ਰਾਣਾ ਬਲਾਚੌਰੀਆ ਦੇ ਕਤਲ 'ਚ ਸ਼ਾਮਲ ਗੈਂਗਸਟਰ ਦਾ ਲਾਲੜੂ ਨੇੜੇ ਕੀਤਾ ਐਨਕਾਉਂਟਰ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਦਸੰਬਰ 2025: ਮਸ਼ਹੂਰ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿਚ ਕਾਰਵਾਈ ਕਰਦਿਆਂ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਲੈਹਲੀ ਨੇੜੇ ਪੈਂਦੀ ਝਰਮਲ ਨਦੀ ਦੇ ਪੁਲ ਨੇੜੇ ਖੰਡਰ ਪਈ ਇਮਾਰਤ ਵਿੱਚ ਕਰੀਬ ਦੁਪਹਿਰ 3 ਵਜੇ ਪੁਲਿਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਨੂੰ ਢੇਰ ਕਰ ਦਿੱਤਾ ਹੈ। ਪੁਲਿਸ ਨੇ ਗੈਂਗਸਟਰ ਦੀ ਪਛਾਣ ਹਰਪਿੰਦਰ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਦੱਸੀ ਹੈ।
ਐਸਐਸਪੀ ਮੋਹਾਲੀ ਹਰਮਨਦੀਪ ਹੰਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਪਿੰਦਰ ਸਿੰਘ ਤੇ ਅਸ਼ਦੀਪ ਸਿੰਘ ਦੋਵੇਂ ਵਿਦੇਸ਼ ਭੱਜਣ ਦੀ ਤਾਂਘ ਵਿੱਚ ਸਨ, ਜੋ ਲੈਹਲੀ ਨੇੜੇ ਲੁੱਕਿਆ ਹੋਇਆ ਸੀ। ਅਸ਼ਦੀਪ ਨੇ ਉਸ ਨੂੰ ਲਾਲੜੂ ਸਥਿਤ ਲੈਹਲੀ ਖੇਤਰ ਤੋਂ ਚੁੱਕਣਾ ਸੀ, ਪ੍ਰੰਤੂ ਉਸ ਦੀ ਹੋਈ ਗ੍ਰਿਫਤਾਰੀ ਦੇ ਕਾਰਨ ਉਨ੍ਹਾਂ ਦਾ ਆਪਸੀ ਤਾਲਮੇਲ ਨਹੀਂ ਹੋ ਸਕਿਆ। ਪੁਲਿਸ ਟੀਮ ਉਕਤ ਖੰਡਰ ਇਮਾਰਤ ਵਿੱਚ ਪੁੱਜੀ ਤਾਂ ਉਕਤ ਦੋਸ਼ੀ ਨੂੰ ਪੁਲਿਸ ਨੇ ਘੇਰ ਲਿਆ, ਜਿਸ ਦੇ ਬਦਲੇ ਉਸ ਨੇ ਪੁਲਿਸ ਉੱਤੇ ਫਾਇਰ ਕੀਤਾ ਤਾਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਦੀ ਜਵਾਬੀ ਫਾਈਰਿੰਗ ਵਿੱਚ ਗੋਲੀ ਲੱਗਣ ਨਾਲ ਹਰਪਿੰਦਰ ਦੀ ਮੌਤ ਹੋ ਗਈ। ਗੈਂਗਸਟਰ ਹਰਪਿੰਦਰ ਤਰਨਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਪੂੰਨਆਂ ਦਾ ਰਹਿਣ ਵਾਲਾ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦੇ ਮਾਸਟਰਮਾਈਡ ਅਸ਼ਦੀਪ ਸਿੰਘ ਨੂੰ ਦਿੱਲੀ ਤੋਂ ਅਤੇ ਉਸ ਕੋਲੋਂ ਪੁੱਛ-ਗਿੱਛ ਮਗਰੋਂ ਅੰਮ੍ਰਿਤਸਰ ਤੋਂ ਜੁਗਰਾਜ ਸਿੰਘ ਨੂੰ ਕਾਬੂ ਕੀਤਾ ਗਿਆ ਸੀ। ਪੁਲਿਸ ਨੂੰ ਮੁਕਾਬਲੇ ਵਿੱਚ ਮਾਰ ਗਏ ਦੋਸ਼ੀ ਦਾ ਸੁਰਾਗ ਵੀ ਉਸ ਤੋਂ ਮਿਲਿਆ ਸੀ, ਜੋ ਲੈਹਲੀ ਸਥਿਤ ਇੱਕ ਖੰਡਰ ਇਮਾਰਤ ਵਿੱਚ ਲੁੱਕਿਆ ਹੋਇਆ ਸੀ।
