ਰੁਜ਼ਗਾਰ ਲੰਗਰ ਨਾਲ ਨਸ਼ਾ ਮੁਕਤ ਹੋਵੇਗਾ ਪੰਜਾਬ : ਸੁਖਮਿੰਦਰਪਾਲ ਸਿੰਘ ਗਰੇਵਾਲ
ਭਾਰਤੀ ਰਾਸ਼ਟਰਵਾਦੀ ਪਾਰਟੀ ਨੇ ਕੌਮੀ ਮੀਤ ਪ੍ਰਧਾਨ ਦੇ ਨਾਲ ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ, ਮਿਸ਼ਨ ਯੁਵਾ ਸਰਕਾਰ 2027 ਤਹਿਤ 30 ਹਲਕਾ ਇੰਚਾਰਜਾਂ ਦੀ ਪਹਿਲੀ ਸੂਚੀ ਜਾਰੀ
ਚੰਡੀਗੜ੍ਹ 14 ਅਕਤੂਬਰ 2026
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਭਾਰਤੀ ਰਾਸ਼ਟਰਵਾਦੀ ਪਾਰਟੀ (ਬੀਆਰਪੀ) ਨੇ ਆਪਣੀਆਂ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੇ ਕੌਮੀ ਪ੍ਰਧਾਨ ਅਮਲਾਨ ਬਿਸਵਾਸ ਨੇ ਸੁਖਮਿੰਦਰਪਾਲ ਸਿੰਘ ਗਰੇਵਾਲ (ਭੁੱਖੜੀ ਕਲਾਂ) ਨੂੰ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਇੰਚਾਰਜ ਨਿਯੁਕਤ ਕੀਤਾ ਹੈ। ਪਾਰਟੀ ਨੇ ‘ਮਿਸ਼ਨ ਯੁਵਾ ਸਰਕਾਰ 2027’ ਤਹਿਤ 30 ਹਲਕਾ ਇੰਚਾਰਜਾਂ ਦੀ ਪਹਿਲੀ ਸੂਚੀ ਜਾਰੀ ਕਰਨ ਦਾ ਵੀ ਐਲਾਨ ਕੀਤਾ ਹੈ।
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਨੇ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣ, ਨਸ਼ਾ ਮੁਕਤੀ, ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਅਤੇ ਕਾਨੂੰਨ-ਵਿਵਸਥਾ ਵਿੱਚ ਸੁਧਾਰ ਨੂੰ ਆਪਣੀਆਂ ਮੁੱਖ ਤਰਜੀਹਾਂ ਦੱਸਿਆ। ਗਰੇਵਾਲ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀ ਸੋਚ ਹੈ ਕਿ ‘ਰੁਜ਼ਗਾਰ ਲੰਗਰ’ ਦੀ ਤਰਜ਼ ’ਤੇ ਲੋੜਵੰਦ ਨੌਜਵਾਨਾਂ ਤੱਕ ਰੁਜ਼ਗਾਰ ਦੇ ਮੌਕੇ ਪਹੁੰਚਾਏ ਜਾਣ, ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਭਵਿੱਖ ਸੰਵਾਰ ਸਕਣ।
117 ਵਿਧਾਨ ਸਭਾ ਸੀਟਾਂ ’ਤੇ ਜਥੇਬੰਦੀ ਮਜ਼ਬੂਤ ਕਰਨ ਦੀ ਤਿਆਰੀ
ਨਿਯੁਕਤੀ ਲਈ ਕੌਮੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਗਰੇਵਾਲ ਨੇ ਕਿਹਾ ਕਿ ਉਹ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਸਮਾਜ ਦੇ ਪੱਛੜੇ ਵਰਗਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਸਨਅਤੀ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਖੇਤੀਬਾੜੀ ਨੂੰ ਮਜ਼ਬੂਤ ਬਣਾਉਣ ਅਤੇ ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਹੀ ਤਰੱਕੀ ਦੇ ਮੌਕੇ ਦੇਣ ਲਈ ਯਤਨ ਕੀਤੇ ਜਾਣਗੇ।
ਪਾਰਟੀ ਦਾ ਦਾਅਵਾ ਹੈ ਕਿ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ। ਹੁਣ ਜ਼ਮੀਨੀ ਪੱਧਰ ’ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਸਥਾਨਕ ਆਗੂਆਂ ਨੂੰ ਸਰਗਰਮ ਕਰਨ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਪਾਰਟੀ ਦੇ ਏਜੰਡੇ ਵਿੱਚ ਮਹਿਲਾ ਸਸ਼ਕਤੀਕਰਨ, ਖੇਡ ਸਹੂਲਤਾਂ ਦਾ ਵਿਕਾਸ, ਹੁਨਰ ਸਿਖਲਾਈ, ਸਵੈ-ਰੁਜ਼ਗਾਰ ਅਤੇ ਘੱਟ ਗਿਣਤੀਆਂ ਦੇ ਬਰਾਬਰ ਅਧਿਕਾਰ ਵੀ ਸ਼ਾਮਲ ਹਨ।
27 ਹਲਕਾ ਇੰਚਾਰਜਾਂ ਦੇ ਨਾਂ ਸੂਚੀ ਵਿੱਚ ਸ਼ਾਮਲ
ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਲੁਧਿਆਣਾ ਦੱਖਣੀ ਤੋਂ ਦਰਸ਼ਨ ਸਿੰਘ ਰੇਹਲ, ਮੋਗਾ ਤੋਂ ਦਰਸ਼ਨ ਕੌਰ ਧਾਲੀਵਾਲ, ਲੰਬੀ ਤੋਂ ਡਾ. ਜਗਤਾਰ ਸਿੰਘ, ਰੂਪਨਗਰ ਤੋਂ ਇੰਜੀਨੀਅਰ ਸੰਜੀਵ ਸ਼ਰਮਾ, ਮਾਨਸਾ ਤੋਂ ਕੁਲਵਿੰਦਰ ਕੌਰ, ਸਮਰਾਲਾ ਤੋਂ ਪਰਵਿੰਦਰ ਸਿੰਘ, ਜਗਰਾਉਂ ਤੋਂ ਜਸਵੀਰ ਸਿੰਘ, ਆਤਮ ਨਗਰ ਤੋਂ ਸੇਵਾਮੁਕਤ ਐੱਸਐੱਚਓ ਜਗਜੀਤ ਸਿੰਘ, ਅੰਮ੍ਰਿਤਸਰ ਪੂਰਬੀ ਤੋਂ ਸੁਖਜਿੰਦਰ ਸਿੰਘ ਮਾਹੂ, ਜ਼ੀਰਾ ਤੋਂ ਐਡਵੋਕੇਟ ਮਨਜਿੰਦਰ ਸਿੰਘ, ਬਾਬਾ ਬਕਾਲਾ ਤੋਂ ਹਰਦੀਪ ਸਿੰਘ, ਜੰਡਿਆਲਾ ਤੋਂ ਹਰਜੀਤ ਸਿੰਘ ਅਤੇ ਗੁਰਦਾਸਪੁਰ ਤੋਂ ਬਲਜੀਤ ਸਿੰਘ ਮਾਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਜਲੰਧਰ ਉੱਤਰੀ ਤੋਂ ਪੰਕਜ ਮਹਿਤਾ, ਲੁਧਿਆਣਾ ਪੱਛਮੀ ਤੋਂ ਦਵਿੰਦਰਜੀਤ ਕੌਰ, ਧਰਮਕੋਟ ਤੋਂ ਗਜਬੀਰ ਸਿੰਘ ਮਠਾਰੂ, ਖਰੜ ਤੋਂ ਹਰਜਿੰਦਰ ਸਿੰਘ ਢਿੱਲੋਂ, ਡੇਰਾਬੱਸੀ ਤੋਂ ਇੰਦਰਜੀਤ ਸਿੰਘ ਬਾਮਰਾਹ, ਤਰਨਤਾਰਨ ਤੋਂ ਸੁਖਵੰਤ ਸਿੰਘ, ਖੇਮਕਰਨ ਤੋਂ ਗੁਰਮੀਤ ਕੌਰ, ਖਡੂਰ ਸਾਹਿਬ ਤੋਂ ਹਰਦੀਪ ਸਿੰਘ, ਪੱਟੀ ਤੋਂ ਅਮਰਜੀਤ ਸਿੰਘ, ਜਲੰਧਰ ਕੇਂਦਰੀ ਤੋਂ ਸਿਮਰਨਜੀਤ ਸਿੰਘ ਜੰਡੂ, ਸ਼ਾਹਕੋਟ ਤੋਂ ਕਰਨ ਸਿੰਘ, ਮਜੀਠਾ ਤੋਂ ਅਵਤਾਰ ਸਿੰਘ, ਸਾਹਨੇਵਾਲ ਤੋਂ ਕੁਲਵੰਤ ਸਿੰਘ ਅਤੇ ਬਾਘਾ ਪੁਰਾਣਾ ਤੋਂ ਰੋਸ਼ਨ ਪਾਲ ਸ਼ਰਮਾ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਹੈ।
ਪ੍ਰੈੱਸ ਕਾਨਫਰੰਸ ਵਿੱਚ ਪੰਜਾਬ ਪ੍ਰਦੇਸ਼ ਕਨਵੀਨਰ ਡਾ. ਵਿਕਰਮ ਸਿੰਘ ਸੂਰੀ, ਪੰਜਾਬ ਕੋਆਰਡੀਨੇਟਰ ਹਰਪ੍ਰੀਤ ਸਿੰਘ ਸ਼ੇਰਗਿੱਲ ਅਤੇ ਲੀਗਲ ਸੈੱਲ ਦੇ ਕਨਵੀਨਰ ਰੋਹਿਤੋਜ ਸਿੰਘ ਵੀ ਮੌਜੂਦ ਸਨ। ਪਾਰਟੀ ਨੇ ਕਿਹਾ ਕਿ ਬਾਕੀ ਨਿਯੁਕਤੀਆਂ ਦਾ ਐਲਾਨ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ। ‘ਮਿਸ਼ਨ ਪੰਜ ਪੜਾਅ’ ਤਹਿਤ ਉਤਪਾਦਕਤਾ, ਆਰਥਿਕ ਵਿਕਾਸ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ।
- Download Babushahi App
-
-