੀ ਕੀਤੀ।
ਇਸ ਦੌਰਾਨ ਵਿਧਾਇਕ ਰਾਮਪੁਰਾ ਫੂਲ ਸ਼੍ਰੀ ਬਲਕਾਰ ਸਿੰਘ ਸਿੱਧੂ ਨੇ ਪਸ਼ੂ ਪਾਲਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਪਸ਼ੂਆਂ ਦੇ ਹਿੱਤਧਾਰਕਾਂ ਦੀ ਬਿਹਤਰੀ ਲਈ ਸਹੂਲਤਾਂ ਨੂੰ ਸੁਚੱਜਾ ਬਣਾਉਣ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮੇਲੇ ਦਾ ਮੁੱਖ ਮੰਤਵ ਆਧੁਨਿਕ ਤੇ ਟਿਕਾਊ ਪਸ਼ੂ ਪਾਲਣ ਪ੍ਰਣਾਲੀਆਂ ਨੂੰ ਅਪਣਾਉਣ ਦਾ ਹੈ, ਤਾਂ ਜੋ ਪਸ਼ੂਆਂ ਦੀ ਪ੍ਰਜਣਨ, ਪ੍ਰਬੰਧਨ, ਖੁਰਾਕ, ਸਿਹਤ ਤੇ ਭਲਾਈ ਰਾਹੀਂ ਪਸ਼ੂ ਪਾਲਣ ਨੂੰ ਹੋਰ ਲਾਭਕਾਰੀ ਬਣਾਇਆ ਜਾ ਸਕੇ। ਇਹ ਪਸ਼ੂ ਪਾਲਣ ਮੇਲਾ “ਪਸ਼ੂ ਪਾਲਣ-ਖੇਤੀ ਦਾ ਮਾਣ, ਪੰਜਾਬ ਦੀ ਸ਼ਾਨ” ਵਿਸ਼ੇ ‘ਤੇ ਆਧਾਰਿਤ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵੱਖ-ਵੱਖ ਸਟਾਲਾਂ ਦਾ ਜਿਥੇ ਦੌਰਾ ਕਰਕੇ ਜਾਇਜ਼ਾ ਲਿਆ ਉਥੇ ਹੀ ਉਨ੍ਹਾਂ ਕਾਲਜ ਦੀਆਂ ਸਿੱਖਿਆ, ਖੋਜ ਤੇ ਪਸਾਰ ਗਤੀਵਿਧੀਆਂ ਬਾਰੇ ਜਾਣਨ ਵਿੱਚ ਗਹਿਰੀ ਰੁਚੀ ਦਿਖਾਈ।
ਇਸ ਤੋਂ ਪਹਿਲਾਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ ਯੂਨੀਵਰਸਿਟੀ, ਲੁਧਿਆਣਾ, ਡਾ. ਕੁਲਦੀਪ ਗੁਪਤਾ, ਡੀਨ, ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹੋਰ ਪ੍ਰਮੁੱਖ ਹਸਤੀਆਂ ਨਾਲ ਮਿਲ ਕੇ ਮੇਲੇ ਦਾ ਉਦਘਾਟਨ ਕੀਤਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ, ਨੇ ਸਵਾਗਤੀ ਭਾਸ਼ਣ ਦਿੰਦਿਆਂ ਪਸ਼ੂ ਪਾਲਣ ਮੇਲੇ ਦੀ ਮਹੱਤਤਾ ‘ਤੇ ਰੌਸ਼ਨੀ ਪਾਈ ਤੇ ਪਸ਼ੂ ਪ੍ਰਬੰਧਨ, ਪ੍ਰਜਣਨ, ਅਤੇ ਵੈਟਰਨਰੀ ਸੇਵਾਵਾਂ ਵਿਚ ਨਵੇਂ ਵਿਕਾਸ ਉਜਾਗਰ ਕਰਨ ਲਈ ਆਯੋਜਕਾਂ ਨੂੰ ਵਧਾਈ ਦਿੱਤੀ।
ਇਸ ਦੌਰਾਨ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਪਿੰਡਾਂ ਨੂੰ ਅਪਣਾਉਣ ਦੀ ਪ੍ਰਕਿਰਿਆ ਵਿੱਚ ਹੈ ਤਾਂ ਜੋ ਵਿਗਿਆਨੀ ਕਿਸਾਨਾਂ ਤੱਕ ਸਿੱਧੀ ਪਹੁੰਚ ਕਰਕੇ ਉਨ੍ਹਾਂ ਨੂੰ ਹਰ ਪੱਖੋਂ ਸਹਾਇਤਾ ਪ੍ਰਦਾਨ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਕਾਰਗਰ ਪਸ਼ੂ ਪਾਲਣ ਪ੍ਰਣਾਲੀਆਂ ਦੇ ਨਾਲ-ਨਾਲ ਮੁੱਲ ਵਧੇਰੇ ਪਸ਼ੂ ਉਤਪਾਦਾਂ ਨਾਲ ਸੰਬੰਧਿਤ ਉੱਦਮੀ ਸੰਭਾਵਨਾਵਾਂ, ਕਿਸਾਨਾਂ ਦੀ ਆਮਦਨ ਵਧਾਉਣ ਲਈ ਬਹੁਤ ਮਹੱਤਵਪੂਰਣ ਹਨ।
ਮੇਲੇ ਵਿੱਚ ਡੇਅਰੀ ਫਾਰਮਿੰਗ, ਮੁਰਗੀ ਪਾਲਣ ਅਤੇ ਟਿਕਾਊ ਖੇਤੀ ਦੇ ਤਰੀਕਿਆਂ ਬਾਰੇ ਜਾਣਕਾਰੀ ਭਰਪੂਰ ਤੇ ਸਿੱਖਣਯੋਗ ਪ੍ਰਦਰਸ਼ਨੀਆਂ ਲਗਾਈਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦੀ ਖਾਸ ਰੁਚੀ ਜਗਾਈ। ਮਾਹਿਰਾਂ ਨੇ ਪਸ਼ੂ ਪਾਲਣ ਨਾਲ ਸੰਬੰਧਿਤ ਆਮ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਵਿਗਿਆਨਕ ਸਲਾਹ ਦਿੱਤੀ। ਪ੍ਰਮੁੱਖ ਵੈਟਰਨਰੀ ਦਵਾਈ ਨਿਰਮਾਤਾ (ਫਾਰਮਾਸਿਊਟੀਕਲ ਕੰਪਨੀਆਂ), ਡੇਅਰੀ ਤੇ ਪਸ਼ੂ ਉਪਕਰਣਾਂ ਨਾਲ ਸੰਬੰਧਿਤ ਫੈਕਟਰੀਆਂ ਵੱਲੋਂ ਵੀ ਸਟਾਲ ਲਗਾਏ ਗਏ। ਕਾਲਜ ਆਫ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਅਤੇ ਡਿਪਾਰਟਮੈਂਟ ਆਫ ਲਾਈਵਸਟਾਕ ਪ੍ਰੋਡਕਟਸ ਟੈਕਨਾਲੋਜੀ ਵੱਲੋਂ ਤਿਆਰ ਕੀਤੀਆਂ ਵਿਭਿੰਨ ਵਿਅੰਜਨ, ਵਿਕਰੀ ਲਈ ਉਪਲਬਧ ਸਨ।
ਪਸ਼ੂ ਪਾਲਣ ਖੇਤਰ ਦੇ ਪ੍ਰਸਿੱਧ ਮਾਹਿਰਾਂ ਨੇ ਜਾਣਕਾਰੀ ਭਰਪੂਰ ਗੱਲਬਾਤਾਂ ਰਾਹੀਂ ਪਸ਼ੂ ਪਾਲਣ ਸਿਹਤ ਅਤੇ ਭਲਾਈ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਮੇਲੇ ਦਾ ਮੁੱਖ ਆਕਰਸ਼ਣ “ਸਰਵੋਤਮ ਪਸ਼ੂ ਪ੍ਰਤਿਯੋਗਤਾਵਾਂ” ਸਨ, ਜਿਸ ਵਿੱਚ ਉੱਚ ਗੁਣਵੱਤਾ ਵਾਲੀਆਂ ਮੁਰ੍ਹਾ ਮੱਝਾਂ , ਐਚ.