ਐਸਐਸਪੀ ਮੋਹਾਲੀ ਅਨੁਸਾਰ ਅਸ਼ਦੀਪ ਡੈਨੀ ਬਲ ਦਾ ਹੈਂਡਲਰ ਅਤੇ ਕੋਆਰਡੀਨੇਟਰ ਸੀ। ਉਸ ਨੇ ਕਤਲ ਦੀ ਯੋਜਨਾ ਬਣਾਈ ਸੀ। ਕਤਲ ਕਰਨ ਤੋਂ ਬਾਅਦ ਵਿਦੇਸ਼ ਭੱਜਣ ਦੀ ਲਈ ਉਹ ਟਿਕਟ ਵੀ ਬੁੱਕ ਕਰਵਾ ਚੁੱਕਿਆ ਸੀ। ਐਸਐਸਪੀ ਨੇ ਦੱਸਿਆ ਕਿ ਮਾਸਟਰਮਾਈਂਡ ਅਸ਼ਦੀਪ ਨੂੰ ਫੜਨ ਤੋਂ ਬਾਅਦ ਪਤਾ ਲੱਗਿਆ ਕਿ ਉਹ 25 ਨਵੰਬਰ ਨੂੰ ਰੂਸ ਤੋਂ ਭਾਰਤ ਆਇਆ ਸੀ।
ਇਹ ਪਹਿਲਾ ਵੀ ਕਈਂ ਵਾਰਦਾਤਾਂ ਵਿੱਚ ਸ਼ਾਮਿਲ ਰਿਹਾ ਹੈ। ਇਸ ਦਾ ਡੈਨੀ ਬਲ ਦੇ ਨਾਲ ਸਿੱਧਾ ਸੰਪਰਕ ਹੈ। ਉਨ੍ਹਾਂ ਦੱਸਿਆ ਕਿ ਦੋ ਹੋਰ ਲੜਕੇ ਜੋਧਾ (ਇਟਲੀ) ਅਤੇ ਗੁਰਲਾਲ (ਯੂਐਸਏ) ਡੈਨੀ ਬਲ ਦੇ ਆਦਮੀ ਹਨ ਅਤੇ ਇਹ ਉਨ੍ਹਾਂ ਦੇ ਸੰਪਰਕ ਵਿੱਚ ਸੀ। ਦੋਸ਼ੀਆਂ ਨੇ ਪੂਰੀ ਯੋਜਨਾ ਨਾਲ ਬਾਹਰ ਜਾਣ ਦੀ ਤਿਆਰੀ ਕਰ ਲਈ ਸੀ। ਲੰਘੀ 14 ਦਸੰਬਰ ਨੂੰ ਇਸ ਨੇ ਟਿਕਟ ਵੀ ਬੁੱਕ ਕਰਵਾ ਲਈ ਸੀ ਅਤੇ 15 ਦਸੰਬਰ ਨੂੰ ਪਲਾਨ ਪੂਰਾ ਹੋਣ ਤੋਂ ਬਾਅਦ ਇਹ ਦਿੱਲੀ ਲਈ ਰਵਾਨਾ ਹੋ ਗਿਆ। 16 ਦਸੰਬਰ ਨੂੰ ਸੂਚਨਾ ਮਿਲਣ 'ਤੇ ਇਸ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਇਹ ਵਾਰਦਾਤ ਵਿੱਚ 5-6 ਵਿਅਕਤੀ ਸ਼ਾਮਿਲ ਸਨ, ਜਿਨ੍ਹਾਂ ਵਿੱਚ ਦੋ ਐਕਟੀਵ ਸੂਟਰ ਸੀ, ਜਦਕਿ 4 ਹੋਰ ਵਿਅਕਤੀ ਸਪੋਰਟ ਕਰ ਰਹੇ ਸਨ। ਇਨ੍ਹਾਂ ਵਿੱਚੋਂ ਅੱਜ ਇੱਕ ਦਾ ਮੁਕਾਬਲਾ ਹੋ ਗਿਆ ਹੈ। ਇਹ ਵਿਅਕਤੀ 5-6 ਵਾਰਦਾਤਾਂ ਵਿੱਚ ਸ਼ਾਮਿਲ ਸੀ ਅਤੇ ਐਕਟੀਵ ਸੂਟਰਾਂ ਦਾ ਸਾਥ ਦੇ ਰਿਹਾ ਸੀ।
ਜਿਗਾਨਾ ਪਿਸਤੌਲ ਨਾਲ ਪੁਲਿਸ ਉੱਤੇ ਫਾਈਰਿੰਗ -ਐਸਐਸਪੀ ਹਰਮਨਦੀਪ ਹੰਸ
ਐਸਐਸਪੀ ਹਰਮਨਦੀਪ ਹੰਸ ਨੇ ਦੱਸਿਆ ਕਿ ਜਿਸ ਦੋਸ਼ੀ ਦਾ ਅੱਜ ਐਨਕਾਉਂਟਰ ਹੋਇਆ ਹੈ, ਉਸ ਕੋਲ ਜਿਗਾਨਾ ਪਿਸਤੌਲ (9ਐਮਐਮ) ਸੀ, ਜਿਸ ਨਾਲ ਉਸ ਨੇ ਪੁਲਿਸ ਉੱਤੇ ਫਾਇਰ ਕੀਤਾ, ਜਿਸ ਦੌਰਾਨ 2 ਪੁਲਿਸ ਕਰਮੀ ਵੀ ਜ਼ਖ਼ਮੀ ਹੋ ਗਏ ਹਨ। ਐਸਐਸਪੀ ਨੇ ਦੱਸਿਆ ਕਿ ਬਾਕੀ ਸੂਟਰਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਸੂਟਰ ਆਦਿਤਯ ਕਪੂਰ ਅਤੇ ਪਾਠਕ ਮੁੱਖ ਸੂਟਰ ਹਨ।