ਪੱਤਰਕਾਰਾਂ ਖਿਲਾਫ਼ ਕਾਰਵਾਈ ਪੰਜਾਬ ਸਰਕਾਰ ਦਾ ਤਾਨਾਸ਼ਾਹੀ ਫੈਸਲਾ: ਰਣਜੀਤ ਕੌਰ
ਅਸ਼ੋਕ ਵਰਮਾ
ਗੋਨਿਆਣਾ, 3 ਜਨਵਰੀ 2026 : ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਅਤੇ ਸੋਸ਼ਲ ਮੀਡਿਆ ਕਾਰਕੁੰਨਾਂ ਖਿਲਾਫ਼ ਕੀਤੀ ਪੁਲਿਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਅੱਜ ਇੱਥੇ ਯੂਨੀਅਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਸੰਯੁਕਤ ਸਕੱਤਰ ਮਪਹਵ ਰਣਜੀਤ ਕੌਰ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਤਾਨਾਸ਼ਾਹੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਅਜ਼ਾਦੀ *ਤੇ ਹਮਲਾ ਕਰਕੇ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸੱਚ ਦਾ ਸਾਹਮਣਾ ਕਰਨ ਦੇ ਕਾਬਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦਾ ਅਧਿਕਾਰ ਹਰ ਇਨਸਾਨ ਦਾ ਬੁਨਿਆਦੀ ਹੱਕ ਹੈ, ਜਿਸ ਨੂੰ ਖੋਹਣਾ ਲੋਕਤੰਤਰ ਦੀ ਹੱਤਿਆ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਅਤੇ ਸੋਸ਼ਲ ਮੀਡਿਆ ਕਾਰਕੁੰਨਾਂ ਨੇ ਸਰਕਾਰ ਦਾ ਅਸਲ ਚਿਹਰਾ ਨੰਗਾ ਕਰਕੇ ਆਪਣਾ ਫ਼ਰਜ਼ ਨਿਭਾਇਆ ਸੀ ਤਾਂ ਕਿ ਲੋਕ ਸਰਕਾਰ ਦੀਆਂ ਆਪਹੁਦਰੀਆਂ ਬਾਰੇ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹਰ ਮਾਮਲੇ ਵਿੱਚ ਫੇਲ੍ਹ ਸਾਬਿਤ ਹੋਈ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤੇਗੀ।