ਬਲਾਕ ਸੰਮਤੀ ਚੋਣਾਂ ਚ ਵੱਡੀ ਜਿੱਤ ਹਾਸਲ ਕਰਕੇ ਭਾਜਪਾ ਦਿਖਾਵੇਗੀ ਆਪਣਾ ਦਮ ਖਮ:-ਗੁਰਦਰਸ਼ਨ ਸਿੰਘ ਸੈਣੀ
ਕਿਹਾ, 2027 ਚ ਭਾਜਪਾ ਹੱਥ ਆਵੇਗੀ ਪੰਜਾਬ ਦੀ ਕਮਾਂਡ
ਡੇਰਾਬੱਸੀ/4 ਦਸੰਬਰ (2025) : ਭਾਰਤੀ ਜਨਤਾ ਪਾਰਟੀ ਹਲਕਾ ਡੇਰਾਬੱਸੀ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਵੱਡੇ ਫਰਕ ਨਾਲ ਜਿੱਤੇਗੀ ਕਿਉਂਕਿ ਭਾਜਪਾ ਦਾ ਪਿਛਲੀਆਂ ਚੋਣਾਂ ਸਮੇਂ ਚੰਗਾ ਪ੍ਰਦਰਸ਼ਨ ਰਿਹਾ ਹੈ। ਲੋਕ ਭਾਜਪਾ ਵਿਚ ਭਰੋਸਾ ਪ੍ਰਗਟਾਉਣ ਲੱਗੇ ਹਨ ਅਤੇ ਭਾਜਪਾ ਹੀ ਉਹਨ੍ਹਾਂ ਦੀ ਇਕਲੌਤੀ ਉਮੀਦ ਹੈ। ਇਹ ਵਿਚਾਰ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਤੇ ਸਮਾਜ ਸੇਵੀ ਸ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਅੱਜ ਉਮੀਦਵਾਰਾਂ ਦੇ ਬਲਾਕ ਸੰਮਤੀ ਚੋਣਾਂ ਲਈ ਨਾਮਜਦਗੀ ਪੱਤਰ ਜਮਾਂ ਕਰਨ ਸਮੇਂ ਪ੍ਰਗਟਾਏ ਗਏ।
ਉਹਨਾਂ ਕਿਹਾ ਕਿ ਭਾਜਪਾ ਨੇ ਜਿਵੇਂ ਪੂਰੇ ਦੇਸ਼ ਵਿਚ ਚੋਣਾਂ ਵਿਚ ਝੰਡਾ ਲਹਿਰਾਇਆ ਹੈ ਅਤੇ ਬਿਹਾਰ ਚੋਣਾਂ ਵੀ ਵੱਡੇ ਫਰਕ ਨਾਲ ਜਿੱਤੀਆਂ ਹਨ। ਉਸੇ ਤਰ੍ਹਾਂ ਭਾਜਪਾ ਜ਼ੋਰ ਸ਼ੋਰ ਨਾਲ ਮੈਦਾਨ ਵਿਚ ਕੁੱਦੇਗੀ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵੀ ਜਿੱਤੇਗੀ। ਪੰਜਾਬ ਦੀ ਜਨਤਾ ਸਮੇਂ ਸਮੇਂ 'ਤੇ ਪਹਿਲੀਆਂ ਸਰਕਾਰਾਂ ਨੂੰ ਦੇਖ ਚੁੱਕੀ ਹੈ ਅਤੇ ਮੌਜ਼ੁਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੀ ਹੈ। ਜਿਸ ਨੇ ਲਾਰਿਆਂ ਦੀ ਝੜੀ ਲਗਾਈ ਅਤੇ ਹੁਣ ਐਲਾਨ ਤੇ ਐਲਾਨ ਕਰਕੇ ਫੋਕਾ ਵਿਕਾਸ ਅਤੇ ਪੰਜਾਬ ਦੀ ਫੋਕੀ ਤਰੱਕੀ ਦਿਖਾਈ ਜਾ ਰਹੀ ਹੈ। ਉਹਨਾ ਕਿਹਾ ਕਿ ਬਲਾਕ ਸੰਮਤੀ ਦੀਆਂ ਚੋਣਾਂ ਭਾਜਪਾ ਆਪਣੇ ਨਿਸ਼ਾਨ ਤੇ ਲੜੇਗੀ ਅਤੇ ਕਿਸੇ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੋਵੇਗਾ ਅਤੇ ਵੱਡੀ ਜਿੱਤ ਹਾਸਲ ਕਰਕੇ ਭਾਜਪਾ ਆਪਣਾ ਦਮ ਖਮ ਦਿਖਾਵੇਗੀ।

