ਭਾਈਬਾਲਾ ਅਤੇ ਭਾਰਤ ਨਗਰ ਚੌਂਕ 'ਚ ਨਵਾਂ 'ਲੇਨ ਸਿਸਟਮ' ਲਾਗੂ -- ਏਸੀਪੀ ਟ੍ਰੈਫਿਕ ਗੁਰਦੇਵ ਸਿੰਘ
ਸੁਖਮਿੰਦਰ ਭੰਗੂ
ਲੁਧਿਆਣਾ 6 ਫਰਵਰੀ 2026
ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਅਤੇ ਲੋਕਾਂ ਦੇ ਕੀਮਤੀ ਸਮੇਂ ਦੀ ਬਚਤ ਕਰਨ ਲਈ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਕਮਿਸ਼ਨਰ ਪੁਲਿਸ ਸਵੱਪਨ ਸ਼ਰਮਾ (IPS) ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀਆਂ ਹਦਾਇਤਾਂ ਅਨੁਸਾਰ, ਸ਼ਹਿਰ ਦੇ ਦੋ ਸਭ ਤੋਂ ਰੁਝੇਵੇਂ ਵਾਲੇ ਪੁਆਇੰਟਾਂ—ਭਾਈਬਾਲਾ ਚੌਂਕ ਅਤੇ ਭਾਰਤ ਨਗਰ ਚੌਂਕ—ਵਿਖੇ ਟ੍ਰੈਫਿਕ ਦੇ ਸੁਚਾਰੂ ਪ੍ਰਬੰਧ ਲਈ ਨਵੀਂ ਯੋਜਨਾ ਲਾਗੂ ਕੀਤੀ ਗਈ ਹੈ।
ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਨੇ ਨਵੀ ਟ੍ਰੈਫਿਕ ਵਿਵਸਥਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਖੋਵਾਲ ਰੋਡ ਅਤੇ ਫਿਰੋਜ਼ਪੁਰ ਰੋਡ 'ਤੇ ਸੈਂਟਰ ਵਰਜ ਲਗਾ ਕੇ ਸਪ੍ਰਿੰਗ ਪੋਸਟਾਂ ਸਥਾਪਿਤ ਕੀਤੀਆਂ ਗਈਆਂ ਹਨ। ਇਹਨਾਂ ਪੁਆਇੰਟਾਂ 'ਤੇ ਵਿਸ਼ੇਸ਼ 'ਸਲਿਪ ਵੇਅ' ਤਿਆਰ ਕੀਤੇ ਗਏ ਹਨ। ਹੁਣ ਵਾਹਨ ਚਾਲਕਾਂ ਨੂੰ ਇਨ੍ਹਾਂ ਮੋੜਾਂ 'ਤੇ ਰੁਕਣ ਦੀ ਲੋੜ ਨਹੀਂ ਪਵੇਗੀ।
ਸਪ੍ਰਿੰਗ ਪੋਸਟਾਂ ਲੱਗਣ ਨਾਲ ਟ੍ਰੈਫਿਕ ਲਈ ਸਪੱਸ਼ਟ ਲੇਨਾਂ ਬਣ ਗਈਆਂ ਹਨ, ਜਿਸ ਨਾਲ ਵਾਹਨਾਂ ਦਾ ਫਲੋਅ (ਰਫ਼ਤਾਰ) ਬਰਕਰਾਰ ਰਹੇਗਾ।
ਜਾਮ ਤੋਂ ਮਿਲੇਗਾ ਛੁਟਕਾਰਾ
ਇਸ ਨਵੀਂ ਵਿਵਸਥਾ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਭਾਈਬਾਲਾ ਅਤੇ ਭਾਰਤ ਨਗਰ ਚੌਂਕ 'ਤੇ ਲੱਗਣ ਵਾਲੇ ਲੰਬੇ ਜਾਮ ਹੁਣ ਬੀਤੇ ਦੀ ਗੱਲ ਬਣ ਜਾਣਗੇ। ਟ੍ਰੈਫਿਕ ਪੁਲਿਸ ਦਾ ਮੰਨਣਾ ਹੈ ਕਿ ਲੇਨ ਸਿਸਟਮ ਨਾਲ ਨਾ ਸਿਰਫ਼ ਜਾਮ ਘਟੇਗਾ, ਸਗੋਂ ਸੜਕੀ ਹਾਦਸਿਆਂ ਵਿੱਚ ਵੀ ਕਮੀ ਆਵੇਗੀ।
ਪ੍ਰਸ਼ਾਸਨ ਦੀ ਅਪੀਲ
ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਣਾਈਆਂ ਗਈਆਂ ਲੇਨਾਂ ਦੀ ਪਾਲਣਾ ਕਰਨ ਤਾਂ ਜੋ ਟ੍ਰੈਫਿਕ ਵਿਵਸਥਾ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕੇ।