ਲੁਧਿਆਣੇ ਵਿਆਹੀ ਧੀ ਨੂੰ ਬਣਾਇਆ ਉਮੀਦਵਾਰ, ਵਾਰਡ ਨੰਬਰ-5 ਤੋਂ AAP ਉਮੀਦਵਾਰ ਦੇ ਖਿਲਾਫ ਦਿਖਾਏ ਬਾਗੀ ਸੁਰ
ਖੁਦ 10 ਨੰਬਰ ਵਾਰਡ ਚੋਂ ਝਾੜੂ ਦੇ ਨਿਸ਼ਾਨ 'ਤੇ ਲੜ ਰਿਹਾ ਚੋਣ
ਜਗਰਾਉਂ (ਦੀਪਕ ਜੈਨ)
ਨਗਰ ਕੌਂਸਲ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਜਗਰਾਉਂ ਦੇ ਉਮੀਦਵਾਰਾਂ ਵੱਲੋਂ ਨਵੇਂ ਨਵੇਂ ਕੌਤਕ ਕਰਕੇ ਦਿਖਾਏ ਜਾ ਰਹੇ ਹਨ। ਇੱਕ ਉਮੀਦਵਾਰ ਜੋ ਕਿ ਪਹਿਲਾਂ ਹਮੇਸ਼ਾ ਕਾਂਗਰਸ ਦੀ ਹੀ ਟਿਕਟ ਤੇ ਇਲੈਕਸ਼ਨ ਲੜਦਾ ਰਿਹਾ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਆਮ ਆਦਮੀ ਪਾਰਟੀ ਦਾ ਖੁਦ ਨੂੰ ਵਫਾਦਾਰ ਸਿਪਾਹੀ ਦੱਸਦਾ ਰਿਹਾ ਹੈ। ਪਰ ਉਸ ਦੀ ਵਫਾਦਾਰੀ ਅੱਜ ਉਸ ਵੇਲੇ ਜਗ ਜਾਹਰ ਹੋ ਗਈ ਜਦੋਂ ਉਸਨੇ ਆਪਣੇ ਅਤੇ ਆਪਣੇ ਕਿਸੇ ਪਰਿਵਾਰਿਕ ਮੈਂਬਰ ਲਈ ਜਗਰਾਉਂ ਅੰਦਰ ਦੋ ਵਾਰਡਾਂ ਵਿੱਚ ਇਲੈਕਸ਼ਨ ਲੜਨ ਲਈ ਪਾਰਟੀ ਤੋਂ ਟਿਕਟ ਦੀ ਮੰਗ ਕੀਤੀ।
ਪਰ ਪਾਰਟੀ ਹਾਈ ਕਮਾਨ ਨੇ ਉਸ ਨੂੰ ਵਾਰਡ ਨੰਬਰ 10 ਤੋਂ ਹੀ ਟਿਕਟ ਦਿੱਤੀ। ਜਿੱਥੇ ਉਹ ਖੁਦ ਉਮੀਦਵਾਰ ਵਜੋਂ ਝਾੜੂ ਦੇ ਚੋਣ ਨਿਸ਼ਾਨ ਤੇ ਚੋਣਾਂ ਲੜ ਰਿਹਾ ਹੈ। ਪਰ ਉਸ ਨੇ ਦੂਸਰੇ ਪਾਸੇ ਪੰਜ ਨੰਬਰ ਵਾਰਡ ਵਿੱਚ ਆਪਣੇ ਬਾਗੀ ਸੁਰ ਦਿਖਾਉਣਾ ਸ਼ੁਰੂ ਕਰ ਦਿੱਤੇ। ਇੱਥੇ ਵਾਰਡ ਨੰਬਰ 10 ਦੇ ਉਮੀਦਵਾਰ ਕੰਵਰਪਾਲ ਸਿੰਘ ਡੀਪੂ ਵਾਲਿਆਂ ਨੇ ਆਪਣੀ ਲੁਧਿਆਣੇ ਵਿਆਹੀ ਹੋਈ ਬੇਟੀ ਨੂੰ ਸੱਦ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਜੋ ਕਿ ਆਮ ਆਦਮੀ ਪਾਰਟੀ ਨਾਲ ਸਿੱਧੇ ਤੌਰ ਤੇ ਬਗਾਵਤ ਦਾ ਵਿਗੁਲ ਹੀ ਬਜਾਇਆ ਗਿਆ ਹੈ।
ਉਸ ਦੇ ਬਗਾਵਤੀ ਸੁਰ ਇਸ ਗੱਲ ਤੋਂ ਵੀ ਪਤਾ ਲੱਗਦੇ ਹਨ ਕਿ ਵਾਰਡ ਅੰਦਰ ਉਸ ਦੀ ਬੇਟੀ ਪਰਮਿੰਦਰ ਕੌਰ ਆਪਣੇ ਪਿਤਾ ਦਾ ਨਾਮ ਹੀ ਨਹੀਂ ਲਿਖ ਰਹੀ ਸਗੋਂ ਕਵੰਰ ਪਾਲ ਸਿੰਘ ਡੀਪੂ ਵਾਲੇ ਨੇ ਆਪਣੀ ਤਸਵੀਰ ਛਪਵਾ ਕੇ ਵੀ ਪਰਚਾਰ ਸਮੱਗਰੀ ਉੱਪਰ ਲਗਾਈ ਹੈ। ਪਰਮਿੰਦਰ ਕੌਰ ਨੂੰ ਜਿੱਥੇ ਟਰੈਕਟਰ ਦਾ ਚੋਣ ਨਿਸ਼ਾਨ ਮਿਲਿਆ ਹੈ ਉਥੇ ਉਸ ਦੇ ਮੁਕਾਬਲੇ ਨਗਰ ਕੌਂਸਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਦੀ ਧਰਮ ਪਤਨੀ ਬੀਬੀ ਰਵਿੰਦਰ ਪਾਲ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਜੋਂ ਚੋਣਾਂ ਲੜ ਰਹੇ ਹਨ।
