ਰਾਜਨੀਤੀ ਨੂੰ ਭੈੜੀ ਚੀਜ਼ ਮੰਨ ਕੇ ਇਸ ਤੋਂ ਨਿਰਲੇਪ ਰਹਿਣ ਦੀ ਕੋਸ਼ਿਸ਼ ਕਰਦੇ ਹਨ ਜ਼ਿਆਦਾਤਰ ਪੰਜਾਬੀ ਲੇਖਕ; ਪੰਜਾਬੀ ਯੂਨੀਵਰਸਿਟੀ ਦਾ ਅਧਿਐਨ
ਮਾਲਵਾ ਖੇਤਰ ਦੇ ਪੰਜਾਬੀ ਲੇਖਕਾਂ ਦੀ ਸਮਾਜਿਕ, ਆਰਥਿਕ, ਸਾਹਿਤਕ ਅਤੇ ਵਿਚਾਰਧਾਰਾਈ ਸਥਿਤੀ ਨਾਲ਼ ਸੰਬੰਧਤ ਰੌਚਿਕ ਤੱਥ ਆਏ ਸਾਹਮਣੇ
ਭਵਿੱਖ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਨੀਤੀਆਂ ਲਈ ਮਹੱਤਵਪੂਰਨ ਆਧਾਰ ਪ੍ਰਦਾਨ ਕਰ ਸਕਦੇ ਹਨ ਅਜਿਹੇ ਅਧਿਐਨ: ਡਾ. ਜਗਦੀਪ ਸਿੰਘ
ਪਟਿਆਲਾ, 13 ਸਤੰਬਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿਖੇ ਹਾਲ ਹੀ ਵਿਚ ਕੀਤੀ ਗਈ ਖੋਜ ਰਾਹੀਂ ਮਾਲਵਾ ਖੇਤਰ ਦੇ ਪੰਜਾਬੀ ਲੇਖਕਾਂ ਦੀ ਸਮਾਜਿਕ, ਆਰਥਿਕ, ਸਾਹਿਤਕ ਅਤੇ ਵਿਚਾਰਧਾਰਾਈ ਸਥਿਤੀ ਨਾਲ਼ ਸੰਬੰਧਤ ਕਈ ਮਹੱਤਵਪੂਰਨ ਤੱਥ ਉੱਭਰ ਕੇ ਸਾਹਮਣੇ ਆਏ ਹਨ। ਇਹ ਖੋਜ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਦੀ ਨਿਗਰਾਨੀ ਹੇਠ ਖੋਜਾਰਥੀ ਡਾ. ਮਨਜੀਤ ਸਿੰਘ ਵੱਲੋਂ ਕੀਤੀ ਗਈ ਹੈ।
ਪ੍ਰੋ. ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਅਧਿਐਨ ਵਿੱਚ ਮਾਲਵੇ ਦੇ ਪਟਿਆਲਾ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ 292 ਸਿਰਜਣਾਤਮਕ ਲੇਖਕਾਂ ਅਤੇ ਆਲੋਚਕਾਂ ਨੂੰ ਆਧਾਰ ਬਣਾਉਂਦਿਆਂ ਉਨ੍ਹਾਂ ਦੀ ਸਾਹਿਤਕ ਸਰਗਰਮੀ ਦੇ ਨਾਲ਼-ਨਾਲ਼ ਸਮਾਜਿਕ ਪਿਛੋਕੜ, ਆਰਥਿਕ ਸਥਿਤੀ, ਵਿਚਾਰਧਾਰਾਈ ਰੁਝਾਨਾਂ ਅਤੇ ਸਾਹਿਤਕ ਸੰਸਥਾਵਾਂ ਨਾਲ਼ ਸੰਬੰਧਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਅਧਿਐਨ ਵਿਚ ਲੇਖਕਾਂ ਦੇ ਸਾਹਿਤਕ-ਸੰਸਥਾਵਾਂ, ਸਮੁੱਚੇ ਸਾਹਿਤਕ-ਪ੍ਰਵਚਨ ਅਤੇ ਸਮਾਜ ਨਾਲ ਸੰਬੰਧਾਂ ਦਾ ਆਲੋਚਨਾਤਮਕ ਅਧਿਐਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਲੇਖਕ ਮੁੱਖ ਤੌਰ ਉੱਤੇ ਸ਼ਹਿਰ ਦਾ ਵਸਨੀਕ, ਆਰਥਿਕ ਤੌਰ ਉੱਤੇ ਸੁਰੱਖਿਅਤ, ਸਾਧਨ ਸੰਪੰਨ, ਕਾਰਾਂ, ਏ.ਸੀ., ਕੰਪਿਊਟਰ ਅਤੇ ਇੰਟਰਨੈੱਟ ਵਰਗੀਆਂ ਤਮਾਮ ਸਹੂਲਤਾਂ ਨਾਲ ਲੈਸ ਸੁਖ ਰਹਿਣੀ ਜੀਵਨ ਸ਼ੈਲੀ ਵਾਲ਼ਾ ਅਤੇ ਪੜ੍ਹਿਆ ਲਿਖਿਆ, ਕਈ ਭਾਸ਼ਾਵਾਂ ਦਾ ਗਿਆਤਾ, ਉੱਚ ਜਾਤੀ ਨਾਲ ਸੰਬੰਧਿਤ ਜੱਟ-ਸਿੱਖ ਕਿਸਾਨੀ ਵਿੱਚੋਂ ਆਉਣ ਵਾਲਾ, ਮਰਦ ਲੇਖਕ ਹੈ ਜਿਹੜਾ ਆਪਣੀ ਭਾਸ਼ਾਈ ਯੋਗਤਾ ਨੂੰ ਹੋਰ ਭਾਸ਼ਾਵਾਂ ਦਾ ਸਾਹਿਤ ਪੜ੍ਹਨ ਦੇ ਲੇਖੇ ਨਹੀਂ ਲਗਾਉਂਦਾ। ਉਹ ਆਪਣੀ ਆਰਥਿਕ ਸੰਪਨਤਾ ਦੇ ਆਧਾਰ ਉੱਤੇ ਆਪਣੀਆਂ ਕਿਤਾਬਾਂ ਆਪਣੇ ਵਿੱਤੀ ਸਰੋਤਾਂ ਦੀ ਵਰਤੋਂ ਨਾਲ ਛਪਵਾਉਂਦਾ ਹੈ ਅਤੇ ਉਨ੍ਹਾਂ ਦੇ ਪ੍ਰਚਾਰ ਪ੍ਰਸਾਰ ਲਈ, ਸਾਹਿਤਕ ਸਮਾਜ ਵਿੱਚ ਪਛਾਣ-ਸਥਾਪਤੀ ਲਈ ਆਪਣੇ ਖ਼ਰਚੇ ਉੱਤੇ ਗੋਸ਼ਟੀਆਂ ਕਰਵਾਉਂਦਾ ਹੈ।
ਉਹਨਾਂ ਦੱਸਿਆ ਕਿ ਖੋਜ ਅਨੁਸਾਰ ਮਾਲਵੇ ਦੇ ਬਹੁ-ਗਿਣਤੀ ਪੰਜਾਬੀ ਲੇਖਕਾਂ ਦਾ ਵਸੇਬਾ ਸ਼ਹਿਰਾਂ ਵਿੱਚ ਹੈ, ਪਰ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਦਾ ਪਿਛੋਕੜ ਪਿੰਡਾਂ ਨਾਲ ਜੁੜਿਆ ਹੋਇਆ ਹੈ। ਪੰਜਾਬੀ ਸਾਹਿਤ ਦਾ ਜ਼ਿਆਦਾ ਰੁਝਾਨ ਪੇਂਡੂ ਧਰਾਤਲ ਦੀ ਪੇਸ਼ਕਾਰੀ ਹੈ, ਪਰ ਲੇਖਕਾਂ ਦੀ ਜ਼ਿੰਦਗੀ ਵਿਚੋਂ ਪਿੰਡ ਦੀ ਜ਼ਿੰਦਗੀ ਦਾ ਸਿੱਧਾ ਤੇ ਫ਼ੌਰੀ ਤਜਰਬਾ ਮਨਫ਼ੀ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਜ਼ਿਆਦਾਤਰ ਲੇਖਕ ਹੋਰਨਾਂ ਜ਼ਿਲ੍ਹਿਆਂ, ਵਿਸ਼ੇਸ਼ ਤੌਰ ’ਤੇ ਮਾਲਵੇ ਦੇ ਹੀ ਖੇਤਰਾਂ ਤੋਂ ਪਰਵਾਸ ਕਰ ਕੇ ਆਏ ਹਨ, ਜਿਸ ਦਾ ਮੁੱਖ ਕਾਰਨ ਉਚੇਰੀ ਪੜ੍ਹਾਈ ਅਤੇ ਰੁਜ਼ਗਾਰ ਦੇ ਮੌਕੇ ਹਨ। ਉਹਨਾਂ ਦੱਸਿਆ ਕਿ ਰਾਜਨੀਤਕ ਪੱਖ ਤੋਂ ਵੀ ਲੇਖਕਾਂ ਦੀ ਸਥਿਤੀ ਦਿਲਚਸਪ ਹੈ। ਪੰਜਾਬੀ ਲੇਖਕ ਰਾਜਨੀਤੀ ਵਿਚ ਬਹੁਤ ਘੱਟ ਦਿਲਚਸਪੀ/ਸ਼ਮੂਲੀਅਤ ਰੱਖਦੇ ਹਨ। ਜ਼ਿਆਦਾਤਰ ਲੇਖਕ ਰਾਜਨੀਤੀ ਨੂੰ ਭੈੜੀ ਚੀਜ਼ ਮੰਨ ਕੇ ਇਸ ਤੋਂ ਨਿਰਲੇਪ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਹ ਵੀ ਸਾਹਮਣੇਆਇਆ ਹੈ ਕਿ ਇਹਨਾਂ ਲੇਖਕਾਂ ਕੋਲ ਵੀ ਰਾਜਨੀਤਕ ਢਾਂਚੇ ਦੇ ਬਦਲ/ਬੇਹਤਰੀ ਬਾਰੇ ਆਮ ਸਧਾਰਨ ਲੋਕਾਂ ਨਾਲੋਂ ਵੱਖਰੀ ਰਾਏ ਨਹੀਂ ਹੈ।
ਖੋਜਾਰਥੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਾਹਿਤਕ ਖੇਤਰ ਵਿੱਚ ਨੌਜਵਾਨ ਲੇਖਕਾਂ ਦੀ ਸ਼ਮੂਲੀਅਤ ਬਹੁਤ ਘੱਟ ਹੈ। ਤਿੰਨਾਂ ਜ਼ਿਲ੍ਹਿਆਂ ਵਿਚ 45 ਸਾਲ ਤੋਂ ਉੱਪਰ ਉਮਰ ਵਾਲੇ 79% ਲੇਖਕ ਹਨ, ਜਦਕਿ 45 ਸਾਲ ਤੱਕ ਦੀ ਉਮਰ ਦੇ ਮਹਿਜ਼ 21% ਲੇਖਕ ਹਨ।
