ਪੰਜਾਬ ਸਰਕਾਰ ਦੀ ਸਿਰੇ ਦਾ ਮਾੜਾ ਪ੍ਰਬੰਧਨ, ਅੱਤ ਗਰਮੀ ਵਿਚ ਮੁਰੰਮਤ ਦੇ ਨਾਂਅ ਤੇ ਕੀਤੀ ਬਿਜਲੀ ਬੰਦੀ-ਸੁਨੀਲ ਜਾਖੜ
-ਬਿਜਲੀ ਨਿਗਮ ਵਿਚ ਨਿਯਮਿਤ ਚੇਅਰਮੈਨ ਨਹੀਂ, ਮੁੱਖ ਮੰਤਰੀ ਤੇ ਬਿਜਲੀ ਮੰਤਰੀ ਵਿਦੇਸ਼ੀ ਸੈਰ ਸਪਾਟੇ ਤੇ, ਪੰਜਾਬ ਦਾ ਨਹੀਂ ਕੋਈ ਵਾਲੀਵਾਰਸ
-ਲੋਕ ਤ੍ਰਸਦ, ਵਪਾਰ ਤੇ ਉਦਯੋਗ ਚੌਪਟ ਹੋ ਰਹੇ ਹਨ
-ਦਿਨ ਵੇਲੇ ਸਸਤੀ ਬਿਜਲੀ ਮਿਲਦੀ ਹੈ ਪਰ ਸਰਕਾਰ ਰਾਤ ਨੂੰ ਮਹਿੰਗੀ ਬਿਜਲੀ ਖਰੀਦ ਕੇ ਬਿਜਲੀ ਨਿਗਮ ਤੇ ਪਾ ਰਹੀ ਹੈ ਵਾਧੂ ਵਿੱਤੀ ਬੋਝ
*ਚੰਡੀਗੜ੍ਹ, 23 ਅਪ੍ਰੈਲ*
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿਚ ਬਿਜਲੀ ਢਾਂਚੇ ਦੀ ਮੁਰੰਮਤ ਦੇ ਨਾਂਅ ਤੇ ਅੱਤ ਗਰਮੀ ਦੇ ਸਮੇਂ ਵਿਚ ਸੂਬੇ ਦੀ ਆਪ ਸਰਕਾਰ ਵੱਲੋਂ ਕੀਤੀ ਬਿਜਲੀ ਬੰਦੀ ਨੂੰ ਹੱਦ ਦਰਜੇ ਦਾ ਕੁਪ੍ਰਬੰਧਨ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਬੋਰਡ ਦਾ ਨਿਯਮਤ ਚੇਅਰਮੈਨ ਨਹੀਂ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਬਿਜਲੀ ਮੰਤਰੀ ਪੰਜਾਬ ਨੂੰ ਲਾਵਾਰਿਸ ਛੱਡ ਨਿਵੇਸ਼ ਦੇ ਨਾਂਅ ਤੇ ਸੈਰ ਸਪਾਟੇ ਤੇ ਹਨ ਤੇ ਪੰਜਾਬ ਗਰਮੀ ਦੀ ਭੱਠੀ ਵਿਚ ਭੁੱਜਣ ਲਈ ਮਜਬੂਰ ਹੋ ਰਿਹਾ ਹੈ।
ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਭਾਜਪਾ ਪ੍ਰਧਾਨ ਨੇ ਲਿਖਿਆ ਹੈ "ਅੰਧੇਰ ਨਗਰੀ ਚੌਪਟ ਰਾਜਾ! ਹੁਣ ਜਦ ਗਰਮੀ ਦੀ ਰੁੱਤ ਆ ਗਈ ਤਾਂ ਬਿਜਲੀ ਢਾਂਚੇ ਦੀ ਮੁਰੰਮਤ ਦੇ ਨਾਂਅ ਤੇ ਸਾਰੇ ਪੰਜਾਬ ਦੀ ਬਿਜਲੀ ਬੰਦ ਕਰ ਦਿੱਤੀ। ਕੀ ਇਹ ਕੰਮ ਫਰਵਰੀ ਮਾਰਚ ਵਿਚ ਨਹੀਂ ਕੀਤਾ ਜਾ ਸਕਦਾ ਸੀ। ਪਰ ਜਦ ਬਿਜਲੀ ਨਿਗਮ ਦਾ ਨਿਯਮਤ ਚੇਅਰਮੈਨ ਹੀ ਨਹੀਂ ਤਾਂ ਫੈਸਲੇ ਕੌਣ ਕਰੇ। ਸੂਰਜੀ ਬਿਜਲੀ ਦੀ ਉਪਬਲੱਧਤਾ ਕਾਰਨ ਦਿਨ ਵੇਲੇ ਜਦੋਂ ਬਿਜਲੀ ਸਸਤੀ ਮਿਲਦੀ ਹੈ ਉਸ ਵੇਲੇ ਬਿਜਲੀ ਲੋਕਾਂ ਨੂੰ ਦਿੱਤੀ ਨਹੀਂ ਜਾ ਰਹੀ। ਆਮ ਜਨ ਜੀਵਨ ਤੋਂ ਲੈਕੇ ਵਪਾਰ, ਉਦਯੋਗ ਹਰ ਕੋਈ ਆਪ ਸਰਕਾਰ ਦੀ ਬਿਜਲੀ ਬੰਦੀ ਤੋਂ ਤੰਗ ਹੈ। ਮੁੱਖ ਮੰਤਰੀ ਵਿਦੇਸ਼ ਦੌਰੇ ਤੇ ਹਨ। ਕੀ ਭਗਵੰਤ ਸਿੰਘ ਮਾਨ ਜੀ ਇਹ ਹੈ ਤੁਹਾਡੀ ਆਪ ਪਾਰਟੀ ਦਾ ਸ਼ਾਸਣ ਦਾ ਮਾਡਲ।"
ਸੁਨੀਲ ਜਾਖੜ ਨੇ ਕਿਹਾ ਕਿ ਪਹਿਲਾਂ ਕਦੇ ਨਹੀਂ ਹੋਇਆ ਕਿ ਇਸ ਤਰਾਂ ਦੀ ਮੇਜਰ ਰਿਪੇਅਰ ਦੇ ਕੰਮ ਲਈ ਅੱਤ ਗਰਮੀ ਦੀ ਰੁੱਤ ਚੁਣੀ ਗਈ ਹੋਵੇ। ਉਨ੍ਹਾਂ ਨੇ ਕਿਹਾ ਕਿ ਬੋਰਡ ਦਾ ਚੇਅਰਮੈਨ ਇਕ ਟੈਕਨੋਕਰੇਟ ਹੋਣਾ ਚਾਹੀਦਾ ਹੈ ਜਿਸ ਨੂੰ ਵਿਸ਼ੇ ਦੀ ਸਮਝ ਹੋਵੇ ਪਰ ਸਰਕਾਰ ਨੇ ਆਪਣੇ ਚਹੇਤੇ ਆਈਏਐਸ ਨੂੰ ਚੇਅਰਮੈਨ ਲਗਾਇਆ ਹੋਇਆ ਹੈ ਜਿਸ ਕੋਲ ਹੋਰ ਕਈ ਚਾਰਜ ਹਨ ਅਤੇ ਉਹ ਪਟਿਆਲਾ ਨਿਗਮ ਦੇ ਦਫ਼ਤਰ ਆਉਂਦਾ ਵੀ ਨਹੀਂ। ਬਿਜਲੀ ਨਿਗਮ ਵਿਚ ਫੈਸਲੇ ਲੈਣ ਵਿਚ ਖੜੋਤ ਆ ਗਈ ਹੈ ਕਿਉਂਕਿ ਮੰਤਰੀ ਦੇ ਮਾਰਫ਼ਤ ਨਿਗਮ ਦੇ ਸਾਰਾ ਕੰਟਰੋਲ ਦਿੱਲੀ ਵਾਲਿਆਂ ਦਾ ਹੈ। ਇਸੇ ਕਾਰਨ ਇਸ ਮਾੜੇ ਪ੍ਰਬੰਧਨ ਦੀ ਸਜਾ ਪੰਜਾਬ ਦੇ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਜਦੋਂ ਦਿਨ ਵੇਲੇ ਸੂਰਜੀ ਬਿਜਲੀ ਦੀ ਉਪਲਬੱਧਤਾ ਕਾਰਨ ਗਰਿੱਡ ਤੋਂ ਪੰਜਾਬ ਨੂੰ ਸਸਤੀ ਬਿਜਲੀ ਮਿਲ ਸਕਦੀ ਹੁੰਦੀ ਹੈ ਉਸ ਵੇਲੇ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ। ਇਸਦਾ ਅਸਰ ਹਰ ਨਾਗਰਿਕ ਤੇ ਵਪਾਰ ਅਤੇ ਉਦਯੋਗ ਤੇ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦਿਨ ਵੇਲੇ ਬਿਜਲੀ ਔਸਤ 1.50 ਤੋਂ 2 ਰੁਪਏ ਪ੍ਰਤੀ ਯੁਨਿਟ ਮਿਲਦੀ ਹੈ ਜਦ ਕਿ ਰਾਤ ਸਮੇਂ ਨਿਗਮ ਨੂੰ ਉਹੀ ਬਿਜਲੀ 10 ਰੁਪਏ ਪ੍ਰਤੀ ਯੁਨਿਟ ਖਰੀਦ ਕਰਕੇ ਦੇਣੀ ਪੈਂਦੀ ਹੈ। ਹੁਣ ਜਦ ਦਿਨ ਵੇਲੇ ਬਿਜਲੀ ਬੰਦ ਹੈ ਤਾਂ ਉਦਯੋਗ ਆਦਿ ਨੂੰ ਰਾਤ ਨੂੰ ਚਲਾਉਣਾ ਹੀ ਪੈਂਦਾ ਹੈ ਤਾਂ ਇਸ ਨਾਲ ਨਿਗਮ ਤੇ ਵੀ ਵਾਧੂ ਬੋਝ ਪੈ ਰਿਹਾ ਹੈ ਤੇ ਉਦਯੋਗ ਵੀ ਪ੍ਰੇਸ਼ਾਨ ਹੈ। ਇਸੇ ਤਰਾਂ ਬਿਜਲੀ ਬੰਦ ਹੋਣ ਕਾਰਨ ਪੰਜਾਬ ਦੇ ਲੋਕਾਂ ਵੱਲੋਂ ਲਗਾਏ ਸੋਲਰ ਯੁਨਿਟ ਵੀ ਬਿਜਲੀ ਨਹੀਂ ਪੈਦਾ ਕਰ ਪਾਉਂਦੇ ਕਿਉਂਕਿ ਉਹ ਗਰਿੱਡ ਨਾਲ ਜੁੜੇ ਹਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਸਿਤਮ ਸਹਿ ਤਾਂ ਰਹੇ ਹਨ ਪਰ ਆਪਣੇ ਮਨ ਦੀ ਡਾਇਰੀ ਵਿਚ ਇਸ ਸਰਕਾਰ ਦੇ ਕਾਰਨਾਮੇ ਦਰਜ ਕਰ ਰਹੇ ਹਨ ਅਤੇ ਇਹ ਪਾਠ ਵੋਟਾਂ ਸਮੇਂ ਉਹ ਯਾਦ ਰੱਖਣਗੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਬਿਹਤਰ ਹੋਵੇ ਉਹ ਪੰਜਾਬ ਦੇ ਲੋਕਾਂ ਦਾ ਧਿਆਨ ਕਰਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੁੰ ਚਾਹੀਦਾ ਹੈ ਕਿ ਕਿਸੇ ਸੀਨਿਅਰ ਟੈਕਨੋਕਰੇਟ ਨੂੰ ਨਿਗਮ ਦਾ ਚੇਅਰਮੈਨ ਲਗਾਇਆ ਜਾਵੇ ਅਤੇ ਬਿਜਲੀ ਸਪਲਾਈ ਨਿਯਮਤ ਕੀਤੀ ਜਾਵੇ।
Click to Follow Babushahi Facebook page →