ਆਜ਼ਾਦ ਉਮੀਦਵਾਰ ਪਰਮਿੰਦਰ ਕੌਰ ਜੋ ਕਿ ਲੁਧਿਆਣਾ ਰਹਿੰਦੇ ਹਨ ਅਤੇ ਉਹਨਾਂ ਦਾ ਜਗਰਾਉਂ ਇਲਾਕੇ ਵਿੱਚ ਚੋਣ ਲੜਨਾ ਵਾਰਡ ਵਾਸੀਆਂ ਲਈ ਸਰਾਸਰ ਧੱਕਾ ਹੀ ਹੈ। ਜੇਕਰ ਵਾਰਡ ਵਾਸੀਆਂ ਨੇ ਆਪਣਾ ਕੋਈ ਕੰਮ ਕਰਵਾਉਣਾ ਹੋਵੇਗਾ ਜਾਂ ਥਾਣੇ,ਕਚਹਿਰੀ ਕੌਂਸਲਰ ਨੂੰ ਲੈ ਕੇ ਜਾਣ ਦੀ ਜਰੂਰਤ ਪੜੇਗੀ ਤਾਂ ਕਿ ਇਹ ਬੀਬੀ ਲੁਧਿਆਣੇ ਤੋਂ ਚੱਲ ਕੇ ਜਗਰਾਉਂ ਟਾਈਮ ਸਿਰ ਪਹੁੰਚ ਸਕਦੀ ਹੈ। ਜਦ ਕਿ ਬੀਬੀ ਰਵਿੰਦਰ ਪਾਲ ਮਾਲਵਾ ਜਗਰਾਉਂ ਦੀ ਹੀ ਵਸਨੀਕ ਹੈ ਅਤੇ ਇਲਾਕੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਿਚਰ ਕੇ ਆਪਣੀ ਗਰਾਊਂਡ ਵੀ ਬਣਾ ਚੁੱਕੀ ਹੈ।
ਵਾਰਡ ਨੰਬਰ 10 ਦੇ ਉਮੀਦਵਾਰ ਕਵੰਰਪਾਲ ਦੇ ਬਾਗੀ ਸੁਰਾਂ ਬਾਬਤ ਜਦੋਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨਾਲ ਗੱਲ ਕੀਤੀ ਗਈ ਅਤੇ ਪੂਰੀ ਜਾਣਕਾਰੀ ਦਿੱਤੀ ਗਈ ਕਿ ਇੱਕ ਪਾਸੇ ਤੁਹਾਡਾ ਉਮੀਦਵਾਰ 10 ਨੰਬਰ ਵਾਰਡ ਤੋਂ ਤੁਹਾਡੇ ਹੀ ਚੋਣ ਨਿਸ਼ਾਨ ਝਾੜੂ ਉੱਪਰ ਚੋਣਾਂ ਲੜ ਰਿਹਾ ਹੈ।
ਪਰ ਦੂਸਰੇ ਪਾਸੇ ਤੁਹਾਡੇ ਹੀ ਉਮੀਦਵਾਰ ਦੀ ਵਿਰੋਧਤਾ ਲਈ ਆਪਣੀ ਬੇਟੀ ਨੂੰ ਆਜ਼ਾਦ ਖੜਾ ਕਰਕੇ ਪਾਰਟੀ ਨਾਲ ਬਗਾਵਤ ਹੀ ਤਾਂ ਕਰ ਰਿਹਾ ਹੈ ਤਾਂ ਇਸ ਬਾਰੇ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਇਹ ਗੱਲ ਉਹਨਾਂ ਦੇ ਧਿਆਨ ਵਿੱਚ ਆ ਗਈ ਹੈ ਅਤੇ ਉਹ ਹਾਈ ਕਮਾਨ ਨੂੰ ਵੀ ਕਵੰਰਪਾਲ ਉਮੀਦਵਾਰ ਦੇ ਪੰਜ ਨੰਬਰ ਵਾਰਡ ਤੋਂ ਬੇਟੀ ਨੂੰ ਮੁਕਾਬਲੇ ਵਿੱਚ ਉਤਾਰਨ ਦੀ ਗੱਲ ਕਰਨਗੇ ਅਤੇ ਕੰਵਰਪਾਲ ਦੇ ਖਿਲਾਫ ਪਾਰਟੀ ਵੱਲੋਂ ਬਣਦੀ ਅਨੁਸ਼ਾਸਨਿਕ ਕਾਰਵਾਈ ਵੀ ਕੀਤੀ ਜਾਵੇਗੀ।
ਇੱਥੇ ਤੁਹਾਨੂੰ ਦੱਸ ਦਈਏ ਕਿ ਕਵੰਰ ਪਾਲ ਸਿੰਘ ਪਹਿਲਾਂ ਕਾਂਗਰਸ ਦੇ ਚੋਣ ਨਿਸ਼ਾਨ ਉੱਪਰ ਚੋਣਾਂ ਲੜਦੇ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਬੇਟੀ ਦੇ ਚੋਣ ਪ੍ਰਚਾਰ ਲਈ ਹੋ ਰਹੇ ਖਰਚੇ ਨੂੰ ਵੀ ਕੰਵਰ ਪਾਲ ਸਿੰਘ ਵੱਲੋਂ ਹੀ ਕੀਤਾ ਜਾ ਰਿਹਾ ਹੈ।
- Download Babushahi App
-
-