ਉਹਨਾਂ ਦੱਸਿਆ ਕਿ ਇਹਨਾਂ ਲੇਖਕਾਂ ਵਿੱਚੋਂ ਜ਼ਿਆਦਾਤਰ ਲੇਖਕਾਂ ਨੂੰ ਪੰਜਾਬੀ ਭਾਸ਼ਾ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਦਾ ਸੰਪੂਰਨ ਗਿਆਨ (ਲਿਖਣਾ, ਪੜ੍ਹਨਾ, ਬੋਲਣਾ) ਤਾਂ ਹੈ ਪਰ ਇਹਨਾਂ ਭਾਸ਼ਾਵਾਂ ਦੇ ਸਾਹਿਤ ਨੂੰ ਪੜ੍ਹਨ ਦੀ ਰੁਚੀ ਬਹੁਤ ਘੱਟ ਹੈ,
ਸਾਹਿਤਕ ਸਭਾਵਾਂ ਦੇ ਸੰਦਰਭ ਵਿਚ ਜਾਤੀਗਤ, ਲਿੰਗਕ ਅਤੇ ਕਿੱਤੇਵਾਰ ਵਖਰੇਵਿਆਂ ਦਾ ਅਹਿਮ ਰੋਲ ਹੈ। ਇਨ੍ਹਾਂ ਵਖਰੇਵਿਆਂ ਦਾ ਪ੍ਰਭਾਵ ਮੈਂਬਰਸ਼ਿਪ, ਗੋਸ਼ਟੀਆਂ, ਸੈਮੀਨਾਰਾਂ ਅਤੇ ਇਨਾਮਾਂ ਦੀ ਪ੍ਰਕਿਰਿਆ ਵਿਚ ਵੀ ਨਜ਼ਰੀਂ ਪੈਂਦਾ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਹਿਤਕ ਘੇਰੇ ਵਿਚ ਭਾਈਚਾਰਾ, ਮੂੰਹ-ਮੁਲਾਹਜ਼ਾ ਅਤੇ ਪੱਖਪਾਤ ਵੀ ਪ੍ਰਭਾਵਸ਼ਾਲੀ ਹਨ। ਬਹੁਤੇ ਲੇਖਕਾਂ ਲਈ ਰਚਨਾ ਦੀ ਸਫਲਤਾ ਦਾ ਪੈਮਾਨਾ ਪੁਰਸਕਾਰ ਪ੍ਰਾਪਤ ਕਰਨਾ, ਪਾਠਕ੍ਰਮ ਦਾ ਹਿੱਸਾ ਬਣਨਾ ਅਤੇ ਉਚੇਰੀ ਖੋਜ ਦਾ ਵਿਸ਼ਾ ਬਣਨਾ ਹੈ, ਨਾ ਕਿ ਸਾਧਾਰਣ ਪਾਠਕ ਦੁਆਰਾ ਪੜ੍ਹੇ ਅਤੇ ਸਲਾਹੇ ਜਾਣਾ।
ਉਹਨਾਂ ਦੱਸਿਆ ਕਿ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੇ ਪੱਖ ਤੋਂ ਵੀ ਮਾਲਵੇ ਦੇ ਲੇਖਕ ਤਕਨਾਲੋਜੀ ਤੋਂ ਵਾਂਝੇ ਨਹੀਂ ਹਨ। ਬਹੁਤੇ ਲੇਖਕਾਂ ਕੋਲ ਇੰਟਰਨੈੱਟ, ਮੋਬਾਈਲ, ਟੈਲੀਵਿਜ਼ਨ, ਕੰਪਿਊਟਰ ਅਤੇ ਲੈਪਟਾਪ ਵਰਗੀਆਂ ਸਹੂਲਤਾਂ ਮੌਜੂਦ ਹਨ। ਇਸ ਕਾਰਨ ਉਹ ਨਵੀਂ ਜਾਣਕਾਰੀ, ਵਿਸ਼ਵ ਪੱਧਰੀ ਸਾਹਿਤ ਅਤੇ ਸਮਕਾਲੀ ਰੁਝਾਨਾਂ ਨਾਲ ਜੁੜਨ ਦੀ ਸਮਰੱਥਾ ਰੱਖਦੇ ਹਨ। ਪਰ ਇਸ ਦੇ ਬਾਵਜੂਦ ਵਿਦੇਸ਼ੀ ਅਤੇ ਹੋਰ ਭਾਸ਼ਾਵਾਂ ਦੇ ਸਾਹਿਤ ਨਾਲ ਉਨ੍ਹਾਂ ਦਾ ਪੜ੍ਹਤ-ਸੰਵਾਦ ਸੀਮਤ ਹੋਣਾ ਇੱਕ ਮਹੱਤਵਪੂਰਨ ਵਿਰੋਧਾਭਾਸ ਵਜੋਂ ਸਾਹਮਣੇ ਆਉਂਦਾ ਹੈ।
