ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਦਾ ਸਾਲਾਨਾ ਸਾਹਿਤਕ ਸਮਾਗਮ 19 ਅਕਤੂਬਰ ਨੂੰ
ਹਰਦਮ ਮਾਨ
ਸਰੀ, 15 ਅਕਤੂਬਰ 2025-ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ 11ਵਾਂ ਸਾਲਾਨਾ ਸਾਹਿਤਕ ਸਮਾਗਮ 19 ਅਕਤੂਬਰ 2025 ਨੂੰ 7050 ਸੀਨੀਅਰਜ ਸਿਟੀਜ਼ਨ ਸੈਂਟਰ, ਸਰੀ/ਡੈਲਟਾ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦਾ ਵਿਸ਼ਾ “ਜ਼ਿੰਦਗੀ” ਰੱਖਿਆ ਗਿਆ ਹੈ ਅਤੇ ਸਮੁੱਚਾ ਸਮਾਗਮ ਕਵੀ ਦਰਬਾਰ ਅਤੇ ਵਿਚਾਰ ਚਰਚਾ ਦੇ ਰੂਪ ਵਿੱਚ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸੰਸਥਾਪਕ ਮਲੂਕ ਚੰਦ ਕਲੇਰ ਨੇ ਦੱਸਿਆ ਹੈ ਕਿ ਸਮਾਗਮ ਦਾ ਉਦੇਸ਼ ਲੋਕ ਕਵੀ ਗੁਰਦਾਸ ਰਾਮ ਆਲਮ ਦੀ ਰਚਨਾਤਮਕ ਵਿਰਾਸਤ ਨੂੰ ਯਾਦ ਕਰਨਾ ਤੇ ਪੰਜਾਬੀ ਸਾਹਿਤ ਪ੍ਰਤੀ ਨਵੀਂ ਪੀੜ੍ਹੀ ਵਿੱਚ ਰੁਝਾਨ ਪੈਦਾ ਕਰਨਾ ਹੈ। ਸਮਾਗਮ ਸ਼ਾਮ 1:30 ਵਜੇ ਸ਼ੁਰੂ ਹੋਵੇਗਾ।
ਇਸ ਮੌਕੇ ਕਈ ਪ੍ਰਸਿੱਧ ਕਵੀ, ਲੇਖਕ ਅਤੇ ਸਾਹਿਤ ਪ੍ਰੇਮੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਪ੍ਰੋਗਰਾਮ ਵਿੱਚ ਕੈਨੇਡਾ ਭਰ ਦੇ ਕਵਿਤਾ ਪ੍ਰੇਮੀ ਸ਼ਾਮਿਲ ਹੋਣਗੇ। ਉਨ੍ਹਾਂ ਸਾਰੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿੱਚ ਸ਼ਮੂਲੀਅਤ ਦੀ ਬੇਨਤੀ ਕੀਤੀ ਹੈ ਤਾਂ ਜੋ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਧਾਰਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।