ਬੰਗਲਾ ਸਾਹਿਬ ਵਿਖੇ ਆਧੁਨਿਕ ਇੰਡੋਸਕੋਪੀ ਯੂਨਿਟ ਦੀ ਬਹੁਤ ਛੇਤੀ ਸ਼ੁਰੂਆਤ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 9 ਮਈ, 2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਇਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇਕ ਹੋਰ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਵਿੱਚ ਆਧੁਨਿਕ ਇੰਡੋਸਕੋਪੀ ਯੂਨਿਟ ਸਫਲਤਾਪੂਰਵਕ ਸਥਾਪਿਤ ਕਰ ਦਿੱਤਾ ਗਿਆ ਹੈ, ਜੋ ਬਹੁਤ ਜਲਦ ਸੰਗਤ ਦੀ ਸੇਵਾ ਵਿੱਚ ਸਮਰਪਿਤ ਕੀਤਾ ਜਾਵੇਗਾ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਨਵੀਂ ਸਹੂਲਤ ਉੱਚ ਤਕਨੀਕੀ ਮਿਆਰਾਂ ਨਾਲ ਲੈਸ ਹੈ ਅਤੇ ਇਸ ਰਾਹੀਂ ਮਰੀਜ਼ਾਂ ਨੂੰ ਪੇਟ ਸੰਬੰਧੀ ਬਿਮਾਰੀਆਂ ਦੀ ਤੁਰੰਤ ਅਤੇ ਸਹੀ ਜਾਂਚ ਮੁਹੱਈਆ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਮਰੀਜ਼ਾਂ ਨੂੰ ਰੰਗੀਨ ਰਿਪੋਰਟਾਂ (ਰੰਗਦਾਰ ਪ੍ਰਿੰਟਆਊਟ) ਵੀ ਪ੍ਰਾਪਤ ਹੋਣਗੀਆਂ, ਜੋ ਬਿਮਾਰੀ ਦੀ ਸਹੀ ਪਛਾਣ ਅਤੇ ਇਲਾਜ ਵਿੱਚ ਮਹੱਤਵਪੂਰਨ ਸਾਬਤ ਹੋਣਗੀਆਂ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਦੌਰ ਵਿੱਚ ਬਿਮਾਰੀਆਂ ਦੀ ਸ਼ੁਰੂਆਤੀ ਪੜਾਅ ਵਿੱਚ ਜਾਂਚ ਅਤੇ ਇਲਾਜ ਬਹੁਤ ਜ਼ਰੂਰੀ ਹੈ, ਕਿਉਂਕਿ ਸਮੇਂ ਸਿਰ ਇਲਾਜ ਨਾਲ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਿਹਤ ਪ੍ਰਤੀ ਸਚੇਤ ਰਹਿਣ ਅਤੇ ਸਮੇਂ-ਸਿਰ ਜਾਂਚ ਕਰਵਾਉਣ ਨੂੰ ਤਰਜੀਹ ਦੇਣ।
ਸਰਦਾਰ ਕਾਲਕਾ ਨੇ ਇਹ ਵੀ ਦੱਸਿਆ ਕਿ ਜਿੱਥੇ ਮਾਰਕੀਟ ਵਿੱਚ ਇੰਡੋਸਕੋਪੀ ਦੇ ਟੈਸਟ ਦੀ ਕੀਮਤ 5000 ਤੋਂ 15000 ਰੁਪਏ ਤੱਕ ਹੈ, ਉੱਥੇ ਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਵਿੱਚ ਇਹ ਸੇਵਾ ਸਿਰਫ਼ ਲਗਭਗ 1500 ਰੁਪਏ ਵਿੱਚ ਉਪਲਬਧ ਕਰਵਾਈ ਜਾਵੇਗੀ, ਤਾਂ ਜੋ ਹਰ ਵਰਗ ਦਾ ਮਰੀਜ਼ ਇਸਦਾ ਲਾਭ ਲੈ ਸਕੇ।
ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਉਦੇਸ਼ ਸੇਵਾ ਅਤੇ ਮਨੁੱਖਤਾ ਦੀ ਭਲਾਈ ਹੈ, ਅਤੇ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਰਾਹੀਂ ਗਰੀਬ ਅਤੇ ਜ਼ਰੂਰਤਮੰਦ ਵਰਗ ਨੂੰ ਵੱਡੀ ਰਾਹਤ ਮਿਲ ਰਹੀ ਹੈ।
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਸੇਵਾ ਬਾਰੇ ਵੱਧ ਤੋਂ ਵੱਧ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਜਾਵੇ, ਤਾਂ ਜੋ ਕੋਈ ਵੀ ਜ਼ਰੂਰਤਮੰਦ ਵਿਅਕਤੀ ਇਸ ਸਹੂਲਤ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਯਤਨ ਸੰਗਤ ਦੀ ਸਿਹਤ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਸਾਬਤ ਹੋਵੇਗਾ।
- Download Babushahi App
-
-