ਐਫ. ਗਾਂਵਾਂ, ਬੀਟਲ ਬੱਕਰੀਆਂ ਅਤੇ ਕਜਲੀ ਭੇਡਾਂ ਨੂੰ ਪੇਸ਼ ਕੀਤਾ ਗਿਆ ਅਤੇ ਹਰ ਸ਼੍ਰੇਣੀ ਦੇ ਪਹਿਲੇ ਤਿੰਨ ਪ੍ਰਤਿਯੋਗੀਆਂ ਨੂੰ ਪ੍ਰਮਾਣ–ਪੱਤਰ ਅਤੇ ਨਗਦ ਇਨਾਮ ਦਿੱਤੇ ਗਏ। ਮੇਲੇ ਵਿੱਚ ਸਥਾਨਕ ਵਿਕਰੇਤਾਵਾਂ ਵੱਲੋਂ ਪਸ਼ੂਆਂ ਦੀ ਖੁਰਾਕ, ਉਪਕਰਣ ਤੇ ਸਿਹਤ ਉਤਪਾਦਾਂ ਨਾਲ ਜੁੜੀਆਂ ਵਸਤਾਂ ਵੀ ਵਿਕਰੀ ਲਈ ਲਗਾਈਆਂ ਗਈਆਂ।
ਇਸ ਸਮਾਗਮ ਵਿੱਚ ਪ੍ਰਮੁੱਖ ਸਖਸ਼ੀਅਤਾਂ, ਅਧਿਕਾਰੀਆਂ, ਵਿਭਾਗ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਸਟਾਫ ਨੇ ਹਿੱਸਾ ਲਿਆ। ਇਹ ਇਕ-ਦਿਵਸੀ ਸਮਾਗਮ ਗਿਆਨ ਸਾਂਝੇਕਰਨ ਅਤੇ ਉਦਯੋਗ ਤੇ ਵਿੱਦਿਅਕ ਖੇਤਰ ਵਿਚਕਾਰ ਸਹਿਯੋਗ ਵਧਾਉਣ ਲਈ ਇੱਕ ਸਫਲ ਮੰਚ ਸਾਬਤ ਹੋਇਆ। ਇਸ ਨੇ ਪਸ਼ੂ ਪਾਲਣ ਦੇ ਕਾਰਗਰ ਤਰੀਕਿਆਂ ਬਾਰੇ ਗਹਿਰੀ ਸਮਝ ਪ੍ਰਦਾਨ ਕੀਤੀ ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਇਕ ਸਾਬਤ ਹੋਵੇਗੀ।
ਅੰਤ ਵਿੱਚ, ਡਾ. ਕੁਲਦੀਪ ਗੁਪਤਾ, ਡੀਨ, ਸੀਓਵੀਐਸ, ਰਾਮਪੁਰਾ ਫੂਲ ਨੇ ਸਾਰੇ ਆਯੋਜਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਮੇਲੇ ਦੀ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਮੇਲਾ ਕਾਲਜ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਗੈਰ–ਅਧਿਆਪਕ ਸਟਾਫ ਦੀ ਸਮੂਹਿਕ ਮਿਹਨਤ, ਸਮਰਪਣ ਅਤੇ ਟੀਮ ਵਰਕ ਦਾ ਨਤੀਜਾ ਹੈ।
ਇਸ ਇਕ-ਦਿਵਸੀ ਮੇਲੇ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਉਦਯੋਗਕ ਮਾਹਿਰਾਂ ਤੇ ਸਥਾਨਕ ਕਿਸਾਨਾਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਪਸ਼ੂ ਪਾਲਣ ਖੇਤਰ ਦੇ ਨਵੇਂ ਰੁਝਾਨਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।