ਲੁਧਿਆਣਾ: ਡੀ.ਸੀ. ਦਫ਼ਤਰ ਦੇ ਨੱਕ ਹੇਠਾਂ ਤਿਰੰਗੇ ਦੀ ਬੇਅਦਬੀ; ਭਾਈਵਾਲਾ ਚੌਂਕ 'ਚ ਫਟਿਆ ਝੰਡਾ ਦੇ ਰਿਹਾ ਪ੍ਰਸ਼ਾਸਨਿਕ ਨਾਕਾਮੀ ਦੀ ਗਵਾਹੀ
ਸੁਖਮਿੰਦਰ ਭੰਗੂ
ਲੁਧਿਆਣਾ 17 ਅਪ੍ਰੈਲ, 2026 - ਦੇਸ਼ ਦੀ ਆਣ-ਬਾਣ ਅਤੇ ਸ਼ਾਨ ਦਾ ਪ੍ਰਤੀਕ 'ਤਿਰੰਗਾ' ਅੱਜ ਲੁਧਿਆਣਾ ਦੇ ਪ੍ਰਮੁੱਖ ਭਾਈਵਾਲਾ ਚੌਂਕ (ਫਿਰੋਜ਼ ਗਾਂਧੀ ਮਾਰਕੀਟ) ਵਿੱਚ ਆਪਣੀ ਬਦਹਾਲੀ 'ਤੇ ਹੰਝੂ ਵਹਾ ਰਿਹਾ ਹੈ। ਸੁਤੰਤਰਤਾ ਸੈਨਾਨੀ ਪਰਿਵਾਰ ਨਾਲ ਸਬੰਧਤ ਸਮਾਜ ਸੇਵੀ ਰੋਹਿਤ ਸਭਰਵਾਲ ਨੇ ਇਸ ਗੰਭੀਰ ਮੁੱਦੇ ਨੂੰ ਚੁੱਕਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇੱਕ ਤਿੱਖਾ ਸ਼ਿਕਾਇਤ ਪੱਤਰ ਲਿਖਿਆ ਹੈ।
ਸਭਰਵਾਲ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਭਾਈਵਾਲਾ ਚੌਂਕ ਵਿੱਚ ਲਹਿਰਾ ਰਿਹਾ ਰਾਸ਼ਟਰੀ ਝੰਡਾ ਬੁਰੀ ਤਰ੍ਹਾਂ ਫਟਿਆ ਹੋਇਆ ਹੈ ਅਤੇ ਧੁੱਪ ਕਾਰਨ ਇਸਦਾ ਰੰਗ ਵੀ ਫਿੱਕਾ ਪੈ ਚੁੱਕਾ ਹੈ। ਰਾਸ਼ਟਰੀ ਪ੍ਰਤੀਕ ਦੀ ਅਜਿਹੀ ਹਾਲਤ ਨਾ ਸਿਰਫ਼ ਕਾਨੂੰਨੀ ਅਪਰਾਧ ਹੈ, ਸਗੋਂ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰਨ ਵਾਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚੌਂਕ ਡਿਪਟੀ ਕਮਿਸ਼ਨਰ ਦੇ ਦਫ਼ਤਰ (ਮਿੰਨੀ ਸਕੱਤਰੇਤ) ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਸਥਿਤ ਹੈ। ਰੋਜ਼ਾਨਾ ਹਜ਼ਾਰਾਂ ਅਧਿਕਾਰੀ ਇੱਥੋਂ ਗੁਜ਼ਰਦੇ ਹਨ, ਪਰ ਕਿਸੇ ਦੀ ਨਜ਼ਰ ਇਸ ਅਪਮਾਨ 'ਤੇ ਨਹੀਂ ਪਈ। ਰੋਹਿਤ ਨੇ ਕਿਹਾ ਕਿ ਤਿਰੰਗਾ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਇਸਦੀ ਸਾਂਭ-ਸੰਭਾਲ ਵਿੱਚ ਅਜਿਹੀ ਕੋਤਾਹੀ ਵਰਤਣਾ ਬੇਹੱਦ ਸ਼ਰਮਨਾਕ ਹੈ।
ਸਭਰਵਾਲ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ
ਸਮਾਜ ਸੇਵੀ ਰੋਹਿਤ ਸਭਰਵਾਲ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ, ਖ਼ਰਾਬ ਹੋ ਚੁੱਕੇ ਝੰਡੇ ਨੂੰ ਤੁਰੰਤ ਸਨਮਾਨ ਸਹਿਤ ਉਤਾਰ ਕੇ ਉਸਦੀ ਥਾਂ ਨਵਾਂ ਤਿਰੰਗਾ ਲਹਿਰਾਇਆ ਜਾਵੇ। ਇਸ ਘੋਰ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ।
ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪਹੁੰਚਿਆ
ਇਸ ਸ਼ਿਕਾਇਤ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਮਾਜ ਸੇਵੀ ਰੋਹਿਤ ਸਭਰਵਾਲ ਨੇ ਇਸ ਦੀਆਂ ਕਾਪੀਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਵੀ ਭੇਜੀਆਂ ਗਈਆਂ ਹਨ। ਸ਼ਹਿਰ ਵਾਸੀਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ 'ਤੇ ਕੀ ਕਾਰਵਾਈ ਕਰਦਾ ਹੈ?
Click to Follow Babushahi Facebook page →