ਉਹਨਾਂ ਦੱਸਿਆ ਕਿ ਵਿਸ਼ਵ ਪੱਧਰ ’ਤੇ ਵਾਪਰ ਰਹੀਆਂ ਤਬਦੀਲੀਆਂ ਦਾ ਨੋਟਿਸ ਲੈਣ ਅਤੇ ਉਨ੍ਹਾਂ ਨਾਲ ਰਚਨਾਤਮਕ ਸੰਵਾਦ ਕਾਇਮ ਕਰਨ ਦੀ ਸਰਗਰਮੀ ਵੀ ਸੀਮਤ ਦਿਖਾਈ ਦਿੰਦੀ ਹੈ। ਉਹਨਾਂ ਦੱਸਿਆ ਕਿ ਔਰਤ ਲੇਖਕਾਂ ਦੀ ਗਿਣਤੀ ਮਰਦ ਲੇਖਕਾਂ ਦੇ ਮੁਕਾਬਲੇ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਦੀ ਸਿਰਜਣਾਤਮਕ ਸ਼ਮੂਲੀਅਤ ਵਧਣ ਦਾ ਰੁਝਾਨ ਦਿਖਾਈ ਦਿੰਦਾ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਖੋਜ ਦਾ ਮਹੱਤਵਪੂਰਨ ਪੱਖ ਇਹ ਹੈ ਕਿ ਇਹ ਪੰਜਾਬੀ ਲੇਖਕ ਨੂੰ ਕੇਵਲ ਉਸ ਦੀ ਰਚਨਾ ਦੇ ਆਧਾਰ ’ਤੇ ਨਹੀਂ, ਸਗੋਂ ਉਸਦੇ ਸਮਾਜਿਕ ਪਿਛੋਕੜ, ਆਰਥਿਕ ਸਥਿਤੀ, ਵਿਚਾਰਧਾਰਾ, ਰਾਜਨੀਤਕ ਪਹੁੰਚ, ਜੀਵਨ-ਵਿਹਾਰ ਅਤੇ ਸਾਹਿਤਕ ਸੰਸਥਾਵਾਂ ਨਾਲ ਸੰਬੰਧਾਂ ਦੇ ਸਮੁੱਚੇ ਸੰਦਰਭ ਵਿੱਚ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਅਜਿਹੇ ਅਧਿਐਨ ਨਾ ਕੇਵਲ ਪੰਜਾਬੀ ਸਾਹਿਤਕ ਸਮਾਜ ਦੀ ਮੌਜੂਦਾ ਸਥਿਤੀ ਨੂੰ ਸਮਝਣ ਵਿੱਚ ਸਹਾਈ ਹੁੰਦੇ ਹਨ, ਸਗੋਂ ਭਵਿੱਖ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਨੀਤੀਆਂ ਅਤੇ ਸੰਸਥਾਗਤ ਕਾਰਜ-ਪ੍ਰਣਾਲੀ ਲਈ ਵੀ ਮਹੱਤਵਪੂਰਨ ਆਧਾਰ ਪ੍ਰਦਾਨ ਕਰ ਸਕਦੇ ਹਨ।
- Download Babushahi App
-
-