ਪੰਜਾਬ ਦੇ ਵਿਮੁਕਤ ਕਬੀਲਿਆਂ ਨੂੰ ਐੱਸ.ਟੀ. ਦਾ ਦਰਜਾ ਦੇਵੇ 'ਆਪ' ਸਰਕਾਰ: ਬੂਟਾ ਰਾਮ ਧਨੌਲਾ
-ਬਲਦੇਵ ਸਿੰਘ ਤਪਾ ਬਣੇ ਜ਼ਿਲ੍ਹਾ ਬਰਨਾਲਾ ਤੇ ਸੰਜੀਵ ਲਾਲਕਾ ਜ਼ਿਲ੍ਹਾ ਸੰਗਰੂਰ ਪ੍ਰਧਾਨ
ਅਸ਼ੋਕ ਵਰਮਾ
ਬਰਨਾਲਾ, 22ਜੂਨ 2026 :ਪੰਜਾਬ ਵਿਮੁਕਤ ਕਬੀਲੇ ਐਸੋਸੀਏਸ਼ਨ ਪੰਜਾਬ ਦੇ ਸੂਬਾ ਕਨਵੀਨਰ ਬੂਟਾ ਰਾਮ ਧਨੌਲਾ ਦੀ ਅਗਵਾਈ ਹੇਠ ਤਰਕਸ਼ੀਲ ਭਵਨ ਵਿਖੇ ਇੱਕ ਅਹਿਮ ਮੀਟਿੰਗ ਹੋਈ । ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਬੂਟਾ ਰਾਮ ਨੇ ਕਿਹਾ ਕਿ ਪੰਜਾਬ 'ਚ ਵਸਦੇ ਵਿਮੁਕਤ ਕਬੀਲੇ ਲੰਮੇ ਸਮੇਂ ਤੋਂ ਆਪਣੀ ਸੰਵਿਧਾਨਕ ਪਹਿਚਾਣ ਤੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰਾਂ ਲਗਾਤਾਰ ਬੇਰੁਖੀ ਦਿਖਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਧਿਕਾਰਤ ਤੌਰ 'ਤੇ ਕਰਵਾਈ 'ਏਥਨੋਗ੍ਰਾਫੀ ਸਟੱਡੀ' (Ethnographic Study) ਅਨੁਸਾਰ ਬਾਜ਼ੀਗਰ, ਸਾਂਸੀ,ਬੌਰੀਆ, ਬੰਗਾਲੀ, ਬਰੜ, ਗੰਧੀਲਾ ਤੇ ਨਟ ਆਦਿ ਬਰਾਦਰੀਆਂ ਦੇ ਅਨੁਸੂਚਿਤ ਜਨਜਾਤੀ (ਕਬੀਲਾਈ)ਲੱਛਣ ਹਨ ਜਿਸ ਸਬੰਧੀ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਗਠਿਤ ਕੀਤੇ ਗਏ ਕੌਮੀ 'ਰੇਣਕੇ' ਅਤੇ 'ਇਦਾਤੇ' ਕਮਿਸ਼ਨ ਦੀਆਂ ਰਿਪੋਰਟਾਂ ਨੇ ਪ੍ਰਮਾਣਿਤ ਕੀਤਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਖੋਜਾਂ ਅਤੇ ਸਿਫ਼ਾਰਸ਼ਾਂ ਨੂੰ ਪੰਜਾਬ ਸਰਕਾਰ ਸੂਬੇ ਅੰਦਰ ਫੌਰੀ ਲਾਗੂ ਕਰੇ ਤਾਂ ਕਿ ਇਨ੍ਹਾਂ ਕਬੀਲਿਆਂ ਦੇ ਮੁੜ-ਵਸੇਬੇ ਤੇ ਵਿਕਾਸ ਲਈ ਵਿਸ਼ੇਸ਼ ਬਜਟ ਜਾਰੀ ਹੋ ਸਕੇ।
ਸ੍ਰੀ ਧਨੌਲਾ ਨੇ ਕਿਹਾ ਕਿ ਬ੍ਰਿਟਿਸ਼ ਹਕੂਮਤ ਦੌਰਾਨ ਇਨ੍ਹਾਂ ਕਬੀਲਿਆਂ ਨੂੰ ਬਦਨਾਮ 'ਕ੍ਰਿਮੀਨਲ ਟ੍ਰਾਈਬਜ਼ ਐਕਟ, 1871' ਤਹਿਤ ਜਨਮਜਾਤ ਅਪਰਾਧੀ ਐਲਾਨ ਕੇ ਅਸਹਿ ਜ਼ੁਲਮ ਕੀਤੇ ਗਏ ਸਨ। ਪਰ ਆਜ਼ਾਦੀ ਤੋਂ ਬਾਅਦ ਵੀ ਸਮਾਜਿਕ, ਆਰਥਿਕ ਅਤੇ ਵਿਦਿਅਕ ਅਤਿ ਪੱਛੜੇਵੇਂ ਕਾਰਨ ਇਨ੍ਹਾਂ ਦੀ ਹਾਲਤ ਅੱਜ ਵੀ ਚਿੰਤਾਜਨਕ ਹੈ। ਕਿਹਾ ਕਿ ਇਨ੍ਹਾਂ ਵਿਮੁਕਤ ਕਬੀਲਿਆਂ ਨੂੰ ਤੁਰੰਤ ਅਨੁਸੂਚਿਤ ਜਨਜਾਤੀ (ST) ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਇਨ੍ਹਾਂ ਭਾਈਚਾਰਿਆਂ ਨੂੰ ਆਪਣੇ ਹੱਕਾਂ ਲਈ ਇੱਕਜੁੱਟ ਹੋ ਕੇ ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਹੋਈ ਚੋਣ ਦੌਰਾਨ ਬਲਦੇਵ ਸਿੰਘ ਤਪਾ ਜ਼ਿਲ੍ਹਾ ਬਰਨਾਲਾ ਪ੍ਰਧਾਨ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੰਜੀਵ ਲਾਲਕਾ ਭਵਾਨੀਗੜ੍ਹ, ਬਲਾਕ ਸ਼ਹਿਣਾ ਦੇ ਪ੍ਰਧਾਨ ਸੁਰਜੀਤ ਸਿੰਘ ਭਗਤਪੁਰਾ, ਬਲਾਕ ਬਰਨਾਲਾ ਪ੍ਰਧਾਨ ਦੁੱਲਾ ਪੂਰੀ ਬਰਨਾਲਾ, ਬਲਾਕ ਮਹਿਲ ਕਲਾਂ ਪ੍ਰਧਾਨ ਧਿਆਨ ਚੰਦ ਟੱਲੇਵਾਲ ਆਦਿ ਚੁਣੇ ਗਏ । ਇਸ ਮੌਕੇ ਸੇਵਕ ਸਿੰਘ ਖਜ਼ਾਨਚੀ, ਜਗਤਾਰ ਸਿੰਘ ਬਡਬਰ ਮੀਤ ਪ੍ਰਧਾਨ, ਨਰੈਣ ਰਾਮ ਤਪਾ, ਮੋਹਨ ਰਾਮ, ਅਮਰਦਾਸ ਹੰਡਿਆਇਆ, ਤਰਸੇਮ ਰਾਮ, ਆਸਾ ਪੁਰੀ, ਰੋਲੂ ਪੁਰੀ, ਬਿੰਦਰ ਰਾਮ ਅਤੇ ਸੁਖਦੇਵ ਰਾਮ ਆਦਿ ਆਗੂ ਵੀ ਹਾਜ਼ਰ ਸਨ।
- Download Babushahi App
-
-