ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਕੱਸੇ ਤੰਜ਼; ਬੋਲੇ- "ਮੇਰਾ ਕਿਸੇ ਫੈਕਟਰੀ ਜਾਂ ਸਮੋਸੇ ਦੀ ਰੇੜ੍ਹੀ 'ਚ ਹਿੱਸਾ ਨਹੀਂ"
Babushahi Network
ਲੁਧਿਆਣਾ, 20 ਮਾਰਚ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀਆਂ, ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ। ਆਪਣੇ ਖ਼ਾਸ ਅੰਦਾਜ਼ ਵਿੱਚ CM ਮਾਨ ਨੇ 'ਹਿੱਸਾ ਪੱਤੀ' ਦੀ ਰਾਜਨੀਤੀ ਅਤੇ ਸੁਖਬੀਰ ਬਾਦਲ ਦੇ ਹਾਲੀਆ ਬਿਆਨਾਂ 'ਤੇ ਚੁਟਕੀਆਂ ਲਈਆਂ।
ਸੂਬੇ ਵਿੱਚ ਆ ਰਹੀਆਂ ਨਵੀਆਂ ਫੈਕਟਰੀਆਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ, ਉਹ ਕਿਸੇ ਵੀ ਅਜਿਹੀ ਫੈਕਟਰੀ ਨੂੰ ਇਜਾਜ਼ਤ ਨਹੀਂ ਦੇਣਗੇ ਜੋ ਪੰਜਾਬ ਦੇ ਵਾਤਾਵਰਣ, ਧਰਤੀ ਹੇਠਲੇ ਪਾਣੀ ਜਾਂ ਮਿੱਟੀ ਨੂੰ ਨੁਕਸਾਨ ਪਹੁੰਚਾਉਂਦੀ ਹੋਵੇ। ਉਨ੍ਹਾਂ ਵਿਰੋਧੀਆਂ 'ਤੇ ਤੰਜ਼ ਕੱਸਦਿਆਂ ਕਿਹਾ, "ਮੇਰਾ ਕਿਸੇ ਹੋਟਲ, ਬੱਸ, ਢਾਬੇ ਜਾਂ ਸਮੋਸਿਆਂ ਦੀ ਰੇੜ੍ਹੀ ਵਿੱਚ ਕੋਈ ਹਿੱਸਾ ਨਹੀਂ ਹੈ। ਮੇਰਾ ਹਿੱਸਾ ਸਿਰਫ਼ 3 ਕਰੋੜ ਪੰਜਾਬੀਆਂ ਦੇ ਦੁੱਖਾਂ-ਸੁੱਖਾਂ ਵਿੱਚ ਹੈ।"
ਸੁਖਬੀਰ ਬਾਦਲ ਦੇ 'ਡਾਇਨਾਸੋਰ' ਅਤੇ 'ਵਾਰੀ' 'ਤੇ ਤੰਜ਼
ਸੁਖਬੀਰ ਬਾਦਲ ਵੱਲੋਂ ਅਕਸਰ ਕਹੇ ਜਾਣ ਵਾਲੇ ਸ਼ਬਦ "ਸਾਡੀ ਵਾਰੀ ਆਊਗੀ" 'ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਇਹ ਲੋਕ ਹੁਣ ਕਿਸੇ ਪਾਸੇ ਦੇ ਨਹੀਂ ਰਹੇ। ਉਨ੍ਹਾਂ ਸੁਖਬੀਰ ਬਾਦਲ ਦੇ ਡਾਇਨਾਸੋਰ ਵਾਲੇ ਵੀਡੀਓ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਉਹ ਤਾਂ ਬੰਦੇ ਖਾ ਜਾਣ ਵਾਲਾ ਜਾਨਵਰ ਹੈ ਅਤੇ ਇਹ ਲੋਕ ਖ਼ੁਦ ਹੀ ਦੱਸ ਰਹੇ ਹਨ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਉਨ੍ਹਾਂ ਕੋਲ ਹੁਣ ਜਾਨਵਰ ਵੀ ਹੈ।
ਧਰਮਰਾਜ ਦੀ 'ਝੂਠ ਵਾਲੀ ਘੰਟੀ' ਅਤੇ ਬਾਦਲ ਦਾ ਭਾਸ਼ਣ
ਮੁੱਖ ਮੰਤਰੀ ਨੇ ਇੱਕ ਮਜ਼ਾਕੀਆ ਕਿੱਸਾ ਸੁਣਾਉਂਦਿਆਂ ਅਕਾਲੀ ਦਲ ਦੇ ਪ੍ਰਧਾਨ 'ਤੇ ਵੱਡਾ ਹਮਲਾ ਕੀਤਾ। ਭਗਵੰਤ ਮਾਨ ਨੇ ਇੱਕ ਕਿੱਸੇ ਰਾਹੀਂ ਸੁਖਬੀਰ ਬਾਦਲ ਤੇ ਤੰਜ ਕੱਸਦਿਆਂ ਹੋਇਆ ਕਿਹਾ ਕਿ, "ਧਰਮਰਾਜ ਕੋਲ ਧਰਤੀ 'ਤੇ ਬੋਲੇ ਜਾਂਦੇ ਝੂਠ ਨੂੰ ਫੜਨ ਲਈ ਇੱਕ ਘੰਟੀ ਲੱਗੀ ਹੋਈ ਸੀ। ਜਦੋਂ ਕੋਈ ਜਰਮਨੀ ਜਾਂ ਅਮਰੀਕਾ 'ਚ ਝੂਠ ਬੋਲਦਾ ਸੀ ਤਾਂ ਘੰਟੀ ਇੱਕ ਵਾਰ ਵੱਜਦੀ ਸੀ। ਪਰ ਇੱਕ ਦਿਨ ਦੁਪਹਿਰ ਵੇਲੇ ਘੰਟੀ ਲਗਾਤਾਰ ਵੱਜਣੀ ਸ਼ੁਰੂ ਹੋ ਗਈ। ਜਦੋਂ ਰੂਹਾਂ ਨੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ, ਤਾਂ ਧਰਮਰਾਜ ਨੇ ਜਵਾਬ ਦਿੱਤਾ- 'ਡਰੋ ਨਾ, ਥੱਲੇ ਸੁਖਬੀਰ ਬਾਦਲ ਦਾ ਭਾਸ਼ਣ ਚੱਲ ਰਿਹਾ ਹੈ, 20 ਮਿੰਟ ਹੋਰ ਚੱਲੇਗਾ, ਜਰ ਲਓ!'"
ਭਗਵੰਤ ਮਾਨ ਨੇ ਅਖੀਰ ਵਿੱਚ ਕਿਹਾ ਕਿ ਇਹ ਲੋਕ (Sukhbir Badal) ਵਾਰੀਆਂ ਦੀਆਂ ਗੱਲਾਂ ਕਰਦੇ ਹਨ, ਪਰ ਹੁਣ ਵਾਰੀ ਪੰਜਾਬ ਦੇ ਲੋਕਾਂ ਦੀ ਹੈ। ਉਨ੍ਹਾਂ ਕਿਹਾ ਕਿ ਜੈਕਾਰੇ ਲਾਉਣ ਵਾਲੇ ਵੀ ਇਹ ਨਹੀਂ ਦੇਖਦੇ ਕਿ ਜਗ੍ਹਾ ਕਿਹੜੀ ਹੈ, ਬਸ ਜਿੱਥੇ ਆਗੂ ਸਾਹ ਲੈਂਦਾ ਹੈ, ਉੱਥੇ ਹੀ ਨਾਅਰੇ ਲਾ ਦਿੰਦੇ ਹਨ।
Click to Follow Babushahi Facebook page →