ਸ੍ਰੀ ਸੈਣੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਹੱਥ ਪੰਜਾਬ ਦੀ ਕਮਾਂਡ ਵੀ ਆਉਣ ਵਾਲੀ ਹੈ। ਇਹਨਾਂ ਚੋਣਾਂ ਵਿਚ ਭਾਜਪਾ ਵਧੀਆ ਪ੍ਰਦਰਸ਼ਨ ਕਰਕੇ ਦੱਸੇਗੀ ਕਿ ਭਾਜਪਾ ਇੱਕਲਿਆਂ ਚੋਣ ਲੜਣ ਦਾ ਦਮ ਰੱਖਦੀ ਹੈ ਅਤੇ ਪੰਜਾਬ ਦੇ ਲੋਕਾਂ ਅੰਦਰ ਭਾਜਪਾ ਨੇ ਆਪਣਾ ਵੱਖਰਾ ਜਨ ਆਧਾਰ ਬਣਾ ਲਿਆ ਹੈ। ਉਹਨਾਂ ਨੇ ਕਿਹਾ ਕਿ ਸਾਰੇ ਅਹੁਦੇਦਾਰ ਤੇ ਲੀਡਰ ਇਕਜੁੱਟ ਹੋ ਕੇ ਚੋਣਾਂ ਚ ਸਹਿਯੋਗ ਦੇਣਗੇ ਅਤੇ ਜੋ ਵੀ ਉਮੀਦਵਾਰ ਚੋਣ ਲੜੇਗਾ ਉਸ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ ਤਾਂ ਜੋ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਸਕੇ। ਉਹਨਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਚੋਣਾਂ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ।ਪਿਛਲੀਆਂ ਪੰਚਾਇਤ ਚੋਣਾਂ ਦੌਰਾਨ ਮੌਜੂਦਾ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਦੁਹਰਾਇਆ ਨਾ ਜਾਵੇ।
ਉਨ੍ਹਾਂ ਸਪੱਸ਼ਟ ਤੌਰ ਤੇ ਕਿਹਾ ਕਿ ਜੇਕਰ ਚੋਣ ਪ੍ਰਕਿਰਿਆ ਵਿਚ ਕੋਈ ਬੇਨਿਯਮੀਆਂ ਹੋਈਆਂ ਤਾਂ ਭਾਜਪਾ ਇਸਦਾ ਸਖ਼ਤ ਵਿਰੋਧ ਕਰੇਗੀ ਅਤੇ ਸਖ਼ਤ ਕਾਰਵਾਈ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਇਹ ਜ਼ਰੂਰੀ ਹੈ ਕਿ ਚੋਣਾਂ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕਰਵਾਈਆਂ ਜਾਣ। ਇਸ ਮੌਕੇ ਸੰਜੀਵ ਖੰਨਾ, ਸੁਸ਼ੀਲ ਰਾਣਾ , ਮੁਕੇਸ਼ ਗਾਂਧੀ, ਅਨੁਜ ਅਗਰਵਾਲ, ਰਵਿੰਦਰ ਰਾਣਾ , ਦੇਵ ਰਾਣਾ ਮੰਡਲ ਪ੍ਰਧਾਨ , ਰਣਬੀਰ ਬਿੱਟੂ ਮੰਡਲ ਪ੍ਰਧਾਨ , ਰਾਜਪਾਲ ਰਾਣਾ, ਗੁਲਜ਼ਾਰ ਸਿੰਘ , ਸਤੀਸ਼ ਰਾਣਾ, ਕੁਸ਼ਲਪਾਲ, ਹਰਦੀਪ ਸਿੰਘ,ਸਾਰੇ ਉਮੀਦਵਾਰ ਅਤੇ ਹਲਕੇ ਵਿੱਚੋਂ ਭਾਜਪਾ ਆਗੂ ਤੇ ਵਰਕਰ ਮੌਜ਼ੂਦ ਸਨ।