ਪੰਜਾਬ ਦੇ ਹਵਾਈ ਸਫ਼ਰ ਨੂੰ ਲੱਗਣਗੇ ਖੰਭ; PM ਮੋਦੀ ਵੱਲੋਂ ਹਲਵਾਰਾ ਟਰਮੀਨਲ ਦਾ ਉਦਘਾਟਨ, ਰਜਿੰਦਰ ਗੁਪਤਾ ਨੇ ਕੀਤਾ ਧੰਨਵਾਦ
Babushahi Network
ਲੁਧਿਆਣਾ/ਚੰਡੀਗੜ੍ਹ, 1 ਫਰਵਰੀ 2026: ਪੰਜਾਬ ਵਿੱਚ ਹਵਾਈ ਸੰਪਰਕ (Air Connectivity) ਦੇ ਖੇਤਰ ਵਿੱਚ ਅੱਜ ਇੱਕ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਨੂੰ ਦੋ ਵੱਡੇ ਤੋਹਫ਼ੇ ਦਿੱਤੇ ਗਏ। PM ਮੋਦੀ ਵੱਲੋਂ ਹਲਵਾਰਾ ਟਰਮੀਨਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਹੁਰਾਂ ਵੱਲੋਂ ਕੇਂਦਰ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਹੋਰ ਵੀ ਕਈ ਅਹੁਦੇਦਾਰ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਹਲਵਾਰਾ ਵਿਖੇ ਨਵਾਂ ਸਿਵਲ ਟਰਮੀਨਲ, ਜੋ ਮਾਲਵਾ ਖੇਤਰ ਦੀ ਆਰਥਿਕਤਾ ਨੂੰ ਨਵੀਂ ਰਫ਼ਤਾਰ ਦੇਵੇਗਾ। ਭਾਰਤੀ ਹਵਾਈ ਅੱਡਾ ਅਥਾਰਟੀ (AAI) ਅਤੇ ਪੰਜਾਬ ਸਰਕਾਰ ਦੇ ਸਾਂਝੇ ਸਹਿਯੋਗ ਨਾਲ ਇਹ ਪ੍ਰੋਜੈਕਟ ₹54.67 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਇਆ ਹੈ। 2,000 ਵਰਗ ਮੀਟਰ ਵਿੱਚ ਫੈਲਿਆ ਇਹ ਟਰਮੀਨਲ ਇੱਕ ਸਮੇਂ ਵਿੱਚ 300 ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ। ਇਹ ਹਵਾਈ ਅੱਡਾ ਹਰ ਸਾਲ 2 ਲੱਖ ਯਾਤਰੀਆਂ ਨੂੰ ਸੇਵਾਵਾਂ ਦੇਣ ਦੇ ਸਮਰੱਥ ਹੈ, ਜਿਸ ਨਾਲ ਉਦਯੋਗ, ਸਿਹਤ ਅਤੇ ਸਿੱਖਿਆ ਖੇਤਰ ਨੂੰ ਵੱਡਾ ਲਾਭ ਹੋਵੇਗਾ।
ਆਦਮਪੁਰ ਹਵਾਈ ਅੱਡੇ ਦਾ ਇਤਿਹਾਸਕ ਨਾਮਕਰਨ
ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਕੇਂਦਰ ਸਰਕਾਰ ਨੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦਾ ਨਾਂ ਬਦਲ ਕੇ 'ਸ਼੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ, ਆਦਮਪੁਰ' ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੱਜ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਲਈ ਲਗਾਤਾਰ ਯਤਨਸ਼ੀਲ ਰਹੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੂੰ ਕੇਂਦਰੀ ਮੰਤਰੀ ਵੱਲੋਂ ਇਸ ਇਤਿਹਾਸਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ।