ਵਿਧਾਨ ਸਭਾ ਸੈਸ਼ਨ 'ਚ ਇੱਕ ਦਿਨ ਲਈ MLA ਬਣਿਆ ਮਾਨਸਾ ਦਾ ਵਿਦਿਆਰਥੀ ਜਸਪ੍ਰੀਤ ਸਿੰਘ
ਅਸ਼ੋਕ ਵਰਮਾ
ਮਾਨਸਾ 28 ਨਵੰਬਰ 2025 : ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਵਿਦਿਆਰਥੀ ਵਿਧਾਨ ਸਭਾ ਸੈਸ਼ਨ ਦੌਰਾਨ ਮਾਨਸਾ ਜ਼ਿਲ੍ਹੇ ਦੇ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਫਫੜੇ ਭਾਈਕੇ ਦੇ ਵਿਦਿਆਰਥੀ ਜਸਪ੍ਰੀਤ ਸਿੰਘ, ਜੋ ਇੱਕ ਦਿਨ ਲਈ ਮਾਨਸਾ ਤੋਂ ਵਿਧਾਇਕ ਬਣੇ ਸਨ, ਨੇ ਆਪਣੇ ਹੱਥੀਂ ਤਿਆਰ ਕੀਤਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਕੈੱਚ ਉਨ੍ਹਾਂ ਨੂੰ ਭੇਂਟ ਕੀਤਾ।
ਸਕੈੱਚ ਪ੍ਰਾਪਤ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀ ਦੀ ਹੌਂਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਨੌਜਵਾਨ ਪੜ੍ਹਾਈ ਦੇ ਨਾਲ–ਨਾਲ ਕਲਾ ਅਤੇ ਰਚਨਾਤਮਕਤਾ ਵਿੱਚ ਵੀ ਅੱਗੇ ਹਨ। ਉਨ੍ਹਾਂ ਕਿਹਾ ਕਿ ਇਹ ਚਿੱਤਰ ਤੁਹਾਡੀ ਕਲਾ, ਕਾਬਲੀਅਤ ਅਤੇ ਸਮਰਪਣ ਦਾ ਪ੍ਰਤੀਕ ਹੈ। ਤੁਸੀਂ ਜੋ ਮਿਹਨਤ ਕਰ ਰਹੇ ਹੋ, ਉਹ ਤੁਹਾਨੂੰ ਜੀਵਨ ਵਿੱਚ ਬਹੁਤ ਉੱਚਾਈਆਂ ਤੱਕ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਦਿਲੋਂ ਕਾਮਨਾ ਕਰਦਾ ਹਾਂ ਕਿ ਤੁਸੀਂ ਆਪਣੀ ਕਲਾਤਮਕ ਪਹਿਚਾਣ ਨੂੰ ਹੋਰ ਮਜ਼ਬੂਤ ਕਰੋ ਅਤੇ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕਰੋ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਪਰਮਜੀਤ ਸਿੰਘ ਭੋਗਲ, ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਅਤੇ ਲੈਕਚਰਾਰ ਗੁਰਜੀਤ ਸਿੰਘ ਮਾਨ ਵਲੋਂ ਵਿਦਿਆਰਥੀ ਦੀ ਹੌਂਸਲਾ ਅਫਜ਼ਾਈ ਕੀਤੀ ਗਈ।
ਇਸ ਮੌਕੇ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਫਫੜੇ ਭਾਈ ਕੇ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।