ਮੁਕਤਸਰ ਪੁਲਿਸ ਨੇ ਗਣਤੰਤਰ ਦਿਵਸ ਦੇ ਮੱਦੇ ਨਜ਼ਰ ਸੁਰੱਖਿਆ ਅਤੇ ਰਾਤ ਦੀ ਚੈਕਿੰਗ ਵਧਾਈ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ 2026 :ਆਉਣ ਵਾਲੀ 26 ਜਨਵਰੀ (ਗਣਤੰਤਰ ਦਿਵਸ) ਦੇ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਬਰਕਰਾਰ ਰੱਖਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ, ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐੱਸ, ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਜ਼ਿਲ੍ਹੇ ਭਰ ਵਿੱਚ ਨਾਈਟ ਡੋਮੀਨੇਸ਼ਨ ਮੁਹਿੰਮ ਤਹਿਤ ਸਪੈਸ਼ਲ ਚੈਕਿੰਗ ਕੀਤੀ ਗਈ।ਇਸ ਮੁਹਿੰਮ ਵਿੱਚ ਬਚਨ ਸਿੰਘ ਡੀ.ਐਸ.ਪੀ (ਸ੍ਰੀ ਮੁਕਤਸਰ ਸਾਹਿਬ), ਸ਼੍ਰੀ ਹਰਜੀਤ ਸਿੰਘ ਡੀ.ਐਸ.ਪੀ(CAW & C), ਸ਼੍ਰੀ ਨਵੀਨਪਾਲ ਸਿੰਘ ਡੀ.ਐਸ.ਪੀ (ਮਲੋਟ), ਸ਼੍ਰੀ ਅਰੁਨ ਮੁੰਡਨ, ਡੀ.ਐਸ.ਪੀ (ਗਿੱਦੜਬਾਹਾ) ਅਤੇ ਸ਼੍ਰੀ ਹਰਬੰਸ ਸਿੰਘ ਡੀ.ਐਸ.ਪੀ. (ਲੰਬੀ) ਪੁਲਿਸ ਪਾਰਟੀਆਂ ਦੇ ਨਾਲ ਸ਼ਾਮਿਲ ਸਨ।
ਇਸ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਮੁਕਤਸਰ ਜ਼ਿਲ੍ਹੇ ਦੇ ਸੰਵੇਦਨਸ਼ੀਲ ਅਤੇ ਭੀੜਭਾੜ ਵਾਲੇ ਇਲਾਕਿਆਂ ਵਿੱਚ ਜਾਂਚ ਕੀਤੀ।ਪੀ.ਸੀ.ਆਰ ਮੋਟਰਸਾਈਕਲ ਟੀਮਾਂ ਵੱਲੋਂ ਲਗਾਤਾਰ ਗਸ਼ਤ ਅਤੇ ਫਲੈਗ ਮਾਰਚ ਕਰਕੇ ਇਲਾਕਿਆਂ ਵਿੱਚ ਪੁਲਿਸ ਦੀ ਮੌਜੂਦਗੀ ਯਕੀਨੀ ਬਣਾਈ ਗਈ।ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਯਾਤਰੀਆਂ ਦੇ ਬੈਗਾਂ ਦੀ ਸਕੈਨਿੰਗ, ਸ਼ੱਕੀ ਵਿਅਕਤੀਆਂ ਦੀ ਜਾਂਚ ਅਤੇ ਰਿਕਾਰਡ ਚੈੱਕ ਕੀਤੇ ਗਏ। ਜੀ.ਆਰ.ਪੀ ਪੁਲਿਸ ਟੀਮ ਨਾਲ ਮਿਲ ਕੇ ਆਉਣ-ਜਾਣ ਵਾਲੇ ਵਿਅਕਤੀਆਂ ਦੀ ਪਛਾਣ ਪੁਸ਼ਟੀ ਕੀਤੀ ਗਈ ਅਤੇ ਕਈ ਵਿਅਕਤੀਆਂ ਦੇ ਰਿਕਾਰਡ PAIS ਐਪ ਰਾਹੀਂ ਤੁਰੰਤ ਵੇਰੀਫਾਈ ਕੀਤੇ ਗਏ।
ਐਸਐਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ:
“26 ਜਨਵਰੀ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਾਈਟ ਡੋਮੀਨੇਸ਼ਨ ਮੁਹਿੰਮ ਹੇਠ ਲਗਾਤਾਰ ਅਤੇ ਵਧਾਈ ਗਈ ਚੈਕਿੰਗ ਕੀਤੀ ਜਾ ਰਹੀ ਹੈ। ਜਨਤਾ ਵਿੱਚ ਭਰੋਸਾ ਪੈਦਾ ਕਰਨਾ ਸਾਡਾ ਮੁੱਖ ਉਦੇਸ਼ ਹੈ ਅਤੇ ਕਿਸੇ ਵੀ ਸ਼ੱਕੀ ਜਾਂ ਗਲਤ ਤੱਤ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਆਪਣੇ ਇਲਾਕੇ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਜ਼ਰ ਆਏ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਸੰਪਰਕ ਨੰਬਰ
ਪੁਲਿਸ ਕੰਟਰੋਲ ਰੂਮ: 80549-42100
ਐਮਰਜੈਂਸੀ ਹੈਲਪਲਾਈਨ: 112