ਬਠਿੰਡਾ: ਭਾਸ਼ਾ ਦਫਤਰ ਨੇ ਸਕੂਲਾਂ-ਕਾਲਜਾਂ ਦਾ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 15 ਅਕਤੂਬਰ 2025 : ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਜ਼ਿਲ੍ਹਾ ਪੱਧਰੀ ਲਿਖਤੀ ਕੁਇਜ਼ ਮੁਕਾਬਲਾ ਸਥਾਨਕ ਡੀ.ਏ.ਵੀ. ਕਾਲਜ ਵਿਖੇ ਕਰਵਾਇਆ ਗਿਆ। ਇਸ ਮੌਕੇ ਸਤਿਕਾਰਿਤ ਮਹਿਮਾਨ ਵਜੋਂ ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸ਼ਿਰਕਤ ਕੀਤੀ।ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਇਸ ਮੁਕਾਬਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਕਾਬਲਾ ਤਿੰਨ ਵਰਗਾਂ ਵਿੱਚ ਕਰਵਾਇਆ ਗਿਆ। ਵਰਗ ਪਹਿਲੇ ਵਿੱਚ ਅੱਠਵੀਂ ਤੱਕ ਦੇ ਵਿਦਿਆਰਥੀ, ਵਰਗ ਦੂਜੇ ਵਿੱਚ ਨੌਂਵੀ ਤੋਂ ਬਾਰ੍ਹਵੀਂ ਅਤੇ ਵਰਗ ਤੀਜੇ ਵਿੱਚ ਗ੍ਰੈਜੂਏਸ਼ਨ ਅਤੇ ਇਸ ਤੋਂ ਉੱਪਰ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਉਹਨਾਂ ਅੱਗੇ ਦੱਸਿਆ ਕਿ ਇਸ ਕੁਇਜ਼ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨਾ ਹੈ ਤਾਂ ਜੋ ਉਹ ਆਪਣੀ ਮਿੱਟੀ ਦੇ ਹੋਰ ਨੇੜੇ ਹੋ ਸਕਣ। ਉਨ੍ਹਾਂ ਇਸ ਮੌਕੇ ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਅਤੇ ਸਟਾਫ਼ ਦਾ ਉਨ੍ਹਾਂ ਦੇ ਵਡਮੁੱਲੇ ਸਹਿਯੋਗ ਲਈ ਧੰਨਵਾਦ ਵੀ ਕੀਤਾ।ਇਸ ਮੌਕੇ ਬੋਲਦਿਆਂ ਡਾ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਾਲੇ ਕਿਸੇ ਵੀ ਮੁਕਾਬਲੇ ਲਈ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਨੂੰ ਭਵਿੱਖ ਵਿੱਚ ਵੀ ਸਹਿਯੋਗ ਦਿੰਦੇ ਰਹਿਣਗੇ। ਨਤੀਜਾ ਤਿਆਰ ਕਰਨ ਦੇ ਸਮੇਂ ਦੌਰਾਨ ਨਵੀਆਂ ਕਲਮਾਂ ਨਵੀਂ ਉਡਾਣ ਦੀ ਟੀਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਦੀ ਟੀਮ ਨੇ ਅਧਿਆਪਕ ਸੁਖਪਾਲ ਸਿੰਘ, ਜਗਜੀਤ ਕੌਰ ਅਤੇ ਪ੍ਰਦੀਪ ਕੌਰ ਦੇ ਨਿਰਦੇਸ਼ਨ ਹੇਠਾਂ ਤਿਆਰ ਕੀਤਾ ਨਾਟਕ 'ਬਟਵਾਰਾ' ਖੇਡਿਆ ਜਿਸਨੂੰ ਖ਼ੂਬ ਪਸੰਦ ਕੀਤਾ ਗਿਆ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਤੋਂ ਪ੍ਰੋ. ਰਵਿੰਦਰ ਸੰਧੂ ਨੇ ਵਿਦਿਆਰਥੀਆਂ ਨਾਲ਼ ਸਕੂਲੀ ਜੀਵਨ ਪ੍ਰਤੀ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਕੀਤਾ।ਮੁਕਾਬਲੇ ਦੇ ਪ੍ਰਬੰਧਨ ਅਤੇ ਉੱਤਰ ਪੱਤਰੀਆਂ ਦੀ ਚੈਕਿੰਗ ਲਈ ਸਿੱਖਿਆ ਵਿਭਾਗ ਤੋਂ ਅਧਿਆਪਕ ਅਸ਼ੋਕ ਕੁਮਾਰ, ਹਰਸਿਮਰਨ ਸਿੰਘ , ਹਰਜੀਤ ਸਿੰਘ, ਪਰਮਜੀਤ ਕੌਰ, ਗੁਰਭਿੰਦਰ ਸਿੰਘ, ਗੁਰਮੀਤ ਸਿੰਘ, ਅਜੇ ਜਿੰਦਲ ਅਨਮੋਲਪ੍ਰੀਤ ਕੌਰ, ਕਿਰਨਦੀਪ ਕੌਰ ਗਿੱਲ, ਇਸ਼ੂ ਬਾਵਾ,ਆਰੂਸ਼ਿਕਾ ਅਤੇ ਜਗਦੀਪ ਸਿੰਘ ਹਾਜ਼ਰ ਸਨ।
ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਬਠਿੰਡਾ ਦੇ ਵਿਕਰੀ ਕੇਂਦਰ ਇੰਚਾਰਜ ਸੁਖਮਨੀ ਸਿੰਘ ਵੱਲੋਂ ਵਿਦਿਆਰਥੀਆਂ ਦੇ ਨਾਲ਼ ਆਏ ਅਧਿਆਪਕਾਂ ਲਈ ਖ਼ਾਸ ਪੁਸਤਕ ਪ੍ਰਦਰ਼ਸ਼ਨੀ ਲਗਾਈ ਗਈ।
ਨਤੀਜਿਆਂ ਵਿੱਚ ਪਹਿਲੇ ਵਰਗ ਵਿੱਚ ਪਹਿਲਾ ਸਥਾਨ ਗੋਲੂ ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ ਸਕੂਲ ਭੁੱਚੋਂ ਕਲਾਂ, ਦੂਜਾ ਸਥਾਨ ਗੁਰਲੀਨ ਕੌਰ ਸਿਲਵਰ ਓਕਸ ਸਕੂਲ ਬੀਬੀ ਵਾਲਾ ਰੋਡ ਬਠਿੰਡਾ ਅਤੇ ਤੀਜਾ ਸਥਾਨ ਜਪਨੀਤ ਕੌਰ ਬਰਾੜ ਡਾ. ਹੋਮਜ਼ ਅਕੈਡਮੀ ਜੀਦਾ ਨੇ ਪ੍ਰਾਪਤ ਕੀਤਾ । ਦੂਜੇ ਵਰਗ ਵਿੱਚ ਪਹਿਲਾ ਸਥਾਨ ਜਸਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਮੰਡੀ , ਦੂਜਾ ਸਥਾਨ ਮਨਜਿੰਦਰ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਾਲਿਆਂਵਾਲੀ ਲੜਕੇ ਅਤੇ ਤੀਜਾ ਸਥਾਨ ਆਰਵ ਗਰਗ ਸਿਲਵਰ ਓਕਸ ਸਕੂਲ ਬੀਬੀ ਵਾਲਾ ਰੋਡ ਬਠਿੰਡਾ ਨੇ ਪ੍ਰਾਪਤ ਕੀਤਾ।ਤੀਸਰੇ ਵਰਗ ਵਿੱਚ ਪਹਿਲਾ ਸਥਾਨ ਅੰਮ੍ਰਿਤਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ , ਦੂਜਾ ਸਥਾਨ ਜਸਪ੍ਰੀਤ ਕੌਰ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਅਤੇ ਤੀਜਾ ਸਥਾਨ ਦਿਲਜੋਤ ਸਿੰਘ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਨੇ ਹਾਸਿਲ ਕੀਤਾ।ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਇਨਾਮ ਤਕਸੀਮ ਕੀਤੇ।