ਰਾਵੀ ਦਰਿਆ ਦੇ ਧੁੱਸੀ ਬੰਨ ਉੱਤੇ 68 ਕਰੋੜ ਰੁਪਏ ਨਾਲ 40 ਕਿਲੋਮੀਟਰ ਲੰਮੀ ਸੜਕ ਬਣਾਉਣ ਦੀ ਸ਼ੁਰੂਆਤ
-ਸਰਹੱਦੀ ਖੇਤਰ ਦੇ 80 ਪਿੰਡਾਂ ਨੂੰ ਹੋਵੇਗਾ ਸਿੱਧਾ ਫਾਇਦਾ-ਧਾਲੀਵਾਲ
-ਪਿੰਡ ਘੋਨੇਵਾਲ ਤੋ ਸ਼ੁਰੂ ਹੋ ਕੇ ਪਿੰਡ ਗੁੱਲਗੜ ਤੱਕ ਬਣੇਗੀ ਸੜਕ
ਅੰਮ੍ਰਿਤਸਰ 28 ਨਵੰਬਰ 2025
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਕੇ ਲੋਕਾਂ ਲਈ ਆਵਾਜਾਈ ਦੀਆਂ ਸਹੂਲਤਾਂ ਨੂੰ ਆਸਾਨ ਬਨਾਉਣ ਦੇ ਉਦੇਸ਼ ਨਾਲ ਅੱਜ ਲੋਕ ਨਿਰਮਾਣ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਰਾਵੀ ਦਰਿਆ ਦੇ ਧੁੱਸੀ ਬੰਨ ਉੱਤੇ 40 ਕਿਲੋਮੀਟਰ ਲੰਮੀ ਨਵੀਂ ਸੜਕ ਬਣਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਉਨਾਂ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਨਾ ਸਰਕਾਰ ਦੀ ਪ੍ਰਾਥਮਿਕਤਾ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਅਤੇ ਰੋ਼ਜ਼ਾਨਾ ਜੀਵਨ ਵਿਚ ਸਹੂਲਤ ਮਿਲ ਸਕੇ।
ਲੋਕ ਨਿਰਮਾਣ ਮੰਤਰੀ ਪੰਜਾਬ ਸ: ਹਰਭਜਨ ਸਿੰਘ ਈ.ਟੀ.ਓ ਨੇ ਹਲਕਾ ਅਜਨਾਲਾ ਵਿਖੇ ਬਾਰਡਰ ਖੇਤਰ ਦੇ ਪਿੰਡ ਘੋਨਵਾਲ ਤੋਂ ਪਿੰਡ ਗੁਲਗੜ੍ਹ ਤੱਕ ਬਣਨ ਵਾਲੀ ਕਰੀਬ 40 ਕਿਲੋਮੀਟਰ ਲੰਬੀ ਸੜਕ, ਜਿਸ ਉੱਤੇ 67.59 ਕਰੋੜ ਰੁਪਏ ਦੀ ਲਾਗਤ ਆਵੇਗੀ, ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਉਹਨਾਂ ਕਿਹਾ ਕਿ ਇਹ ਸੜਕ ਅਜਨਾਲਾ ਦੇ ਬਾਰਡਰ ਏਰੀਏ ਦੇ ਪਿੰਡ ਘੋਨੇਵਾਲ ਤੋਂ ਸ਼ੁਰੂ ਹੋ ਕੇ ਪਿੰਡ ਮਾਛੀਵਾਲ, ਕਾਮਲਪੁਰ, ਸਿੰਘੋਕੇ, ਨਿਸੋਕੇ, ਪੰਜ ਗਰਾਈਆਂ, ਗਿਲਾਵਾਲੀ, ਦੂਜੋਵਾਲ, ਮਲਕਪੁਰ, ਬੇਦੀ ਛੰਨਾ, ਕੋਟਰਜ਼ਾਦਾ, ਚਾਹੜਪੁਰ, ਬਲ ਲੰਬੇ ਦਰਿਆ, ਜਗਦੇਵ ਖੁਰਦ, ਸਾਹੋਵਾਲ, ਡੱਲਾ ਰਾਜਪੂਤਾਂ, ਡੱਲਾ, ਆਬਾਦੀ ਹਰਨਾਮ ਸਿੰਘ, ਆਬਾਦੀ ਸੋਹਣ ਸਿੰਘ, ਖਾਨਵਾਲ, ਸਾਰੰਗਦੇਵ, ਰਾਏਪੁਰ, ਸੈਦਪੁਰ, ਹਾਸ਼ਮਪੁਰ ਨੂੰ ਜੋੜਦੀ ਹੋਈ ਅਖੀਰ ਗੁਲਗੜ ਪਿੰਡ ਤੋਂ ਅੱਗੇ ਤੱਕ ਜਾਵੇਗੀ।
