ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਤਹਿਤ ਹਲਕਾ ਮੋਹਾਲੀ ਤੋਂ 6ਵੀਂ ਬੱਸ ਰਵਾਨਾ
ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-66 ਤੋਂ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਫ਼ਰਵਰੀ:
ਐਮ ਐਲ ਏ ਸ. ਕੁਲਵੰਤ ਸਿੰਘ ਵੱਲੋਂ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਤਹਿਤ 6ਵੀਂ ਬੱਸ ਨੂੰ ਸੈਕਟਰ-66 ਵਿਖੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਹਲਕਾ ਕੋਆਰਡੀਨੇਟਰ ਅਤੇ ਸਟੇਟ ਐਵਾਰਡੀ ਫੂਲਰਾਜ ਸਿੰਘ, ਮਨਜੀਤ ਸਿੰਘ (ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ), ਗੋਪਾਲ ਸ਼ਰਮਾ (ਪ੍ਰਧਾਨ ਮੰਦਰ ਕਮੇਟੀ), ਅਰੁਣ ਗੋਇਲ (ਬਲਾਕ ਪ੍ਰਧਾਨ), ਸਾਬਕਾ ਕੌਂਸਲਰ ਰਜਨੀ ਗੋਇਲ, ਕ੍ਰਿਸ਼ਨ ਲਾਲ ਕਪੂਰ ਅਤੇ ਪਿਤੰਬਰ ਜੀ ਵੀ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਯੋਜਨਾ ਤਹਿਤ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਹਰ ਤੀਸਰੇ ਦਿਨ ਇੱਕ ਬੱਸ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਲਈ ਰਵਾਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੇ ਆਉਣ-ਜਾਣ, ਰਹਿਣ ਅਤੇ ਖਾਣ-ਪੀਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਉਠਾਇਆ ਜਾ ਰਿਹਾ ਹੈ ਅਤੇ ਯਾਤਰਾ ਦੌਰਾਨ ਇੱਕ ਗਾਈਡ ਅਤੇ ਇੱਕ ਮੈਡੀਕਲ ਅਫ਼ਸਰ ਵੀ ਹਮੇਸ਼ਾ ਨਾਲ ਹੁੰਦਾ ਹੈ।
ਉਨ੍ਹਾਂ ਨੇ ਇਸ ਯੋਜਨਾ ਦੀ ਸ਼ੁਰੂਆਤ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ।
ਵਿਧਾਇਕ ਨੇ ਕਿਹਾ ਕਿ ਤੀਰਥ ਯਾਤਰਾ ਸਿਰਫ ਧਾਰਮਿਕ ਯਾਤਰਾ ਹੀ ਨਹੀਂ, ਸਗੋਂ ਭਾਈਚਾਰਕ ਸਾਂਝ ਅਤੇ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਅਕਸਰ ਲੋਕ ਇਕ-ਦੂਜੇ ਨੂੰ ਪਹਿਲਾਂ ਨਹੀਂ ਜਾਣਦੇ, ਪਰ ਦੋ-ਤਿੰਨ ਦਿਨ ਇਕੱਠੇ ਰਹਿ ਕੇ ਪਰਿਵਾਰ ਵਾਂਗ ਵਾਪਸ ਪਰਤਦੇ ਹਨ, ਜਿਸ ਨਾਲ ਆਪਸੀ ਭਾਈਚਾਰਕ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਹਨ।
ਇਸ ਮੌਕੇ ਉਨ੍ਹਾਂ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਏ ਗਏ ਹਨ, ਤਾਂ ਜੋ ਲੋਕ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਪਾਰਟੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਵੀ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਵਿੱਚ ਰਿਪੋਰਟ ਤਿਆਰ ਕਰਕੇ ਸੰਬੰਧਿਤ ਵਿਭਾਗ ਨੂੰ ਸੌਂਪੀ ਜਾ ਰਹੀ ਹੈ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਨੂੰ ਹਰਿਆ-ਭਰਿਆ ਅਤੇ ਰੰਗਲਾ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।
Click to Follow Babushahi Facebook page →