ਲੁਧਿਆਣਾ ਪੁਲਿਸ ਵੱਲੋਂ ਸਕੂਲਾਂ ਨੇੜੇ ਗੈਰਕਾਨੂੰਨੀ ਤੰਬਾਕੂ ਅਤੇ ਈ-ਸਿਗਰੇਟ ਵਿਕਰੀ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ
ਸੁਖਮਿੰਦਰ ਭੰਗੂ
ਲੁਧਿਆਣਾ, 13 ਨਵੰਬਰ 2025- ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, IPS ਦੀ ਅਗਵਾਈ ਹੇਠ ਲੁਧਿਆਣਾ ਪੁਲਿਸ ਵੱਲੋਂ ਇੱਕ ਵਿਆਪਕ ਤੌਰ ਤੇ ਮੁਹਿੰਮ ਚਲਾਈ ਗਈ ਜਿਸਦਾ ਮਕਸਦ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਦੇ ਨੇੜੇ ਤੰਬਾਕੂ ਉਤਪਾਦਾਂ ਅਤੇ ਈ-ਸਿਗਰੇਟਾਂ ਦੀ ਵਿਕਰੀ ‘ਤੇ ਰੋਕ ਲਗਾਉਣਾ ਸੀ।
ਇਹ ਵਿਸ਼ੇਸ਼ ਕਾਰਵਾਈ ADCP–02 ਕਰਨਵੀਰ ਸਿੰਘ, PPS ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ACP–ਦੱਖਣੀ, ACP–ਇੰਡਸਟਰੀਅਲ ਏਰੀਆ-B ਅਤੇ ਜ਼ੋਨ–02 ਦੇ ਪੁਲਿਸ ਥਾਣਿਆਂ ਦੇ ਅਧਿਕਾਰੀਆਂ ਨੇ ਸਰਗਰਮ ਹਿੱਸਾ ਲਿਆ। ਟੀਮਾਂ ਵੱਲੋਂ ਸਕੂਲਾਂ ਦੇ ਨੇੜੇ ਵੱਖ-ਵੱਖ ਥਾਵਾਂ ‘ਤੇ ਅਚਾਨਕ ਜਾਂਚਾਂ ਕੀਤੀਆਂ ਗਈਆਂ ਅਤੇ ਉਹਨਾਂ ਦੁਕਾਨਦਾਰਾਂ ਤੇ ਵਿਕਰੇਤਾਵਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਜੋ ਨਾਬਾਲਗਾਂ ਨੂੰ ਜਾਂ ਪਾਬੰਦੀਸ਼ੁਦਾ ਇਲਾਕਿਆਂ ਵਿੱਚ ਤੰਬਾਕੂ ਜਾਂ ਈ-ਸਿਗਰੇਟ ਵਿਕਰੀ ਕਰ ਰਹੇ ਸਨ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਸ ਕਾਰਵਾਈ ਨੇ ਲੋਕਾਂ ਵਿੱਚ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਲੁਧਿਆਣਾ ਪੁਲਿਸ ਸ਼ਹਿਰ ਵਿੱਚ ਕਾਨੂੰਨ ਦੀ ਪਾਲਣਾ ਅਤੇ ਵਿਦਿਆਰਥੀਆਂ ਲਈ ਸਿਹਤਮੰਦ ਵਾਤਾਵਰਣ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਕਾਨੂੰਨੀ ਨਿਯਮਾਂ ਦੀ ਪਾਲਣਾ ਸੁਨਿਸ਼ਚਿਤ ਕੀਤੀ ਜਾ ਸਕੇ ਅਤੇ ਨੌਜਵਾਨਾਂ ਨੂੰ ਨੁਕਸਾਨਦਾਇਕ ਪਦਾਰਥਾਂ ਤੋਂ ਬਚਾਇਆ ਜਾ ਸਕੇ।
ਲੁਧਿਆਣਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਹਿਯੋਗ ਕਰਨ ਅਤੇ ਸਕੂਲਾਂ ਦੇ ਨੇੜੇ ਤੰਬਾਕੂ ਜਾਂ ਈ-ਸਿਗਰੇਟ ਦੀ ਗੈਰਕਾਨੂੰਨੀ ਵਿਕਰੀ ਦੇ ਕਿਸੇ ਵੀ ਮਾਮਲੇ ਦੀ ਸੂਚਨਾ ਆਪਣੇ ਨਜ਼ਦੀਕੀ ਪੁਲਿਸ ਥਾਣੇ ਨੂੰ ਦੇਣ।