ਪੰਜਾਬ ਭਰ 'ਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਾੜੇ ਗਏ ਮੁੱਖ ਮੰਤਰੀ ਦੇ ਪੁਤਲੇ!
ਸਾਂਝੀ ਮੁਲਾਜ਼ਮ ਅਤੇ ਪੈਨਸ਼ਨਰ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਦੀ ਫੂਕੀ ਅਰਥੀ
ਚੰਡੀਗੜ੍ਹ, 28 ਅਗਸਤ 2026- ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਬਣਾਈ ਗਈ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਐਲਾਨ ਅਨੁਸਾਰ, ਬੀਤੇ ਕੱਲ 27 ਅਗਸਤ 2026 ਨੂੰ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਕੀਤੇ ਗਏ ਰੋਸ ਧਰਨੇ ਤੋਂ ਡਰੇ ਅਤੇ ਆਪਣੀ ਸਿਆਸਤ ਦੇ ਭੋਗ ਤੋਂ ਘਬਰਾਏ ਮੁੱਖ ਮੰਤਰੀ ਪੰਜਾਬ ਵੱਲੋਂ ਪਹਿਲਾਂ ਦਿੱਤੀ ਮੀਟਿੰਗ ਤੋਂ ਭਗੌੜੇ ਹੋਣ ਦੇ ਰੋਸ ਵਜੋਂ ਪੰਜਾਬ ਭਰ 'ਚ ਡੱਟ ਕੇ ਰੋਸ ਜ਼ਾਹਿਰ ਕਰਦਿਆਂ ਅਤੇ ਜ਼ੋਰਦਾਰ ਨਾਅਰੇ ਲਗਾਉਂਦਿਆਂ ਪੰਜਾਬ ਸਕੱਤਰੇਤ 'ਚ CM ਦੇ ਟਵੀਟ ਨੂੰ ਪਾੜ ਕੇ ਸੁੱਟਿਆ ਗਿਆ ਅਤੇ ਸੂਬੇ ਭਰ ਵਿੱਚ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ।

ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਆਗੂਆਂ ਨੇ ਕਿਹਾ ਕਿ, 7 ਅਗਸਤ ਦੀ ਚੰਡੀਗੜ੍ਹ ਰੈਲੀ ਵਿੱਚ ਐਲਾਨੇ ਗਏ ਸੰਘਰਸ਼ ਦੇ ਤਹਿਤ 27 ਅਗਸਤ ਨੂੰ ਪੰਜਾਬ ਭਰ ਦੇ ਸਾਰੇ ਹੀ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਕੰਮ ਬੰਦ ਕਰਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਗਿਆ ਅਤੇ ਨਤੀਜੇ ਵਜੋਂ ਮੁੱਖ ਮੰਤਰੀ ਪੰਜਾਬ ਵੱਲੋਂ ਬੌਖਲਾਹਟ ਵਿੱਚ ਇੱਕ ਦਿਨ ਪਹਿਲਾਂ ਦਿੱਤੀ ਗਈ ਮੀਟਿੰਗ ਨਹੀਂ ਕੀਤੀ ਗਈ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਮਸਲਿਆਂ ਤੋਂ ਭੱਜਣ ਵਿਰੁੱਧ ਅੱਜ ਪੰਜਾਬ ਸਕੱਤਰੇਤ ਸਣੇ ਸੂਬੇ ਭਰ ਵਿੱਚ ਜ਼ਿਲ੍ਹਾ ਕੇਂਦਰਾਂ ਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਸਾੜੇ ਗਏ।

ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਭੁਲਾ ਕੇ ਮੁਲਾਜ਼ਮ-ਪੈਨਸ਼ਨਰ ਵਿਰੋਧੀ ਨੀਤੀਆਂ ਪਹਿਲੀਆਂ ਸਰਕਾਰਾਂ ਨਾਲੋਂ ਵੀ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ, ਸਰਕਾਰ ਵਲੋਂ ਕਰਜ਼ਾ ਚੁੱਕ ਕੇ ਰੋਜ਼ਗਾਰ ਦੇਣ ਦੀ ਥਾਂ ਸਿਰਫ ਸੱਤਾ ਹਾਸਿਲ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਮੁਫਤਖੋਰੇ ਬਣਾਇਆ ਜਾ ਰਿਹਾ ਹੈ। ਮਾਨਯੋਗ ਉੱਚ ਅਦਾਲਤ ਵਲੋਂ ਜਾਰੀ ਕੀਤੇ ਮਹਿੰਗਾਈ ਭੱਤੇ ਸਬੰਧੀ ਹੁਕਮਾਂ ਨੂੰ ਵੀ ਟਿੱਚ ਸਮਝਿਆ ਜਾ ਰਿਹਾ ਹੈ।

ਆਗੂਆਂ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਬੁਲਾਰਿਆਂ ਨੇ ਕਿਹਾ ਕਿ ਇਹ ਸੰਘਰਸ਼ 18% ਮਹਿੰਗਾਈ ਭੱਤਾ ਜਾਰੀ ਕਰਾਉਣ, ਪੈਨਸ਼ਨਰਾਂ ਤੇ 2.59 ਗੁਣਾਂਕ ਲਾਗੂ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਾਉਣ ਅਤੇ ਮਾਣ ਭੱਤਾ/ ਇਨਸੈਂਟਿਵ ਮੁਲਾਜ਼ਮਾਂ ਤੇ ਘੱਟੋ-ਘੱਟ ਤਨਖਾਹ ਸਕੇਲ ਲਾਗੂ ਕਰਾਉਣ, ਪ੍ਰੋਬੇਸ਼ਨਲ ਪੀਰੀਅਡ ਪੂਰੀ ਤਨਖਾਹ ਸਮੇਤ ਇਕ ਸਾਲ ਕਰਵਾਉਣ, ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਵਾਉਣ, ਬੰਦ ਕੀਤੇ ਭੱਤੇ ਸੋਧ ਕੇ ਬਹਾਲ ਕਰਾਉਣ, ਅਤੇ 200 ਰੁਪਏ ਜਜ਼ੀਆ ਟੈਕਸ ਖਤਮ ਕਰਵਾਉਣ ਲਈ ਕੀਤਾ ਜਾ ਰਿਹਾ ਹੈ।
- Download Babushahi App
-
-