ਮਹਾਨ ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨਮਿੱਤ ਯਾਦ-ਸਮਾਗਮ 23 ਮਈ ਨੂੰ ਚੰਡੀਗੜ੍ਹ ਵਿਖੇ
ਗ਼ਦਰ ਲਹਿਰ ਅਤੇ ਇਨਕਲਾਬੀ ਇਤਿਹਾਸ ਦੇ ਮਹਾਨ ਦਸਤਾਵੇਜ਼ਕ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
ਮਾਨਵਤਾ ਭਲਾਈ ਲਈ 96 ਸਾਲ ਦੀ ਉਮਰ ਵਿੱਚ ਦੇਹਾਂਤ ਤੋਂ ਬਾਅਦ ਪੀ.ਜੀ.ਆਈ. ਨੂੰ ਦਾਨ ਕਰ ਦਿੱਤਾ ਸੀ ਸਰੀਰ
ਦੇਸ਼ ਭਗਤਾਂ ਦੇ ਪਰਿਵਾਰ, ਸਾਹਿਤਕਾਰ, ਬੁੱਧੀਜੀਵੀ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਹੋਣਗੇ ਸ਼ਾਮਲ
Babushahi Network
ਚੰਡੀਗੜ੍ਹ, 22 ਮਈ 2026- ਭਾਰਤ ਦੇ ਆਜ਼ਾਦੀ ਸੰਘਰਸ਼, ਖ਼ਾਸ ਕਰਕੇ ਗ਼ਦਰ ਲਹਿਰ ਅਤੇ ਇਨਕਲਾਬੀ ਇਤਿਹਾਸ ਦੇ ਅਣਮੁੱਲੇ ਦਸਤਾਵੇਜ਼ਾਂ ਨੂੰ ਸਾਂਭਣ ਵਾਲੇ ਮਹਾਨ ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ (ਸਾਬਕਾ ਪ੍ਰੋਫੈਸਰ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ) ਦੀ ਨਿੱਘੀ ਯਾਦ ਵਿੱਚ 23 ਮਈ 2026 ਨੂੰ ਪੀਪਲ ਕਨਵੈਨਸ਼ਨ ਹਾਲ (People Convention Hall), ਸੈਕਟਰ 36-ਬੀ, ਚੰਡੀਗੜ੍ਹ ਵਿਖੇ ਦੁਪਹਿਰੇ 3:30 ਵਜੇ ਇੱਕ ਵਿਸ਼ੇਸ਼ ਯਾਦ-ਸਮਾਗਮ ਕਰਵਾਇਆ ਜਾ ਰਿਹਾ ਹੈ।

ਇਹ ਸਮਾਗਮ ਦੇਸ਼ ਭਗਤ ਲਹਿਰਾਂ ਦੇ ਇਸ ਮਹਾਨ ਵਿਦਵਾਨ, ਉੱਘੇ ਸਿੱਖਿਆ ਸ਼ਾਸਤਰੀ ਅਤੇ ਮਾਰਗ ਦਰਸ਼ਕ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਲੀਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ 96 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਮਾਨਵਤਾ ਦੀ ਸੇਵਾ ਅਤੇ ਮੈਡੀਕਲ ਖੋਜਾਂ ਪ੍ਰਤੀ ਆਪਣੀ ਵਚਨਬੱਧਤਾ ਨਿਭਾਉਂਦੇ ਹੋਏ, ਉਨ੍ਹਾਂ ਨੇ ਆਪਣੀ ਅੰਤਿਮ ਇੱਛਾ ਮੁਤਾਬਕ ਆਪਣਾ ਮ੍ਰਿਤਕ ਸਰੀਰ ਪੀ.ਜੀ.ਆਈ. (PGI) ਚੰਡੀਗੜ੍ਹ ਨੂੰ ਦਾਨ ਕਰ ਦਿੱਤਾ ਸੀ।
ਪ੍ਰਬੰਧਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਯਾਦ-ਸਮਾਗਮ ਵਿੱਚ ਦੇਸ਼ ਭਗਤਾਂ ਦੇ ਪਰਿਵਾਰਕ ਮੈਂਬਰ, ਪ੍ਰਸਿੱਧ ਸਾਹਿਤਕਾਰ, ਇਤਿਹਾਸਕਾਰ, ਬੁੱਧੀਜੀਵੀ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ। ਇਸ ਦੌਰਾਨ ਪ੍ਰੋ. ਵੜੈਚ ਵੱਲੋਂ ਦੇਸ਼ ਦੇ ਸੁਤੰਤਰਤਾ ਸੰਗਰਾਮ ਅਤੇ ਸ਼ਹੀਦਾਂ ਦੇ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭਣ ਅਤੇ ਲਿਖਣ ਵਾਸਤੇ ਪਾਏ ਗਏ ਅਣਮੁੱਲੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸਾਹਿਤ, ਇਤਿਹਾਸ ਅਤੇ ਦੇਸ਼ ਭਗਤ ਪ੍ਰੇਮੀਆਂ ਨੂੰ ਇਸ ਯਾਦ-ਸਮਾਗਮ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
- Download Babushahi App
-
-