ਉਹਨਾਂ ਕਿਹਾ ਕਿ ਇਹ ਸੜਕ ਬਣਨ ਨਾਲ ਕੇਵਲ ਇਸ ਇਲਾਕੇ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਇਸ ਸੜਕ ਸਰਹੱਦਾਂ ਦੀ ਰਾਖੀ ਕਰ ਰਹੇ ਸਾਡੇ ਫੌਜ ਦੇ ਜਵਾਨਾਂ ਦੀ ਮੂਵਮੈਂਟ ਵੀ ਆਸਾਨ ਕਰੇਗੀ ਅਤੇ ਦੇਸ਼ ਦੀ ਸੁਰੱਖਿਆ ਮਜਬੂਤ ਹੋਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਕਾਰਨ ਧੁਸੀ ਬੰਨ ਵੀ ਮਜਬੂਤ ਹੋਵੇਗਾ ਅਤੇ ਇਹ "ਆਲ ਵੈਦਰ ਰੋਡ" ਹੋਣ ਕਾਰਨ ਜੇਕਰ ਭਵਿੱਖ ਵਿੱਚ ਹੜ੍ਹਾਂ ਦੀ ਸਥਿਤੀ ਆਉਂਦੀ ਹੈ ਤਾਂ ਇਹ ਸੜਕ ਇਸ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਵੇਗੀ।
ਇਸ ਮੌਕੇ ਗੱਲਬਾਤ ਕਰਦੇ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਵੱਡੇ ਪ੍ਰੋਜੈਕਟ ਦੀ ਪ੍ਰਵਾਨਗੀ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋਣ ਨਾਲ ਕਰੀਬ 80 ਪਿੰਡਾਂ ਨੂੰ ਫ਼ਾਇਦਾ ਹੋਵੇਗਾ ਅਤੇ ਇਲਾਕੇ ਦੇ ਕਿਸਾਨਾਂ ਨੂੰ ਮੰਡੀ ਵਿੱਚ ਫਸਲ ਅਤੇ ਮਿੱਲ ਵਿੱਚ ਗੰਨਾ ਲੈ ਜਾਣ ਵਿੱਚ ਸਹੂਲਤ ਮਿਲੇਗੀ। ਉਹਨਾਂ ਸੜਕ ਨਿਰਮਾਣ ਲਈ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਵੱਲੋਂ ਦਿੱਤੇ ਸਹਿਯੋਗ ਅਤੇ ਅੱਜ ਸੜਕ ਦੀ ਸ਼ੁਰੂਆਤ ਕਰਵਾਉਣ ਲਈ ਅਜਨਾਲਾ ਵਿਖੇ ਪਹੁੰਚਣ ਲਈ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਅਜਨਾਲਾ ਹਲਕੇ ਵਿੱਚ ਪਹਿਲਾਂ ਵੀ ਸਾਰੀਆਂ ਸੜਕਾਂ ਮੁਰੰਮਤ ਅਧੀਨ ਹਨ ਅਤੇ ਇਸ ਨਵੀਂ ਸੜਕ ਦਾ ਨਿਰਮਾਣ ਇਲਾਕੇ ਦੀ ਦਿਸ਼ਾ ਹੀ ਬਦਲ ਦੇਵੇਗਾ।