ਭਿਆਨਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ- ਇੱਕ ਗੰਭੀਰ ਜਖਮੀ
ਅਸ਼ੋਕ ਵਰਮਾ
ਤਲਵੰਡੀ ਸਾਬੋ, 23 ਨਵੰਬਰ 2026: ਅੱਜ ਬਾਅਦ ਦੁਪਹਿਰ ਤਲਵੰਡੀ ਸਾਬੋ ਨਗਰ ਦੇ ਮੌੜ ਰੋਡ ਤੇ ਵਾਪਰੇ ਭਿਆਨਕ ਸੜਕੀ ਹਾਦਸੇ ਚ ਇੱਕ ਕਾਰ ਅਤੇ ਮੋਟਸਾਈਕਲ ਦਰਮਿਆਨ ਟੱਕਰ ਹੋਣ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਅਤੇ ਇੱਕ ਦੇ ਅਤਿ ਗੰਭੀਰ ਜਖਮੀ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਮਾਨਸਾ ਜਿਲ੍ਹੇ ਦੇ ਪਿੰਡ ਧਿੰਗੜ ਦੇ ਇੱਕ ਨੌਜਵਾਨ ਨੂੰ ਪਿਛਲੇ ਦਿਨੀਂ ਸੱਪ ਨੇ ਕੱਟ ਲਿਆ ਸੀ ਅਤੇ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਉਸਨੂੰ ਹਥੌਲਾ (ਫਾਂਡਾ) ਪਵਾਉਣ ਲਈ ਉਸਦੇ ਦੋ ਸਾਥੀ ਹੀਰੋ ਹਾਂਡਾ ਮੋਟਰਸਾਈਕਲ ਨੰਬਰ ਪੀ.ਬੀ 31 ਐੱਲ 2776 ਤੇ ਲੈਕੇ ਆਏ ਸਨ।ਜਦੋਂ ਤਿੰਨੇ ਨੌਜਵਾਨ ਆਪਣੇ ਪਿੰਡ ਵੱਲ ਵਾਪਿਸ ਜਾ ਰਹੇ ਸਨ ਤਾਂ ਸਥਾਨਕ ਮੌੜ ਰੋਡ ਤੇ ਸਾਹਮਣਿਉਂ ਆ ਰਹੀ ਮਾਰੂਤੀ ਸਵਿਫਟ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਤੇ ਕਾਰ ਦੇ ਏਅਰਬੈਗ ਵੀ ਖੁੱਲ ਗਏ।ਹਾਦਸੇ ਚ ਜਖਮੀ ਮੋਟਰਸਾਈਕਲ ਸਵਾਰਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੋ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਇੱਕ ਨੂੰ ਗੰਭੀਰ ਜਖਮੀ ਹਾਲਤ ਚ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹਰਜੀਤ ਸਿੰਘ (24) ਅਤੇ ਚੰਨਪ੍ਰੀਤ ਸਿੰਘ (23) ਜਦੋਂਕਿ ਗੰਭੀਰ ਜਖਮੀ ਦੀ ਲਵਪ੍ਰੀਤ ਸਿੰਘ ਵਾਸੀਆਨ ਧਿੰਗੜ ਵਜੋਂ ਹੋਈ ਹੈ।ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰ ਮਨਪ੍ਰੀਤ ਸਿੰਘ ਉਰਫ ਮਨੀ ਦੇ ਦੱਸਣ ਮੁਤਾਬਿਕ ਮ੍ਰਿਤਕ ਨੌਜਵਾਨ ਦਿਹਾੜੀ ਮਜ਼ਦੂਰੀ ਕਰਦੇ ਸਨ ਜਦੋਂਕਿ ਜਖਮੀ ਨੌਜਵਾਨ ਨੇ ਪਿਛਲੇ ਦਿਨੀਂ ਹੀ ਪੰਜਾਬ ਪੁਲਿਸ ਭਰਤੀ ਦਾ ਪੇਪਰ ਪਾਸ ਕੀਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਕਾਰ ਸਵਾਰ ਨਸ਼ੇ ਵਿੱਚ ਧੁੱਤ ਸੀ ਤੇ ਉਸਦੀ ਗਲਤੀ ਕਾਰਣ ਦੋ ਨੌਜਵਾਨ ਮੌਤ ਦੇ ਮੂੰਹ ਜਾ ਪਏ ਤੇ ਇੱਕ ਜਿੰਦਗੀ ਮੌਤ ਦੀ ਲੜਾਈ ਲੜ ਰਿਹੈ।ਉਨਾਂ ਨੇ ਇਨਸਾਫ ਮੰਗਦਿਆਂ ਕਥਿਤ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਥਾਣਾ ਤਲਵੰਡੀ ਸਾਬੋ ਦੇ ਸਬ ਇੰਸਪੈਕਟਰ ਜਗਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ।ਉਨਾਂ ਮੰਨਿਆ ਕਿ ਸਰੀਰਕ ਹਾਲਤ ਤੋਂ ਕਾਰ ਚਾਲਕ ਜੋ ਪਿੰਡ ਸੀਂਗੋ ਦਾ ਰਹਿਣ ਵਾਲਾ ਹੈ ਉਹ ਨਸ਼ੇ ਦੇ ਪ੍ਰਭਾਵ ਚ ਜਾਪਿਆ ਪਰ ਅਸਲ ਸੱਚ ਡਾਕਟਰੀ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਤੇ ਬਣਦੀ ਕਾਰਵਾਈ ਹੋਵੇਗੀ।
- Download Babushahi App
-
-